ਨੌਕਰੀ ਦਾ ਝਾਂਸਾ ਦੇ ਕੇ ਮੁਟਿਆਰਾਂ ਦਾ ਸ਼ੋਸ਼ਣ ਕਰਨ ਵਾਲਾ ਗਿਰੋਹ

Wednesday, Jun 19, 2024 - 02:29 AM (IST)

ਨੌਕਰੀ ਦਾ ਝਾਂਸਾ ਦੇ ਕੇ ਮੁਟਿਆਰਾਂ ਦਾ ਸ਼ੋਸ਼ਣ ਕਰਨ ਵਾਲਾ ਗਿਰੋਹ

ਭਾਰਤ ਹੁਣ ਘਪਲਿਆਂ ਦਾ ਦੇਸ਼ ਬਣ ਕੇ ਰਹਿ ਗਿਆ ਹੈ। ਕੋਈ ਵੀ ਖੇਤਰ ਅਜਿਹਾ ਨਹੀਂ ਬਚਿਆ ਜਿਸ ’ਚ ਕੋਈ ਨਾ ਕੋਈ ਘਪਲਾ ਜਾਂ ਹੇਰਾਫੇਰੀ ਨਾ ਹੋ ਰਹੀ ਹੋਵੇ। ਇਨ੍ਹਾਂ ’ਚ ਸਰਕਾਰੀ ਅਤੇ ਗੈਰ-ਸਰਕਾਰੀ ਨੌਕਰੀਆਂ ਜਾਂ ਰੋਜ਼ਗਾਰ ਦੇਣ ਦੇ ਨਾਂ ’ਤੇ ਕੀਤੀ ਜਾ ਰਹੀ ਹੇਰਾਫੇਰੀ ਵੀ ਸ਼ਾਮਲ ਹੈ ਅਤੇ ਹੁਣ ਤਾਂ ਲੋੜਵੰਦ ਪਰਿਵਾਰਾਂ ਦੀਆਂ ਮੁਟਿਆਰਾਂ ਨੂੰ ਨੌਕਰੀ ਦੇਣ ਦਾ ਲਾਲਚ ਦੇ ਕੇ ਉਨ੍ਹਾਂ ਦਾ ਸੈਕਸ ਸ਼ੋਸ਼ਣ ਤੱਕ ਕੀਤਾ ਜਾਣ ਲੱਗਾ ਹੈ।

ਹਾਲ ਹੀ ’ਚ ਬਿਹਾਰ ਦੇ ਮੁਜ਼ੱਫਰਨਗਰ ’ਚ ‘ਡੀ.ਵੀ.ਆਰ. ਮਾਰਕੀਟਿੰਗ’ ਨਾਂ ਦੀ ਇਕ ਫਰਜ਼ੀ ਕੰਪਨੀ ’ਚ 50,000 ਰੁਪਏ ਮਹੀਨਾ ਤੱਕ ਦੀ ਚੰਗੀ ਤਨਖਾਹ ਦੇਣ ਦਾ ਝਾਂਸਾ ਦੇ ਕੇ ਕਈ ਮੁਟਿਆਰਾਂ ਨੂੰ ਮਹੀਨਿਆਂ ਤੱਕ ਬੰਧਕ ਬਣਾ ਕੇ ਰੱਖਣ ਅਤੇ ਉਨ੍ਹਾਂ ਦਾ ਸੈਕਸ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਦੋਸ਼ੀਆਂ ਤੋਂ ਬਚ ਕੇ ਅਦਾਲਤ ’ਚ ਪੁੱਜੀ ਇਕ ਪੀੜਤਾ ਦੀ ਸ਼ਿਕਾਇਤ ’ਤੇ ਇਰਫਾਨ, ਤਿਲਕ ਸਿੰਘ, ਅਹਿਮਦ ਰਜਾ, ਹਰੇ ਰਾਮ, ਮਨੀਸ਼ ਸਿਨ੍ਹਾ, ਐਨਾਮੁਲ ਅੰਸਾਰੀ, ਵਿਜੇ ਕੁਸ਼ਵਾਹਾ ਅਤੇ ਕਨ੍ਹੱਈਆ ਕੁਸ਼ਵਾਹਾ ਸਮੇਤ 9 ਵਿਅਕਤੀਆਂ ਦੇ ਵਿਰੁੱਧ ਛਪਰਾ ਦੇ ‘ਮਸਰਖ’ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ’ਚੋਂ ਤਿਲਕ ਸਿੰਘ ਨੂੰ 18 ਜੂਨ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।

