22 ਕੈਰੇਟ  ਦੱਸ  ਕੇ  ਵੇਚੇ 15 ਕੈਰੇਟ ਦੇ ਗਹਿਣੇ, ਖਪਤਕਾਰ ਫੋਰਮ ਨੇ ਠੋਕਿਆ 7 ਲੱਖ ਜੁਰਮਾਨਾ

Sunday, Sep 23, 2018 - 06:53 AM (IST)

22 ਕੈਰੇਟ  ਦੱਸ  ਕੇ  ਵੇਚੇ 15 ਕੈਰੇਟ ਦੇ ਗਹਿਣੇ, ਖਪਤਕਾਰ ਫੋਰਮ ਨੇ ਠੋਕਿਆ 7 ਲੱਖ ਜੁਰਮਾਨਾ

ਚੰਡੀਗਡ਼੍ਹ, (ਰਾਜਿੰਦਰ)- 22 ਕੈਰੇਟ ਸੋਨੇ  ਦੇ  ਗਹਿਣੇ  ਦੱਸ ਕੇ ਉਸ ਵਿਚ ਹੋਰ ਧਾਤ ਮਿਲਾ ਕੇ ਘੱਟ ਕੈਰੇਟ ਦਾ ਸੋਨਾ ਵੇਚਣਾ ਸੈਕਟਰ-22 ਦੇ ਨਾਮੀ ਜ਼ਿਊਲਰ ਨੂੰ ਮਹਿੰਗਾ ਪੈ ਗਿਆ। ਡਿਸਟ੍ਰਿਕਟ ਕੰਜ਼ਿਊਮਰ ਫੋਰਮ ਨੇ ਇਸ ਨੂੰ ਅਨੈਤਿਕ ਵਪਾਰਕ ਗਤੀਵਿਧੀਆਂ ’ਚ ਸ਼ਾਮਲ ਹੋਣ ਤੇ ਸੇਵਾ ਵਿਚ ਕੋਤਾਹੀ ਵਰਤਣ ਦਾ ਦੋਸ਼ੀ ਪਾਇਆ ਹੈ। ਇਹੋ ਨਹੀਂ, ਆਪਣੇ ਫੈਸਲੇ ਵਿਚ ਖਪਤਕਾਰ ਫੋਰਮ ਨੇ ਕਿਹਾ ਕਿ ਇਹ ਇਕ ਅਜਿਹਾ ਕੇਸ ਹੈ ਜਿਸ ਵਿਚ ਇਕ ਭੋਲੇ-ਭਾਲੇ ਖਪਤਕਾਰ (ਸ਼ਿਕਾਇਤਕਰਤਾ) ਦਾ ਵਪਾਰੀ ਵਲੋਂ ਬੇਹੱਦ ਸ਼ੋਸ਼ਣ ਕੀਤਾ ਗਿਆ।
 ਖਪਤਕਾਰ ਨੂੰ ਸਾਮਾਨ ਦੀ ਗੁਣਵੱਤਾ ਦੀ ਟੈਸਟਿੰਗ ਕਰਵਾਉਣ ਦਾ ਕੋਈ  ਪਤਾ ਨਹੀਂ ਸੀ ਅਤੇ ਉਹ ਪੂਰੀ ਤਰ੍ਹਾਂ ਵਪਾਰੀ ਦੇ ਈਮਾਨਦਾਰ ਵਿਵਹਾਰ ’ਤੇ ਨਿਰਭਰ ਸੀ। ਅਜਿਹੇ ਵਿਚ ਇਹ ਸ਼ੋਸ਼ਣ ਤੇ ਧੋਖਾਦੇਹੀ ਦਾ ਕੇਸ ਹੈ, ਜਿਸ ਵਿਚ ਜ਼ਿਊਲਰ ਅਨੈਤਿਕ ਵਪਾਰਕ ਗਤੀਵਿਧੀਆਂ ਵਿਚ ਸ਼ਾਮਲ ਸੀ। ਅਜਿਹੇ ਵਿਚ ਫੋਰਮ ਨੇ ਸ਼ਿਕਾਇਤ ਨੂੰ ਮਨਜ਼ੂਰ ਕਰਦਿਆਂ ਇਸ ਜ਼ਿਊਲਰ ਨੂੰ ਹੁਕਮ ਦਿੱਤੇ ਹਨ ਕਿ ਸ਼ਿਕਾਇਤਕਰਤਾ ਨੂੰ ਵੇਚਿਆ ਗਿਆ ਖਰਾਬ ਸਾਮਾਨ ਤੁਰੰਤ 22 ਕੈਰੇਟ ਦੇ ਸੋਨੇ ਦੇ ਸਮਾਨ ਨਾਲ ਰਿਪਲੇਸ ਕਰੇ ਜਾਂ ਸ਼ਿਕਾਇਤਕਰਤਾ ਵਲੋਂ ਵਾਪਸ ਕੀਤੇ ਗਏ ਸੋਨੇ ਦੀ ਮੌਜੂਦਾ ਮਾਰਕੀਟ ਵੈਲਿਊ ਦੇਵੇ। 
ਇਸ ਤੋਂ ਇਲਾਵਾ ਸੇਵਾ ਵਿਚ ਕੋਤਾਹੀ ਵਰਤਣ, ਅਨੈਤਿਕ ਵਪਾਰਕ ਗਤੀਵਿਧੀਆਂ ਵਿਚ ਸ਼ਾਮਲ ਹੋਣ, ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਦੇ ਰੂਪ ਵਿਚ 2 ਲੱਖ ਰੁਪਏ ਮੁਆਵਜ਼ਾ ਭਰੇ। ਅਦਾਲਤੀ ਖਰਚੇ ਵਜੋਂ 15 ਹਜ਼ਾਰ ਰੁਪਏ ਵੀ ਚੁਕਾਉਣ ਲਈ ਕਿਹਾ ਗਿਅਾ ਹੈ। ਫੈਸਲੇ ਦੀ ਕਾਪੀ ਮਿਲਣ  ਤੋਂ 30 ਦਿਨਾਂ ਦੇ ਅੰਦਰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ  ਕਿਹਾ ਗਿਅਾ ਹੈ, ਨਹੀਂ ਤਾਂ 9 ਫੀਸਦੀ ਵਿਆਜ ਸਮੇਤ ਰਕਮ ਅਦਾ ਕਰਨੀ ਪਏਗੀ।
 ਇਸ ਮਾਮਲੇ ’ਚ 
ਸੁਣਾਇਆ ਅਹਿਮ ਹੁਕਮ
 ਸੈਕਟਰ-41 ਬੀ ਦੇ ਰਾਜ ਕੁਮਾਰ ਨੇ ਸੈਕਟਰ-22 ਡੀ ਦੇ ਇਸ ਜਿਊਲਰ ਖਿਲਾਫ ਕੰਜ਼ਿਊਮਰ ਫੋਰਮ ਵਿਚ ਇਹ ਸ਼ਿਕਾਇਤ ਦਾਇਰ ਕੀਤੀ ਸੀ, ਜਿਸ ਮੁਤਾਬਕ ਸ਼ਿਕਾਇਤਕਰਤਾ ਨੇ 8 ਨਵੰਬਰ 2000 ’ਚ 22 ਕੈਰੇਟ ਦੇ ਦੋ ਕਡ਼ੇ ਤੇ ਇਕ ਗਲੇ ਦੀ ਚੇਨ ਇਥੋਂ ਖਰੀਦੀ ਸੀ। ਉਸ ਤੋਂ ਇਲਾਵਾ 22 ਕੈਰੇਟ ਦੀਅਾਂ 4 ਗੋਲਡ ਚੂੜੀਅਾਂ 22 ਨਵੰਬਰ 2000 ਵਿਚ 28,967 ਰੁਪਏ ’ਚ ਖਰੀਦੀਅਾਂ ਸਨ, ਜਿਨ੍ਹਾਂ ਦਾ ਭਾਰ 51.77 ਗ੍ਰਾਮ ਸੀ। 
ਸ਼ਿਕਾਇਤਕਰਤਾ ਨੇ ਫਰਵਰੀ 2016 ਵਿਚ ਇਕ ਖ਼ਬਰ ਪਡ਼੍ਹੀ ਕਿ ਪੰਚਕੂਲਾ ਦੇ ਸੰਜੀਵ ਗੋਇਲ ਨੂੰ 22 ਕੈਰੇਟ ਦਾ ਕਹਿ ਕੇ 16.25 ਕੈਰੇਟ ਸੋਨਾ ਵੇਚਣ ’ਤੇ ਸਬੰਧਤ ਦੁਕਾਨਦਾਰ ਖਿਲਾਫ ਕੇਸ ਦਰਜ ਹੋਇਆ ਹੈ। ਅਜਿਹੇ ਵਿਚ ਸ਼ਿਕਾਇਤਕਰਤਾ ਨੇ ਦਿੱਲੀ ਦੇ ਸਰਟੀਫਾਈਡ ਲੈਬ  ਤੋਂ  ਖਰੀਦੀ ਜਿਊਲਰੀ ਦੀ ਜਾਂਚ ਕਰਵਾਈ, ਜਿਸ ’ਚ ਪਤਾ ਲੱਗਾ ਕਿ ਚੂਡ਼ੀ ਦੇ ਅੰਦਰ ਅਤੇ ਬਾਹਰ ਸਿਲਵਰ, ਕਾਪਰ ਤੇ ਜ਼ਿੰਕ ਵਰਗੀਆਂ ਹਲਕੀਆਂ ਧਾਤਾਂ ਨਾਲ 22 ਕੈਰੇਟ ਗੋਲਡ ਦੀ ਪਰਤ ਚਡ਼੍ਹਾਈ ਹੈ। ਅਜਿਹੇ ਵਿਚ ਗੋਲਡ ਦੀ ਸ਼ੁੱਧਤਾ 64.9 ਫੀਸਦੀ (15.5 ਕੈਰੇਟ) ਪਾਈ ਗਈ।  ਚੂਡ਼ੀਆਂ ਦਾ ਭਾਰ ਮਾਰਚ 2016 ਵਿਚ ਸਿਰਫ 41 ਗ੍ਰਾਮ ਸੀ। ਉਥੇ ਗੋਲਡ ਚੇਨ ਦੀ ਗੁਣਵੱਤਾ ਵੀ 81.2 ਫੀਸਦੀ (19.5 ਕੈਰੇਟ) ਪਾਈ ਗਈ। ਦੂਜੇ ਪਾਸੇ ਸ਼ਿਕਾਇਤਕਰਤਾ ਕਾਫੀ ਪਹਿਲਾਂ ਸਬੰਧਤ ਦੁਕਾਨਦਾਰ ਨੂੰ ਕਡ਼ੇ ਵਾਪਸ ਕਰ ਚੁੱਕੇ ਸਨ। ਚੇਨ ’ਤੇ ਦੁਕਾਨਦਾਰ ਦੀ ਸਟੈਂਪ ਵਾਲਾ ਲਾਕ ਗੁੰਮ ਹੋ ਗਿਆ ਸੀ। ਸ਼ਿਕਾਇਤ ਮੁਤਾਬਕ ਦੁਕਾਨਦਾਰ ਨੇ ਕਡ਼ੇ ਤੇ ਚੇਨ ਦੇ ਸਿਰਫ ਕੁਅਾਲਿਟੀ ਸਰਟੀਫਿਕੇਟ ਦਿੱਤੇ ਸਨ ਅਤੇ ਸਿਰਫ ਚੂੜੀਅਾਂ ਦੇ ਬਿੱਲ ਦਿੱਤੇ ਸਨ। 
