ਵੱਖ-ਵੱਖ ਹਾਦਸਿਆਂ ’ਚ 1 ਦੀ ਮੌਤ, 1 ਜ਼ਖਮੀ
Thursday, Oct 25, 2018 - 01:32 AM (IST)

ਲੌਂਗੋਵਾਲ, (ਵਿਜੇ)- ਲੌਂਗੋਵਾਲ ਤੋਂ ਪਿੰਡ ਦੁੱਗਾਂ ਨੂੰ ਜਾਣ ਵਾਲੀ ਸਡ਼ਕ ’ਤੇ ਵਾਪਰੇ ਇਕ ਹਾਦਸੇ ਦੌਰਾਨ ਟਰੱਕ ਦੇ ਉਪਰਲੇ ਰੱਸੇ ਨੂੰ ਕੱਸਦੇ ਸਮੇਂ ਅਚਾਨਕ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗਣ ਕਾਰਨ ਟਰੱਕ ਡਰਾਈਵਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਥਾਣਾ ਲੌਂਗੋਵਾਲ ਵਿਖੇ ਤਾਇਨਾਤ ਅਤੇ ਸਬੰਧਤ ਕੇਸ ਦੇ ਤਫ਼ਤੀਸ਼ੀ ਅਫ਼ਸਰ ਹਰਚੇਤਨ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪਿੰਡ ਦੁੱਗਾਂ ਦਾ ਵਸਨੀਕ ਨੌਜਵਾਨ ਸੰਦੀਪ ਸਿੰਘ (22) ਪੁੱਤਰ ਗੁਰਜੀਤ ਸਿੰਘ ਮੂੰਗਫਲੀ ਦੇ ਭਰੇ ਟਰੱਕ ਨੂੰ ਲੈ ਕੇ ਲੌਂਗੋਵਾਲ ਤੋਂ ਦੁੱਗਾਂ ਵੱਲ ਜਾ ਰਿਹਾ ਸੀ ਕਿ ਜਿਉਂ ਹੀ ਉਹ ਪਿੰਡ ਦੁੱਗਾਂ ਅਤੇ ਲੌਂਗੋਵਾਲ ਵਿਚਕਾਰ ਪੁੱਜਾ ਤਾਂ ਉਸ ਨੂੰ ਟਰੱਕ ਦੇ ਉਪਰਲੇ ਰੱਸੇ ਢਿੱਲੇ ਹੋਣ ਦਾ ਸ਼ੱਕ ਪਿਆ, ਜਿਸ ਕਾਰਨ ਉਹ ਟਰੱਕ ਰੋਕ ਕੇ ਢਿੱਲੇ ਹੋਏ ਰੱਸਿਆਂ ਨੂੰ ਕੱਸਣ ਲੱਗ ਪਿਆ। ਰੱਸੇ ਕਸਦੇ ਸਮੇਂ ਅਚਾਨਕ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਉਸ ਦਾ ਸਿਰ ਲੱਗ ਜਾਣ ਕਾਰਨ ਉਸ ਨੂੰ ਕਰੰਟ ਲੱਗਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਸੰਦੀਪ ਸਿੰਘ ਦੀ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਦੇ ਅਾਧਾਰ ’ਤੇ ਜ਼ੇਰੇ ਧਾਰਾ 174 ਦੀ ਕਾਰਵਾਈ ਕੀਤੀ ਗਈ।
ਇਸੇ ਤਰ੍ਹਾਂ ਇਕ ਹੋਰ ਹਾਦਸੇ ਦੌਰਾਨ ਪਿੰਡ ਉਭਾਵਾਲ ਤੋਂ ਕਿਲਾ ਭਰੀਆਂ ਨੂੰ ਆਉਣ ਵਾਲੀ ਸਡ਼ਕ ’ਤੇ ਇਕ ਟਰੈਕਟਰ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦਿਆਂ ਬਡਰੁੱਖਾਂ ਚੌਕੀ ਦੇ ਹੌਲਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਪਿੰਡ ਉਭਾਵਾਲ ਤੋਂ ਕਿਲਾ ਭਰੀਆਂ ਵੱਲ ਇਕ ਟਰੈਕਟਰ ਆ ਰਿਹਾ ਸੀ, ਓਧਰ ਕਿਲਾ ਭਰੀਆਂ ਸਾਈਡ ਤੋਂ ਹਰਮਿਲਾਪ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਕਿਲਾ ਭਰੀਆਂ ਆਪਣੇ ਮੋਟਰਸਾਈਕਲ ’ਤੇ ਆ ਰਿਹਾ ਸੀ। ਜਿਵੇਂ ਹੀ ਉਹ ਮੋਡ਼ ਮੁਡ਼ਨ ਲੱਗਾ ਤਾਂ ਮੋਟਰਸਾਈਕਲ ਟਰੈਕਟਰ ਦੇ ਪਿਛਲੇ ਟਾਇਰ ਨਾਲ ਟਕਰਾਅ ਗਿਆ ਅਤੇ ਮੋਟਰਸਾਈਕਲ ਤੋਂ ਡਿੱਗ ਪਿਆ। ਇਸ ਹਾਦਸੇ ਦੌਰਾਨ ਹਰਮਿਲਾਪ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜਦੋਂ ਕਿ ਟਰੈਕਟਰ ਡਰਾਈਵਰ ਮੌਕੇ ’ਤੇ ਟਰੈਕਟਰ ਛੱਡ ਕੇ ਫਰਾਰ ਹੋ ਗਿਆ।
ਜ਼ਖਮੀ ਨੂੰ ਰਾਹਗੀਰਾਂ ਵੱਲੋਂ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਹਰਮਿਲਾਪ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਖੇ ਰੈਫਰ ਕੀਤਾ। ਪੁਲਸ ਵੱਲੋਂ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।