ਪੀੜਤਾ ਦੇ ਅਨੁਸਾਰ ਦੋਸ਼ੀਆਂ ਨੇ ਉਸ ਨੂੰ ਨੌਕਰੀ ਦਾ ਲਾਲਚ ਦੇ ਕੇ ਹਾਜੀਪੁਰ (ਬਿਹਾਰ) ਦੀ ‘ਡੀ.ਵੀ.ਆਰ. ਕੰਪਨੀ’ ’ਚ ਡਾਕੂਮੈਂਟ ਅਤੇ 20,500 ਰੁਪਏ ਲੈ ਕੇ ਸੱਦਿਆ। ਆਪਣੀ ਮਾਸੀ ਕੋਲੋਂ ਕਰਜ਼ਾ ਲੈ ਕੇ ਪੀੜਤਾ ਨੇ ਹਾਜੀਪੁਰ ’ਚ ਜੁਆਇਨ ਕੀਤਾ ਪਰ ਉੱਥੇ ਕੰਮ ਦੀ ਬਜਾਏ ਉਸ ਨੂੰ ਨੌਕਰੀ ਦੇ ਨਾਂ ’ਤੇ ਲੋਕਾਂ ਨੂੰ ਫਰਾਡ ਕਾਲ ਕਰ ਕੇ ਉਨ੍ਹਾਂ ਨੂੰ ‘ਕੰਪਨੀ’ ਦੇ ਨਾਲ ਜੋੜਨ ਦਾ ਤਰੀਕਾ ਸਿਖਾਇਆ ਜਾਣ ਲੱਗਾ।

ਪੀੜਤਾ ਨੇ ਵੀ ਆਪਣੇ ਰਾਹੀਂ 21 ਵਿਅਕਤੀਆਂ ਨੂੰ ਕੰਪਨੀ ਦੇ ਨਾਲ ਜੋੜਿਆ ਜਿਨ੍ਹਾਂ ਕੋਲੋਂ ਕੰਪਨੀ ਨੇ 20,500 ਰੁਪਏ ਲੈ ਲਏ। ਜੋ ਲੜਕੀਆਂ ਹੋਰ ਗਾਹਕਾਂ ਨੂੰ ਨਹੀਂ ਜੋੜ ਸਕਦੀਆਂ ਸਨ, ਉਨ੍ਹਾਂ ਨੂੰ ਬੈਲਟ ਨਾਲ ਕੁੱਟਿਆ-ਮਾਰਿਆ ਤੇ ਸਿਗਰਟ ਨਾਲ ਦਾਗਿਆ ਜਾਂਦਾ ਸੀ।

ਹਾਜੀਪੁਰ ’ਚ ਸਭ ਤੋਂ ਵੱਧ ਕੁੜੀਆਂ ਨੂੰ ਰੱਖਿਆ ਗਿਆ। ਪੀੜਤਾ ਦੇ ਅਨੁਸਾਰ ਉਹ 2021 ’ਚ ਫੇਸਬੁੱਕ ਰਾਹੀਂ ਦੋਸ਼ੀਆਂ ਨਾਲ ਜੁੜੀ ਪਰ ਅੱਜ ਤੱਕ ਇਕ ਵਾਰ ਵੀ ਤਨਖਾਹ ਨਹੀਂ ਮਿਲੀ। ਬਸ ਕੁੱਟ ਕੇ ਅਤੇ ਹੋਰਨਾਂ ਢੰਗਾਂ ਨਾਲ ਸਭ ਨੂੰ ਡਰਾ ਕੇ ਰੱਖਿਆ ਜਾਂਦਾ ਸੀ। ਇਸ ਦੌਰਾਨ ਮੁਟਿਆਰਾਂ ਦੀਆਂ ਤਸਵੀਰਾਂ ਲਈਆਂ ਜਾਂਦੀਆਂ ਅਤੇ ਉਨ੍ਹਾਂ ਨਾਲ ਛੇੜਛਾੜ ਕਰ ਕੇ ਇੰਟਰਨੈੱਟ ’ਤੇ ਪਾਉਣ ਦੀ ਧਮਕੀ ਦੇ ਕੇ ਬਲੈਕਮੇਲ ਕੀਤਾ ਜਾਂਦਾ ਸੀ।

