ਬੈਟਰੀਆਂ ਚੋਰੀ ਕਰਨ ਦੇ ਮਾਮਲੇ ’ਚ 3 ਦੋਸ਼ੀਆਂ ਨੂੰ ਸਜ਼ਾ, 1 ਬਰੀ
Wednesday, Oct 17, 2018 - 02:00 AM (IST)

ਮੋਗਾ, (ਸੰਦੀਪ)- ਜ਼ਿਲਾ ਤੇ ਵਧੀਕ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਨੇ ਚਾਰ ਸਾਲ ਪਹਿਲਾਂ ਪਿੰਡ ਮਹੇਸ਼ਰੀ ਦੇ ਮੋਬਾਇਲ ਟਾਵਰ ਤੋਂ ਬੈਟਰੀਆਂ ਚੋਰੀ ਕਰਨ ਦੇ ਮਾਮਲੇ ’ਚ ਨਾਮਜ਼ਦ 4 ਦੋਸ਼ੀਆਂ ’ਚੋਂ ਤਿੰਨ ਨੂੰ 2-2 ਸਾਲ ਦੀ ਕੈਦ ਤੇ 2-2 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ’ਚ ਉਨ੍ਹਾਂ ਨੂੰ 2-2 ਮਹੀਨੇ ਦੀ ਵਾਧੂ ਕੈਦ ਵੀ ਕੱਟਣੀ ਪਵੇਗੀ।
ਇਸ ਮਾਮਲੇ ’ਚ ਸ਼ਾਮਲ ਇਕ ਵਿਅਕਤੀ ਨੂੰ ਸਬੂਤਾਂ ਤੇ ਗਵਾਹਾਂ ਦੀ ਘਾਟ ਕਾਰਨ ਬਰੀ ਵੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਥਾਣਾ ਸਦਰ ਮੋਗਾ ਪੁਲਸ ਨੂੰ 27 ਮਾਰਚ, 2014 ਨੂੰ ਦਿੱਤੀ ਸ਼ਿਕਾਇਤ ’ਚ ਏਅਰਟੈੱਲ ਤੇ ਵੋਡਾਫੋਨ ਕੰਪਨੀ ਦੇ ਸੁਪਰਵਾਈਜ਼ਰ ਪਿੰਡ ਤਖਾਣਵੱਧ ਨਿਵਾਸੀ ਬੂਟਾ ਸਿੰਘ ਨੇ ਦੱਸਿਆ ਸੀ ਕਿ ਸਥਾਨਕ ਸ਼ਹਿਰ ਦੇ ਬੇਦੀ ਨਗਰ ਨਿਵਾਸੀ ਸੰਦੀਪ ਕੁਮਾਰ ਉਰਫ ਧੰਨਾ, ਕਿਰਨਦੀਪ ਸਿੰਘ ਉਰਫ ਡੀ.ਸੀ., ਕੁਲਦੀਪ ਸਿੰਘ ਉਰਫ ਮਿੰਟੂ ਤੇ ਸੁਖਵਿੰਦਰ ਸਿੰਘ ਉਰਫ ਸੰਨੀ ਵੱਲੋਂ ਕੰਪਨੀ ਦੇ ਪਿੰਡ ਮਹੇਸ਼ਰੀ ਵਿਖੇ ਲੱਗੇ ਟਾਵਰ ’ਚੋਂ ਬੈਟਰੀਆਂ ਚੋਰੀ ਕਰ ਲਈਆਂ ਗਈਆਂ ਹਨ, ਜਿਸ ’ਤੇ ਪੁਲਸ ਵੱਲੋਂ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਮਾਣਯੋਗ ਅਦਾਲਤ ਵੱਲੋਂ ਸੰਦੀਪ ਕਮਾਰ, ਕਿਰਨਦੀਪ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਗਈ ਹੈ ਤੇ ਸੁਖਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ।