ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਸ਼ੱਕੀ ਬੈਗ ਮਿਲਣ ਨਾਲ ਮਚੀ ਹਫੜਾ-ਦਫੜੀ
Saturday, Jun 01, 2024 - 12:16 AM (IST)
ਨਵੀਂ ਦਿੱਲੀ, (ਭਾਸ਼ਾ)- ਇਥੇ ਰੇਲਵੇ ਸਟੇਸ਼ਨ ’ਤੇ ਸ਼ੁੱਕਰਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਕੂੜੇਦਾਨ ’ਚੋਂ ਮਿਲੇ ਸ਼ੱਕੀ ਬੈਗ ’ਚ ਬੰਬ ਹੋਣ ਦੀ ਅਫਵਾਹ ਫੈਲ ਗਈ। ਅਧਿਕਾਰੀਆਂ ਮੁਤਾਬਕ ਬੰਬ ਨਿਰੋਧਕ ਦਸਤੇ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਬੈਗ ਦੀ ਜਾਂਚ ਕੀਤੀ ਗਈ, ਹਾਲਾਂਕਿ ਇਸ ’ਚ ਕੋਈ ਧਮਾਕਾਖੇਜ ਸਮੱਗਰੀ ਨਹੀਂ ਮਿਲੀ।
ਉਨ੍ਹਾਂ ਨੇ ਕਿਹਾ ਕਿ ਟੀਮ ਨੇ ਬੈਗ ਵਿਚੋਂ 2 ‘ਬਲਾਸਟ ਸਿਮੂਲੇਸ਼ਨ ਗੇਂਦਾਂ’ ਬਰਾਮਦ ਕੀਤੀਆਂ, ਜੋ ਕਿ ਰੱਖਿਆ ਸਿਖਲਾਈ ਦੇ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ ਅਤੇ ਗੈਰ-ਘਾਤਕ ਹੁੰਦੀਆਂ ਹਨ ਅਤੇ ਇਸ ਵਿਚ ਕੋਈ ਖਤਰਨਾਕ ਧਮਾਕਾਖੇਜ ਸਮੱਗਰੀ ਨਹੀਂ ਹੁੰਦੀ ਹੈ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਕਰੀਬ ਸਾਢੇ 6 ਵਜੇ ਰੇਲਵੇ ਸਟੇਸ਼ਨ ਦੇ ਅਜ਼ਮੇਰੀ ਗੇਟ ਵੱਲ ਇਕ ਲਵਾਰਿਸ ਬੈਗ ਮਿਲਣ ਦੀ ਸੂਚਨਾ ਮਿਲੀ। ਪੁਲਸ ਮੁਤਾਬਕ, ਕੂੜੇਦਾਨ 'ਚ ਮਿਲੇ ਸ਼ੱਕੀ ਬੈਗ ਦੀ ਪੁਲਸ ਅਤੇ ਬੰਬ ਰੋਕੂ ਦਸਤੇ ਦੇ ਕਰਮਚਾਰੀਆਂ ਨੇ ਜਾਂਚ ਕੀਤੀ। ਬੈਗ 'ਚ ਕੋਈ ਧਮਾਕਾਖੇਜ ਸਮੱਗਰੀ ਨਹੀਂ ਮਿਲੀ ਅਤੇ ਇਸ ਨਾਲ ਕੋਈ ਖਤਰਾ ਵੀ ਨਹੀਂ ਹੈ।