ਪੀੜਤਾ ਦੇ ਅਨੁਸਾਰ ਨਸ਼ਾ ਦੇ ਕੇ ਸਾਰੀਆਂ ਮੁਟਿਆਰਾਂ ਦੀ ਕੁੱਟਮਾਰ ਕੀਤੀ ਜਾਂਦੀ ਤੇ ਵੀਡੀਓ ਬਣਾਏ ਜਾਂਦੇ ਅਤੇ ਇਕ ਮੁਟਿਆਰ ਵੱਲੋਂ ਵਿਰੋਧ ਕਰਨ ’ਤੇ ਦੋਸ਼ੀਆਂ ਨੇ ਉਸ ਦੇ ਭਰਾ ਦੀ ਹੱਤਿਆ ਅਤੇ ਅਗਵਾ ਦੀ ਧਮਕੀ ਤੱਕ ਦਿੱਤੀ।

ਮੁਜ਼ੱਫਰਪੁਰ ਦੇ ਦਫਤਰ ’ਚ ਛਾਪਾ ਪੈਣ ’ਤੇ ਦੋਸ਼ੀ ਉਸ ਨੂੰ ਲੈ ਕੇ ਹਾਜੀਪੁਰ ਚਲੇ ਗਏ। ਪੀੜਤਾ ਅਨੁਸਾਰ ਜਦੋਂ ਉਹ ਗਰਭਵਤੀ ਹੋਈ ਤਾਂ ਦਵਾਈ ਖਵਾ ਕੇ ਤਿੰਨ ਵਾਰ ਉਸ ਦਾ ਗਰਭਪਾਤ ਵੀ ਕਰਾਇਆ ਗਿਆ। ਫਿਰ ਨਕਲੀ ਵਿਆਹ ਕਰ ਕੇ ਸੈਕਸ ਸ਼ੈਸ਼ਣ ਕੀਤਾ ਗਿਆ। ਹੋਰਨਾਂ ਮੁਟਿਆਰਾਂ ਨੂੰ ਵੀ ਵਿਆਹ ਲਈ ਮਜਬੂਰ ਕੀਤਾ ਗਿਆ ਅਤੇ ਗਰਭਵਤੀ ਹੋਣ ’ਤੇ ਉਨ੍ਹਾਂ ਦਾ ਵੀ ਗਰਭਪਾਤ ਕਰਾਇਆ ਗਿਆ।

ਪੁਲਸ ਨੇ ਦੱਸਿਆ ਕਿ ਇਸ ਫਰਾਡ ਕੰਪਨੀ ’ਤੇ ਉੱਤਰ ਪ੍ਰਦੇਸ਼ ਤੋਂ ਲੈ ਕੇ ਬਿਹਾਰ ਦੇ ਵੱਖ-ਵੱਖ ਜ਼ਿਲਿਆਂ ’ਚ ਇਕ ਦਰਜਨ ਤੋਂ ਵੱਧ ਕੇਸ ਦਰਜ ਹਨ। ਕੰਪਨੀ ਦੇ ਨਾਮਜ਼ਦ ਦੋਸ਼ੀਆਂ ਨੇ ਨੌਕਰੀ ਦੇ ਨਾਂ ’ਤੇ ਇਕ ਹੋਰ ਮੁਟਿਆਰ ਨੂੰ ਕਿਹਾ ਕਿ ਸ਼ੁਰੂਆਤ ’ਚ ਉਸ ਨੂੰ 20,000 ਰੁਪਏ ਮਿਲਣਗੇ।

