ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਗ੍ਰਿਫਤਾਰ

01/08/2020 10:53:07 PM

ਬਠਿੰਡਾ, (ਪਰਮਿੰਦਰ)- ਸੀ. ਆਈ. ਏ. ਸਟਾਫ-2 ਦੀ ਟੀਮ ਨੇ ਬੀਤੇ ਦਿਨੀਂ ਪਿੰਡ ਅਲੀਕੇ-ਧਿੰਗਡ਼ ਰੋਡ ’ਤੇ 2 ਲੋਕਾਂ ਤੋਂ ਕਰੀਬ 98 ਹਜ਼ਾਰ ਰੁਪਏ ਲੁੱਟ-ਖੋਹ ਕਰ ਕੇ ਫਰਾਰ ਹੋਣ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ. ਪੀ. (ਡੀ.) ਗੁਰਬਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਬੀਤੇ 4 ਜਨਵਰੀ ਨੂੰ ਆਲੀਕੇ-ਧਿੰਗਡ਼ ਰੋਡ ’ਤੇ ਰਾਤ ਕਰੀਬ 8 ਵਜੇ ਸੇਵਕ ਸਿੰਘ ਬੁਲਾਢੇਵਾਲਾ ਅਤੇ ਦਰਸ਼ਨ ਸਿੰਘ ਕੈਲੇਵਾਂਦਰ ਤੋਂ ਚਾਰ ਲੁਟੇਰੇ ਕਰੀਬ 98 ਹਜ਼ਾਰ ਰੁਪਏ ਲੁੱਟ ਕੇ ਆਪਣੀ ਕਾਰ ’ਚ ਫਰਾਰ ਹੋ ਗਏ ਸੀ।

ਮਾਮਲੇ ਦੀ ਜਾਂਚ ਸੀ. ਆਈ. ਏ. ਸਟਾਫ-2 ਨੂੰ ਸੌਂਪੀ ਗਈ, ਜਿਸ ਤੋਂ ਬਾਅਦ ਪੁਲਸ ਨੇ ਸੀ. ਆਈ. ਏ. ਪ੍ਰਮੁੱਖ ਤਰਜਿੰਦਰ ਸਿੰਘ ਦੀ ਅਗਵਾਈ ’ਚ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਸ ਵਿਚ ਪੁਲਸ ਨੇ ਮੁਲਜ਼ਮਾਂ ਸੁਨੀਲ ਵਾਸੀ ਧਰਮਪੁਰਾ (ਹਰਿਆਣਾ), ਵਿਜੇ ਕੁਮਾਰ ਵਾਸੀ ਬਠਿੰਡਾ, ਬਿੰਦਰ ਸਿੰਘ ਵਾਸੀ ਭੀਖੀ ਅਤੇ ਸੰਤੋਸ਼ ਕੁਮਾਰ ਤੋਸ਼ ਵਾਸੀ ਬਰਨਾਲਾ ਨੂੰ ਨਾਮਜ਼ਦ ਕੀਤਾ। ਬਾਅਦ ਵਿਚ ਏ. ਐੱਸ. ਆਈ. ਹਰਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਨੇ ਨਾਕਾਬੰਦੀ ਕਰ ਕੇ ਉਕਤ ਮੁਲਜ਼ਮਾਂ ਨੂੰ ਪਿੰਡ ਆਲੀਕੇ ਨਜ਼ਦੀਕ ਹੀ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੁਲਜ਼ਮਾਂ ਤੋਂ ਲੁੱਟੀ ਗਈ ਰਾਸ਼ੀ ’ਚੋਂ 97 ਹਜ਼ਾਰ ਰੁਪਏ ਤੋਂ ਇਲਾਵਾ ਇਕ ਕਾਰ ਅਤੇ ਇਕ ਲੋਹੇ ਦੀ ਰਾਡ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸ ਵਿਚ ਹੋਰ ਵੀ ਵਾਰਦਾਤਾਂ ਦੇ ਖੁਲਾਸੇ ਹੋ ਸਕਦੇ ਹਨ।


Bharat Thapa

Content Editor

Related News