ਅਜਿਹੇ ਵਿਚ ਸ਼ਿਕਾਇਤਕਰਤਾ ਨੇ ਦੁਕਾਨਦਾਰ ’ਤੇ ਅਨੈਤਿਕ ਵਪਾਰਕ ਗਤੀਵਿਧੀਆਂ ’ਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਫੋਰਮ ਵਿਚ ਸ਼ਿਕਾਇਤ ਦਿੱਤੀ, ਜਿਸ ਵਿਚ ਮੰਗ ਕੀਤੀ ਗਈ ਕਿ ਦੁਕਾਨਦਾਰ ਨੂੰ ਨਿਰਦੇਸ਼ ਦਿੱਤੇ ਜਾਣ ਕਿ ਸਬੰਧਤ ਚੂਡ਼ੀਆਂ 22 ਕੈਰੇਟ ਤੇ 51.77 ਗ੍ਰਾਮ ’ਚ ਮੌਜੂਦਾ ਸੋਨੇ ਦੀ ਕੀਮਤ ’ਤੇ ਵਾਪਸ ਕਰੇ, ਨਾਲ ਹੀ ਘਟੀਆ ਕੁਆਲਿਟੀ ਸਬੰਧੀ 22 ਨਵੰਬਰ 2000 ਤੋਂ 8,558 ਰੁਪਏ ’ਤੇ 18 ਫੀਸਦੀ ਵਿਆਜ ਵੀ ਦੇਵੇ। ਨਾਲ ਹੀ 5600 ਰੁਪਏ ’ਤੇ 18 ਫੀਸਦੀ ਵਿਆਜ ਦੇਵੇ। ਇੰਝ ਚੇਨ ਦੀ ਘਟੀਆ ਕੁਆਲਿਟੀ  ਸਬੰਧੀ 8 ਨਵੰਬਰ 2000 ਤੋਂ ਇਸ ਦੀ 11. 5 ਫੀਸਦੀ ਵੈਲਿਊ ’ਤੇ 18 ਫੀਸਦੀ ਵਿਆਜ ਦੇਵੇ। ਇਨ੍ਹਾਂ ਤੋਂ ਇਲਾਵਾ ਧੋਖਾਦੇਹੀ ਕਰਨ ’ਤੇ 10 ਲੱਖ ਰੁਪਏ ਮੁਆਵਜ਼ਾ ਤੇ 40 ਹਜ਼ਾਰ ਰੁਪਏ ਲਾਗਤ ਅਦਾ ਕਰੇ।
 ਜਿਊਲਰ ਨੇ ਫੋਰਮ ਵਿਚ ਆਪਣਾ ਜਵਾਬ ਦਾਇਰ ਕਰਦਿਆਂ ਕਿਹਾ ਕਿ 15 ਸਾਲਾਂ ਬਾਅਦ ਸਬੰਧਤ ਸ਼ਿਕਾਇਤ ਦਾਇਰ ਕੀਤੀ ਗਈ ਹੈ। ਅਜਿਹੇ ਵਿਚ ਦੇਰੀ  ਕਾਰਨ ਇਸ ਨੂੰ ਰੱਦ ਕੀਤਾ ਜਾਣਾ ਬਣਦਾ ਹੈ। ਇਸ ਤੋਂ ਪਹਿਲਾਂ ਨਿਆਇਕ ਕੋਰਟ ’ਚ ਦਾਇਰ ਅਪਰਾਧਕ ਸ਼ਿਕਾਇਤ ਅਪ੍ਰੈਲ 2016 ’ਚ ਰੱਦ ਹੋ ਚੁੱਕੀ ਹੈ। ਸਿਰਫ਼ ਸੰਜੀਵ ਗੋਇਲ ਦੇ ਕਹਿਣ ’ਤੇ ਸ਼ਿਕਾਇਤਕਰਤਾ ਨੇ ਸ਼ਿਕਾਇਤ ਦਾਇਰ ਕੀਤੀ ਹੈ ਅਤੇ ਗੋਲਡ ਦਾ ਮਾਨਤਾ ਪ੍ਰਾਪਤ ਲੈਬ ਤੋਂ ਟੈਸਟ ਨਹੀਂ ਕਰਵਾਈਆ ਗਿਆ। ਇਨ੍ਹਾਂ ਦਲੀਲਾਂ ’ਤੇ ਫੋਰਮ ਨੇ ਸਹਿਮਤੀ ਨਹੀਂ ਦਿਖਾਈ।
