ਵਿਅਕਤੀ ਦੀ ਕੁੱਟਮਾਰ ਅਤੇ ਲੁੱਟਖੋਹ ਕਰਨ ਮਗਰੋਂ 3 ਲੁਟੇਰੇ ਫਰਾਰ

Friday, Jun 26, 2020 - 10:53 AM (IST)

ਵਿਅਕਤੀ ਦੀ ਕੁੱਟਮਾਰ ਅਤੇ ਲੁੱਟਖੋਹ ਕਰਨ ਮਗਰੋਂ 3 ਲੁਟੇਰੇ ਫਰਾਰ

ਭਵਾਨੀਗੜ੍ਹ(ਕਾਂਸਲ) - ਸਥਾਨਕ ਸ਼ਹਿਰ ਤੋਂ ਪਟਿਆਲਾ ਨੂੰ ਜਾਂਦੀ ਨੈਸ਼ਨਲ ਹਾਈਵੇ 'ਤੇ ਪਿੰਡ ਬਾਲਦ ਕਲ੍ਹਾਂ ਨੇੜੇ ਬੀਤੀ ਰਾਤ ਇਕ ਮੋਟਰਸਾਇਕਲ 'ਤੇ ਸਵਾਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਵਿਅਕਤੀ ਦੀ ਕੁੱਟ ਮਾਰ ਕਰਕੇ ਉਸ ਦਾ ਮੋਟਰਸਾਇਕਲ, ਮੋਬਾਇਲ ਫੋਨ ਅਤੇ ਨਗਦੀ ਵਾਲਾ ਪਰਸ ਖੋਹ ਲੈਣ ਤੋਂ ਬਾਅਦ  ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਘਟਨਾਂ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਬਲਾਕ ਸੰਮਤੀ ਦੇ ਚੇਅਰਮੈਨ ਵਰਿੰਦਰ ਪੰਨਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾ ਦਾ ਵਸਨੀਕ ਦੇਵ ਰਾਜ ਪੁੱਤਰ ਰਾਮ ਸਰਨ ਵਾਸੀ ਪਿੰਡ ਪੰਨਵਾਂ ਜੋ ਕਿ ਚੰਨੋਂ ਵਿਖੇ ਸਥਿਤ ਪੈਪਸੀਕੋ ਫੈਕਟਰੀ ਵਿਖੇ ਦਿਹਾੜੀ(ਡੇਲੀਵੇਜ) 'ਤੇ ਕੰਮ ਕਰਦਾ ਹੈ ਬੀਤੀ ਰਾਤ ਦੇ ਕਰੀਬ 10:30 ਵਜੇਂ ਜਦੋਂ ਉਹ ਫੈਕਟਰੀ ਵਿਚੋਂ ਡਿਊਟੀ ਕਰਕੇ ਆਪਣੇ ਮੋਟਰਸਾਇਕਲ ਰਾਂਹੀ ਆਪਣੇ ਘਰ ਪਰਤ ਰਿਹਾ ਸੀ ਤਾਂ ਰਸਤੇ ਵਿਚ ਭਵਾਨੀਗੜ੍ਹ ਪਟਿਆਲਾ ਨੈਸ਼ਨਲ ਹਾਈਵੇ 'ਤੇ ਪਿੰਡ ਬਾਲਦ ਕਲ੍ਹਾਂ ਵਿਖੇ ਇਕ ਭੱਠੇ ਨੇੜੇ ਉਸ ਦੇ ਪਿੱਛੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤਿਆਂ ਜਿਨ੍ਹਾਂ ਨੇ ਆਪਣੇ ਮੂੰਹ ਕਾਲੇ ਕੱਪੜੇ ਨਾਲ ਢੱਕੇ ਹੋਏ ਸਨ। ਉਨ੍ਹਾਂ ਨੇ ਆਪਣਾ ਮੋਟਰਸਾਇਕਲ ਉਸ ਦੇ ਅੱਗੇ ਲਗਾ ਕੇ ਉਸ ਨੂੰ ਰੁਕਣ ਲਈ ਕਿਹਾ ਅਤੇ ਜਦੋਂ ਉਸ ਨੇ ਆਪਣਾ ਮੋਟਰਸਾਇਕਲ ਰੋਕਿਆ ਤਾਂ ਇਨ੍ਹਾਂ ਅਣਪਛਾਤਿਆਂ ਨੇ ਉਸ ਦੇ ਸਿਰ, ਲੱਤਾ ਅਤੇ ਬਾਹਾਂ ਉਪਰ ਡੰਡੇ ਮਾਰ ਕੇ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਕੇ ਉਸ ਦਾ ਮੋਬਾਇਲ ਫੋਨ ਅਤੇ ਪਰਸ ਖੋਹ ਲਿਆ। ਇਸ ਦੌਰਾਨ ਦੇਵ ਰਾਜ ਨੇ ਬਹੁਤ ਮੁਸ਼ਕਿਲ ਨਾਲ ਕਿਸੇ ਤਰੀਕੇ ਇਨ੍ਹਾਂ ਲੁਟੇਰਿਆਂ ਦੇ ਚੰਗੁਲ ਵਿਚੋਂ ਨਿਕਲ ਕੇ ਇਥੋਂ ਭੱਜ ਕੇ ਨੇੜੇ ਸਥਿਤ ਭੱਠੇ ਵਿਚ ਜਾ ਕੇ ਆਪਣੀ ਜਾਨ ਬਚਾਈ ਅਤੇ ਇਹ ਅਣਪਛਾਤੇ ਉਸ ਦਾ ਮੋਟਰਸਾਇਕਲ ਲੈ ਕੇ ਇਥੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਦੇਵ ਰਾਜ ਨੇ ਭੱਠੇ ਦੇ ਇਕ ਕਰਮਚਾਰੀ ਦੇ ਮੋਬਾਇਲ ਫੋਨ ਰਾਂਹੀ ਉਨ੍ਹਾਂ ਨੂੰ ਇਸ ਘਟਨਾ ਸੰਬੰਧੀ ਸੂਚਿਤ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਭੱਠੇ 'ਤੇ ਪਹੁੰਚ ਕੇ ਗੰਭੀਰ ਰੂਪ 'ਚ ਜ਼ਖ਼ਮੀ ਅਤੇ ਬੂਰੀ ਤਰ੍ਹਾਂ ਘਬਰਾਏ ਹੋਏ ਦੇਵ ਰਾਜ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ।

ਇਸ ਸੰਬੰਧੀ ਸਥਾਨਕ ਥਾਣਾ ਮੁਖੀ ਸਬ. ਇੰਸਪੈਕਟਰ ਰਮਨਦੀਪ ਸਿੰਘ ਨਾਲ ਗੱਲਬਾਤ  ਕਰਨ 'ਤੇ ਉਨ੍ਹਾਂ ਦੱਸਿਆ ਕਿ ਪੁਲਸ ਨੇ ਦੇਵ ਰਾਜ ਦੇ ਬਿਆਨਾਂ ਦੇ ਅਧਾਰ 'ਤੇ 3 ਅਣਪਛਾਤਿਆਂ ਵਿਰੁੱਧ ਕਾਨੂੰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Harinder Kaur

Content Editor

Related News