ਪੈਸੇ ਦੁਗਣਾ ਕਰਨ ਦਾ ਝਾਂਸਾ ਦੇ ਕੇ ਠੱਗੇ 1 ਕਰੋੜ 16 ਲੱਖ

05/23/2019 9:01:29 PM

ਬਠਿੰਡਾ, (ਵਰਮਾ)— ਸੰਗੁਆਣਾ ਬਸਤੀ 'ਚ ਰਹਿਣ ਵਾਲੇ ਪਵਨ ਸ਼ਰਮਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਗੁਆਂਢੀਆਂ ਨੇ ਮਿਲ ਕੇ ਕ੍ਰਾਊਨ ਨਾਮ ਦੀ ਕੰਪਨੀ ਬਣਾਈ ਸੀ। ਉਨ੍ਹਾਂ ਨੇ ਉਸ ਕੰਪਨੀ 'ਚ ਪੈਸਾ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਤੇ ਉਹ ਉਨ੍ਹਾਂ ਦੇ ਝਾਂਸੇ 'ਚ ਆ ਗਿਆ, ਜਿਸ ਤੋਂ ਬਾਅਦ ਉਸ ਨਾਲ 1 ਕਰੋੜ 16 ਲੱਖ ਦੀ ਠੱਗੀ ਹੋਈ। ਉਸਨੇ ਦੱਸਿਆ ਕਿ ਫੌਜੀ ਚੌਂਕ ਵਿਚ ਉਸਦੀ ਮੋਬਾਈਲ ਦੀ ਦੁਕਾਨ ਹੈ ਜਦਕਿ ਗੁਆਂਢ 'ਚ ਹੀ ਰਵੀ ਗਰਗ ਤੇ ਉਸਦਾ ਪਰਿਵਾਰ ਬਾਬਾ ਰਾਮਦੇਵ ਦਾ ਸਾਮਾਨ ਵੇਚਣ ਦਾ ਕੰਮ ਕਰਦੇ ਹਨ। ਉਸਦਾ ਉਸਦੀ ਦੁਕਾਨ 'ਤੇ ਲਗਾਤਾਰ ਆਉਣਾ ਜਾਣਾ ਸੀ। 19 ਅਕਤੂਬਰ 2014 ਨੂੰ ਮੁਲਜ਼ਮ ਰੂਬੀ ਗਰਗ ਉਸਦੇ ਪਤੀ ਰਵੀ ਗਰਗ ਨੇ ਦੁਕਾਨ 'ਚ ਹੀ ਕ੍ਰਾਊਨ ਕੰਪਨੀ ਦਾ ਦਫਤਰ ਖੋਲਿਆ, ਜਿਸ ਦਾ ਉਦਘਾਟਨ ਕੰਪਨੀ ਦੇ ਐੱਮ. ਡੀ. ਜਗਜੀਤ ਸਿੰਘ ਨੇ ਕੀਤਾ ਸੀ।  ਉਦਘਾਟਨ ਸਮੇਂ ਉਸਨੂੰ ਵੀ ਬੁਲਾਇਆ ਗਿਆ ਸੀ ਤੇ ਕਿਹਾ ਕਿ ਭਾਰਤ ਸਰਕਾਰ ਤੋਂ ਰਜਿਸਟਰਡ ਹੈ ਅਤੇ ਪੈਸਾ ਲਾਉਣ ਨਾਲ ਲਗਭਗ 2 ਸਾਲ ਵਿਚ ਹੀ ਦੁਗਣੇ ਹੋ ਜਾਣਗੇ। ਵੱਧ ਵਿਆਜ ਦਾ ਲਾਲਚ ਦੇ ਕੇ ਉਨ੍ਹਾਂ ਨੇ ਉਸਨੂੰ ਫਸਾ ਲਿਆ। ਗੁਆਂਢੀ ਹੋਣ ਕਾਰਨ ਉਹ ਉਨ੍ਹਾਂ 'ਤੇ ਵਿਸ਼ਵਾਸ ਕਰ ਲਿਆ। ਨਵੰਬਰ 2014 'ਚ ਉਸਨੇ ਪਹਿਲੀ ਕਿਸ਼ਤ 24 ਲੱਖ ਰੁਪਏ ਦਿੱਤੀ। ਉਸਤੋਂ ਬਾਅਦ ਉਸਦਾ ਸਹੁਰਾ ਰਿਟਾਇਰਡ ਹੋਇਆ ਤਾਂ ਉਨ੍ਹਾਂ ਦੇ ਵੀ 20 ਲੱਖ ਰੁਪਏ ਲੈ ਦਿੱਤੇ ਜਦਕਿ ਦੁਕਾਨ 'ਚੋਂ ਕੱਢ ਕੇ ਹੋਰ 20 ਲੱਖ ਰੁਪਏ ਦਿੱਤੇ। 2015 ਤੱਕ ਤਾਂ ਉਸਨੂੰ ਵਿਆਜ ਮਿਲਦਾ ਰਿਹਾ ਪਰ ਬਾਅਦ ਵਿਚ ਟਾਲਮਟੋਲ ਕਰਨ ਲਗੇ। ਇਸ ਮਾਮਲਾ ਨੂੰ ਲੈ ਕੇ ਪੰਚਾਇਤ ਵੀ ਇਕੱਠੀ ਕੀਤੀ ਗਈ ਤਾਂ ਰਵੀ ਗਰਗ ਨੇ ਉਸਨੂੰ 42 ਲੱਖ ਰੁਪਏ ਦਾ ਚੈੱਕ ਦਿੱਤਾ ਪਰ ਬੈਂਕ 'ਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ। ਇਸ ਸਬੰਧੀ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਹ ਫਿਰ ਟਾਲ-ਮਟੋਲ ਕਰਨ ਲੱਗੇ ਅਜਿਹਾ ਕਰਕੇ ਉਨ੍ਹਾਂ ਨੇ ਉਸ ਤੋਂ 1 ਕਰੋੜ 16 ਲੱਖ ਰੁਪਏ ਦੀ ਠੱਗੀ ਕੀਤੀ। ਐੱਸ. ਐੱਸ. ਪੀ. ਬਠਿੰਡਾ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਉਨ੍ਹਾਂ ਕਿਹਾ ਕਿ ਉਸਦਾ ਪੂਰਾ ਪਰਿਵਾਰ ਜਿਸ ਵਿਚ ਰਵੀ ਗਰਗ, ਉਸਦੀ ਪਤਨੀ ਰੂਬੀ ਗਰਗ, ਬੇਟਾ ਅਰੂਣ ਗਰਗ, ਬੇਟੀ ਸਪਨਾ ਗਰਗ ਵਾਸੀ ਅਜੀਤ ਰੋਡ ਨੇ ਮਿਲਕੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਨੇ ਇਨ੍ਹਾਂ ਸਾਰੇ ਮੁਲਾਜ਼ਮਾਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਜਦਕਿ ਗ੍ਰਿਫਤਾਰੀ ਦੇ ਡਰ ਤੋਂ ਪੂਰਾ ਪਰਿਵਾਰ ਹੀ ਗਾਇਬ ਹੈ। ਥਾਣਾ ਪ੍ਰਮੁੱਖ ਸੁਨੀਲ ਕੁਮਾਰ ਨੇ ਦੱਸਿਆ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਜੇਲ ਵਿਚ ਬੰਦ ਕਰ ਦਿੱਤਾ ਜਾਵੇਗਾ।


KamalJeet Singh

Content Editor

Related News