 ਸਮਾਜ ਹਿੱਤ ’ਚ 5 ਲੱਖ ਹਰਜਾਨਾ ਹੋਰ ਠੋਕਿਆ
 ਫੋਰਮ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਅਜਿਹੇ ਕਈ ਖਪਤਕਾਰ  ਹੋਰ ਸਕਦੇ ਹਨ, ਜਿਨ੍ਹਾਂ ਨੂੰ ਸਬੰਧਤ ਖਬਰ (ਜਿਸ ਦਾ ਸ਼ਿਕਾਇਤਕਰਤਾ ਨੂੰ ਪਤਾ ਲੱਗਿਆ) ਪਡ਼੍ਹਨ ਦਾ ਮੌਕਾ ਨਾ ਮਿਲਿਆ ਤੇ ਜਿਨ੍ਹਾਂ ਨੇ ਇਸ ਵਪਾਰੀ ਤੋਂ 22 ਕੈਰੇਟ ਦੇ ਰੂਪ ਵਿਚ ਦੱਸਿਆ ਹੋਇਆ ਸੋਨਾ ਖਰੀਦਿਆ ਹੋਵੇ, ਜੋ ਅਸਲ ਵਿਚ 15 ਕੈਰੇਟ ਜਾਂ ਇਸ ਤੋਂ ਘੱਟ ਹੋਵੇ। ਅਜਿਹੇ ਹਾਲਾਤ ’ਚ ਸਮਾਜ ਹਿੱਤ ’ਚ ਸਜ਼ਾਯੋਗ ਹਰਜਾਨਾ ਨਿਆਂ ਸੰਗਤ ਹੈ। ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੀ ਧਾਰਾ 14 ਦੇ ਸਬ-ਸੈਕਸ਼ਨ ਡੀ ’ਚ ਜ਼ਿਲਾ ਫੋਰਮ ਨੂੰ ਇਸ ਸਬੰਧੀ ਸ਼ਕਤੀ ਦਿੰਦਾ ਹੈ, ਜਿਸ ਦੇ ਤਹਿਤ ਫੋਰਮ ਨੇ ਇਸ ਜਿਊਲਰ ਨੂੰ ਅਨੈਤਿਕ ਵਪਾਰਕ ਗਤੀਵਿਧੀਆਂ ਲਈ 7 ਲੱਖ ਰੁਪਏ  ਜੁਰਮਾਨਾ ਕੀਤਾ ਹੈ। ਇਹ ਰਕਮ ਜਿਊਲਰ ਕੰਜ਼ਿਊਮਰ ਲੀਗਲ ਐਂਡ ਫੰਡ ਅਕਾਊਂਟ ’ਚ ਜਮ੍ਹਾ ਕਰਵਾਏਗਾ ਤਾਂ ਕਿ ਗਰੀਬ ਖਪਤਕਾਰਾਂ ਨੂੰ ਕਾਨੂੰਨੀ ਮਦਦ ਮਿਲ ਸਕੇ। 30 ਦਿਨਾਂ ’ਚ ਇਹ ਰਕਮ ਜਮ੍ਹਾ ਕਰਵਾਉਣੀ ਹੋਵੇਗੀ।
 


Related News