ਉਸ ਨੂੰ ਇਹ ਝਾਂਸਾ ਵੀ ਦਿੱਤਾ ਗਿਆ ਕਿ ਕੰਪਨੀ ’ਚ ਹੋਰ ਲੜਕੇ-ਲੜਕਿਆਂ ਨੂੰ ਜੁਆਇਨ ਕਰਵਾਉਣ ’ਤੇ ਉਸ ਨੂੰ 50,000 ਰੁਪਏ ਮਹੀਨਾ ਮਿਲਣ ਲੱਗਣਗੇ। ਪੀੜਤਾ ਨੇ 53 ਨੌਜਵਾਨਾਂ-ਮੁਟਿਆਰਾਂ ਨੂੰ ਇਸ ਕੰਪਨੀ ’ਚ ਜੁਆਇਨ ਕਰਾਇਆ ਪਰ ਜਦੋਂ ਵੀ ਉਹ ਤਨਖਾਹ ਮੰਗਦੀ ਤਾਂ ਦੋਸ਼ੀ ਕਹਿੰਦੇ ਕਿ ਉਹ ਹੁਣ ਫਰਮ ਦੀ ਸ਼ੇਅਰ ਹੋਲਡਰ ਬਣ ਗਈ ਹੈ।

ਇਹ ਤਾਂ ਸਿਰਫ ਇਕ ਗਿਰੋਹ ਦੀ ਗੱਲ ਹੈ, ਅਜਿਹੇ ਪਤਾ ਨਹੀਂ ਕਿੰਨੇ ਗਿਰੋਹ ਦੇਸ਼ ’ਚ ਲੋੜਵੰਦ ਮੁਟਿਆਰਾਂ ਨੂੰ ਰੋਜ਼ਗਾਰ ਦੇਣ ਦੇ ਬਹਾਨੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹੋਣਗੇ। ਰੋਜ਼ਗਾਰ ਨਾ ਹੋਣ ਕਾਰਨ ਆਰਥਿਕ ਤੰਗੀ ਦੇ ਸ਼ਿਕਾਰ ਲੋਕਾਂ ਦੀ ਮਜਬੂਰੀ ਦਾ ਲਾਭ ਉਠਾਉਂਦੇ ਹੋਏ ਉਨ੍ਹਾਂ ਨੂੰ ਠੱਗਣਾ ਗੰਭੀਰ ਅਪਰਾਧ ਹੈ।

ਇਸ ਲਈ ਬੇਰੋਜ਼ਗਾਰ ਲੋਕਾਂ ਨੂੰ ਨੌਕਰੀਆਂ ਦੇ ਨਾਂ ’ਤੇ ਧੋਖਾ ਦੇਣ ਅਤੇ ਔਰਤਾਂ ਦਾ ਸੈਕਸ ਸ਼ੋਸ਼ਣ ਕਰਨ ਦੇ ਜ਼ਿੰਮੇਵਾਰ ਵਿਅਕਤੀਆਂ ’ਤੇ ਫਾਸਟ ਟ੍ਰੈਕ ਅਦਾਲਤਾਂ ’ਚ ਕੇਸ ਚਲਾ ਕੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਸਰਕਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਬਿਜ਼ਨੈੱਸ ਕਰਨ ਵਾਲੀਆਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰਨੀ ਚਾਹੀਦੀ ਹੈ ਅਤੇ ਸੂਬਾ ਸਰਕਾਰਾਂ ਨੂੰ ਸਾਈਬਰ ਕ੍ਰਾਈਮ ਸੈੱਲ ਰਾਹੀਂ ਮਾਰਕੀਟਿੰਗ ਕੰਪਨੀਆਂ ਦੀ ਕਾਰਜਸ਼ੈਲੀ ’ਤੇ ਸਖਤ ਨਜ਼ਰ ਰੱਖਣ ਦੇ ਹੁਕਮ ਦੇਣੇ ਚਾਹੀਦੇ ਹਨ।

-ਵਿਜੇ ਕੁਮਾਰ


author

Harpreet SIngh

Content Editor

Related News