1501 ਪ੍ਰਵਾਸੀ ਮੋਹਾਲੀ ਰੇਲਵੇ ਸਟੇਸ਼ਨ ਤੋਂ ਬਿਹਾਰ ਲਈ ਰਵਾਨਾ

05/14/2020 7:16:11 PM

ਮੋਹਾਲੀ, (ਨਿਆਮੀਆਂ)— 60 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਆਪਣੇ-ਆਪਣੇ ਘਰਾਂ 'ਚ ਭੇਜਣ ਦੀ ਚੁਣੌਤੀ ਦਾ ਸਾਹਮਣਾ ਕਰਦਿਆਂ ਮੋਹਾਲੀ ਪ੍ਰਸ਼ਾਸਨ ਨੇ ਇਕ ਹਫ਼ਤੇ 'ਚ ਲਗਭਗ 15 ਹਜ਼ਾਰ ਪ੍ਰਵਾਸੀਆਂ ਨੂੰ ਸਫਲਤਾਪੂਰਵਕ ਉਨ੍ਹਾਂ ਦੇ ਜੱਦੀ ਸੂਬਿਆਂ 'ਚ ਵਾਪਸ ਭੇਜਿਆ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਨੇ ਕੀਤਾ। ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਝੋਨੇ ਦੀ ਲੁਆਈ ਦੌਰਾਨ ਰੁਜ਼ਗਾਰ ਦੇ ਮੌਕੇ ਦੇ ਨਾਲ-ਨਾਲ ਮਜ਼ਦੂਰਾਂ ਦੀ ਉਦਯੋਗਿਕ ਅਤੇ ਨਿਰਮਾਣ ਖੇਤਰਾਂ 'ਚ ਸਰਗਰਮੀ ਦੀ ਬਹਾਲੀ ਦੇ ਨਾਲ ਘਰ ਵਾਪਸੀ ਲਈ ਰਜਿਸਟਰ ਨਾ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵੱਧ ਰਹੀ ਹੈ। ਰੋਜ਼ਾਨਾ 30 ਪ੍ਰਤੀਸ਼ਤ ਪ੍ਰਵਾਸੀ ਵਾਪਸ ਜਾਣ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਉਨ੍ਹਾਂ ਸਾਰਿਆਂ ਨੂੰ ਵਾਪਸ ਭੇਜਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਜੋ ਵਾਪਸ ਜਾਣ ਦੀ ਇੱਛਾ ਰੱਖਦੇ ਹਨ। ਡੀ. ਸੀ. ਨੇ ਕਿਹਾ ਕਿ 8ਵੀਂ ਸਪੈਸ਼ਲ ਟਰੇਨ ਮੋਹਾਲੀ ਰੇਲਵੇ ਸਟੇਸ਼ਨ ਤੋਂ ਬਿਹਾਰ ਲਈ ਰਵਾਨਾ ਹੋਈ, ਜਿਸ 'ਚ 1501 ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਆਪਣੇ ਗ੍ਰਹਿ ਰਾਜ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਟਰੇਨਾਂ 'ਚ ਬੋਗੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ ਅਤੇ ਇਹ ਕਟਿਹਾਰ, ਪਟਨਾ, ਚੰਪਾਰਨ ਅਤੇ ਬਰੌਨੀ ਵਿਖੇ ਠਹਿਰਾਅ ਨਾਲ ਜਾਵੇਗੀ।


KamalJeet Singh

Content Editor

Related News