ਵਿਆਹ ਕਰਵਾ ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਹੜੱਪੇ 35.10 ਲੱਖ

06/17/2019 1:38:18 AM

ਮੋਗਾ, (ਆਜ਼ਾਦ)- ਪਿੰਡ ਪੰਜਗਰਾਈਂ ਕਲਾਂ ਨਿਵਾਸੀ ਨਿਊਜ਼ੀਲੈਂਡ ਰਹਿੰਦੀ ਕੁਲਵਿੰਦਰ ਕੌਰ ਦੇ ਇਲਾਵਾ ਉਸ ਦੀ ਮਾਤਾ ਜਸਪਾਲ ਕੌਰ ਅਤੇ ਚਾਚਾ ਜਗਤਾਰ ਸਿੰਘ ਅਤੇ ਕੁੱਝ ਹੋਰਾਂ ਵੱਲੋਂ ਸੰਦੀਪ ਸਿੰਘ ਨਿਵਾਸੀ ਪਿੰਡ ਰਾਜੇਆਣਾ ਨੂੰ ਵਿਆਹ ਕਰਵਾ ਕੇ ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ 35 ਲੱਖ 10 ਹਜ਼ਾਰ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਸੰਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਨਿਵਾਸੀ ਪਿੰਡ ਰਾਜੇਆਣਾ ਨੇ ਕਿਹਾ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ। ਉਸ ਦੇ ਪਿਤਾ ਦੀ ਪਛਾਣ ਜਰਨੈਲ ਸਿੰਘ ਨਿਵਾਸੀ ਪਿੰਡ ਪੰਜਗਰਾਈਂ ਕਲਾਂ ਨਾਲ ਹੋਈ ਸੀ, ਜਿਸ ਨੇ ਉਸ ਨੂੰ ਦੱਸਿਆ ਕਿ ਸਾਡੇ ਪਿੰਡ ਦੇ ਜਗਰੂਪ ਸਿੰਘ ਦੀ ਬੇਟੀ ਕੁਲਵਿੰਦਰ ਕੌਰ ਨੇ ਆਈਲੈੱਟਸ ਕੀਤੀ ਹੈ, ਜੇਕਰ ਤੁਸੀਂ ਆਪਣੇ ਬੇਟੇ ਸੰਦੀਪ ਸਿੰਘ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹਾਂ ਤਾਂ ਅਸੀਂ ਉਸ ਨਾਲ ਤੁਹਾਡੇ ਬੇਟੇ ਦਾ ਵਿਆਹ ਕਰਵਾ ਦੇਵਾਂਗੇ। ਉਸ ਨੇ ਸਾਡੀ ਮੁਲਾਕਾਤ ਕੁਲਵਿੰਦਰ ਕੌਰ ਅਤੇ ਉਸ ਦੀ ਮਾਤਾ ਜਸਪਾਲ ਕੌਰ, ਉਸ ਦੇ ਭਰਾ ਅਰਸ਼ਦੀਪ ਸਿੰਘ ਨਾਲ ਵੀ ਕਰਵਾ ਦਿੱਤੀ, ਜੋ ਉਸ ਦੇ ਚਾਚਾ ਜਗਤਾਰ ਸਿੰਘ ਦੇ ਰਾਹੀਂ ਹੋਈ। ਉਨ੍ਹਾਂ ਕਿਹਾ ਕਿ ਸਾਡੀ ਬੇਟੀ ਦੇ ਆਈਲੈੱਟਸ ’ਚ ਚੰਗੇ ਨੰਬਰ ਆਏ ਹੋਏ ਹਨ ਅਤੇ ਅਸੀਂ ਉਸ ਦਾ ਵਿਆਹ ਸੰਦੀਪ ਸਿੰਘ ਨਾਲ ਕਰਵਾ ਕੇ ਉਸ ਨੂੰ ਪੱਕੇ ਤੌਰ ’ਤੇ ਵਿਦੇਸ਼ ਭੇਜ ਦੇਵਾਂਗੇ, ਜਿਸ ’ਤੇ ਦੋਵਾਂ ਧਿਰਾਂ ਵਿਚ ਸਹਿਮਤੀ ਹੋ ਗਈ ਅਤੇ ਕੁਲਵਿੰਦਰ ਕੌਰ ਦੀ ਫਾਈਲ ਟਰੈਵਲ ਏਜੰਟ ਰਾਹੀਂ ਨਿਊਜ਼ੀਲੈਂਡ ਜਾਣ ਲਈ ਲਾ ਦਿੱਤੀ ਗਈ ਅਤੇ ਉਸ ਨੂੰ ਅਗਸਤ 2015 ਨੂੰ ਇਕ ਸਾਲ ਦਾ ਸਟੂਡੈਂਟ ਵੀਜ਼ਾ ਮਿਲ ਗਿਆ, ਜਿਸ ’ਤੇ ਮੈਂ ਅੱਠ ਲੱਖ ਰੁਪਏ ਭਾਰਤੀ ਕਰੰਸੀ ਦੇ ਅਨੁਸਾਰ ਉਸ ਦੀ ਕਾਲਜ ਫੀਸ ਭਰੀ ਅਤੇ ਦੋ ਲੱਖ ਰੁਪਏ ਬੈਂਕ ਵਿਚ ਵੀ ਜਮ੍ਹਾ ਕਰਵਾਏ ਅਤੇ ਟਿਕਟ ਦਾ ਖਰਚਾ ਵੀ ਮੈਂ ਭਰਿਆ, ਕੁਲਵਿੰਦਰ ਕੌਰ ਨੇ ਸਤੰਬਰ ਵਿਚ ਜਾ ਕੇ ਨਿਊਜ਼ੀਲੈਂਡ ਦੇ ਨਾਰਥਟੈਂਕ ਕਾਲਜ ਸਿਟੀ ਆਕਲੈਂਡ ਕੋਰਸ ਜੁਆਇਨ ਕਰ ਲਿਆ ਅਤੇ ਦਸੰਬਰ ਮਹੀਨੇ ਵਿਚ ਉਹ ਇੰਡੀਆ ਵਾਪਸ ਆ ਗਈ ਅਤੇ ਸਾਡਾ 13 ਦਸੰਬਰ, 2015 ਨੂੰ ਦੇਵ ਹੈਵਨ ਰਿਜ਼ੋਰਟਸ ਬਰਗਾਡ਼ੀ ਰੋਡ ਕੋਟਕਪੂਰਾ ’ਚ ਧਾਰਮਕ ਰੀਤੀ-ਰਿਵਾਜਾਂ ਮੁਤਾਬਕ ਵਿਆਹ ਹੋ ਗਿਆ। ਇਸ ਦੇ ਬਾਅਦ ਮੇਰੀ ਪਤਨੀ ਵਾਪਸ ਨਿਊਜ਼ੀਲੈਂਡ ਚਲੀ ਗਈ ਅਤੇ ਉਸ ਦੇ ਆਉਣ-ਜਾਣ ਦਾ ਸਾਰਾ ਖਰਚਾ ਮੈਂ ਹੀ ਕੀਤਾ। ਮੈਨੂੰ ਮੇਰੀ ਪਤਨੀ ਨੇ ਵਿਜ਼ਿਟਰ ਵੀਜ਼ੇ ’ਤੇ ਨਿਊਜ਼ੀਲੈਂਡ ਬੁਲਾ ਲਿਆ। ਮੈਂ ਅਗਸਤ 2016 ਵਿਚ ਆਪਣੀ ਪਤਨੀ ਦੀ ਅਗਲੀ ਫੀਸ ਚਾਰ ਲੱਖ ਰੁਪਏ ਵੀ ਭਰ ਦਿੱਤੀ। ਇਸ ਦੇ ਬਾਅਦ ਮੇਰੀ ਪਤਨੀ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਮੇਰੇ ਤੋਂ ਦੂਰੀ ਬਣਾ ਲਈ ਅਤੇ ਉਸ ਨੇ ਉਸ ਨਾਲ ਮਠਿਆਈ ਵਾਲੇ ਰੈਸਟੋਰੈਂਟ ’ਚ ਕੰਮ ਕਰਦੇ ਲਡ਼ਕੇ ਗਗਨ ਸੈਣੀ ਨਾਲ ਸੰਪਰਕ ਬਣਾ ਲਿਆ। ਮੈਨੂੰ ਮੇਰੇ ਦੋਸਤ ਨੇ ਇਸ ਦੀ ਜਾਣਕਾਰੀ ਦਸੰਬਰ 2018 ਨੂੰ ਦਿੱਤੀ ਕਿ ਤੇਰੀ ਪਤਨੀ ਕੁਲਵਿੰਦਰ ਕੌਰ ਨੂੰ ਗਗਨ ਸੈਣੀ ਆਪਣੇ ਨਾਲ ਲੈ ਗਿਆ ਹੈ, ਜਦ ਮੈਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੇਰੀ ਪਤਨੀ ਨੇ ਸਾਡੇ ਜੁਆਇੰਟ ਖਾਤੇ ’ਚੋਂ 20 ਹਜ਼ਾਰ ਡਾਲਰ (10 ਲੱਖ ਰੁਪਏ ਭਾਰਤੀ ਕਰੰਸੀ) ਕਢਵਾ ਲਈ ਅਤੇ ਘਰੋਂ ਜਾਂਦੇ ਸਮੇਂ ਅਸੀਂ ਜੋ ਵਿਆਹ ਸਮੇਂ 12 ਤੋਲੇ ਸੋਨੇ ਦੇ ਗਹਿਣੇ ਦਿੱਤੇ ਸਨ, ਦੇ ਇਲਾਵਾ ਹੋਰ ਸਾਮਾਨ ਵੀ ਆਪਣੇ ਨਾਲ ਲੈ ਗਈ ਅਤੇ ਉਸ ਨੇ ਮੇਰੇ ਖਿਲਾਫ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਕਿ ਉਸ ਦਾ ਪਤੀ ਉਸ ਨਾਲ ਕੁੱਟ-ਮਾਰ ਕਰਦਾ ਹੈ। ਪੁਲਸ ਨੇ ਮੈਨੂੰ ਜਾਂਚ ਲਈ ਬੁਲਾਇਆ ਅਤੇ ਨਿਰਦੋਸ਼ ਕਰਾਰ ਦੇ ਦਿੱਤਾ, ਜਿਸ ਕਾਰਨ ਮੈਂ ਪ੍ਰੇਸ਼ਾਨ ਰਹਿਣ ਲੱਗਾ ਅਤੇ 23 ਦਸੰਬਰ, 2018 ਨੂੰ ਵਾਪਸ ਪੰਜਾਬ ਆ ਗਿਆ, ਜਦ ਮੈਂ ਆ ਕੇ ਪੰਚਾਇਤ ਰਾਹੀਂ ਆਪਣੀ ਪਤਨੀ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਅਤੇ ਪੰਜਗਰਾਈਂ ਵਿਚ ਪੰਚਾਇਤ ਇਕੱਠੀ ਕੀਤੀ ਤਾਂ ਮੇਰੀ ਪਤਨੀ ਦੇ ਚਾਚਾ ਜਗਤਾਰ ਸਿੰਘ ਨੇ ਕਿਹਾ ਕਿ ਤੇਰੇ ਕੋਲ ਵਰਕ ਪਰਮਿਟ ਦਾ ਵੀਜ਼ਾ ਹੈ, ਤੂੰ ਵਾਪਸ ਚਲਾ ਜਾ, ਸਭ ਠੀਕ ਹੋ ਜਾਵੇਗਾ। ਜਦ ਮੈਂ 7 ਮਾਰਚ, 2019 ਨੂੰ ਪੰਚਾਇਤ ਦੇ ਕਹਿਣ ’ਤੇ ਨਿਊਜ਼ੀਲੈਂਡ ਗਿਆ ਤਾਂ ਏਅਰਪੋਰਟ ਅਧਿਕਾਰੀਆਂ ਨੇ ਮੈਨੂੰ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਤੇਰੀ ਪਤਨੀ ਕੁਲਵਿੰਦਰ ਕੌਰ ਨੇ ਤੇਰੇ ਖਿਲਾਫ ਸ਼ਿਕਾਇਤ ਦਿੱਤੀ ਹੈ, ਜਿਸ ’ਤੇ ਮੈਂ ਆਪਣੇ ਦੋਸਤਾਂ ਤੋਂ ਟਿਕਟ ਲੈ ਕੇ ਵਾਪਸ ਇੰਡੀਆ ਆ ਗਿਆ। ਮੈਂ ਆਪਣੀ ਪਤਨੀ ਕੁਲਵਿੰਦਰ ਕੌਰ ਦੇ ਨਿਊਜ਼ੀਲੈਂਡ ਜਾਣ ਅਤੇ ਉਥੋਂ ਦਾ ਸਾਰਾ ਖਰਚਾ ਅਤੇ ਸੈਟਲ ਕਰਵਾਉਣ ਲਈ ਸਾਰਾ ਖਰਚਾ ਆਪਣੇ ਕੋਲੋਂ ਕੀਤਾ ਪਰ ਮੇਰੀ ਪਤਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮੇਰੀ ਜਮ੍ਹਾਪੂੰਜੀ ਦੇ ਨਾਲ-ਨਾਲ 35 ਲੱਖ 10 ਹਜ਼ਾਰ ਰੁਪਏ ਹਡ਼ੱਪ ਕਰ ਲਏ।

ਕੀ ਹੋਈ ਪੁਲਸ ਕਾਰਵਾਈ

ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ.ਐੱਸ.ਪੀ. ਬਾਘਾਪੁਰਾਣਾ ਨੂੰ ਕਰਨ ਦਾ ਹੁਕਮ ਦਿੱਤਾ। ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਸੰਦੀਪ ਸਿੰਘ ਦੀ ਪਤਨੀ ਕੁਲਵਿੰਦਰ ਕੌਰ, ਉਸ ਦੀ ਮਾਤਾ ਜਸਪਾਲ ਕੌਰ ਦੇ ਇਲਾਵਾ ਚਾਚਾ ਜਗਤਾਰ ਸਿੰਘ ਉਰਫ ਭੂੰਡਾ ਖਿਲਾਫ ਥਾਣਾ ਬਾਘਾਪੁਰਾਣਾ ’ਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Bharat Thapa

Content Editor

Related News