ਬੀੜ ਸਾਹਿਬ ਮੱਥਾ ਟੇਕਣ ਆਈ ਜਨਾਨੀ ਦਾ ਮੋਬਾਇਲ ਖੋਹ ਭੱਜੇ 3 ਨੌਜਵਾਨ, ਲੋਕਾਂ ਨੇ ਫੜ ਕੇ ਕੀਤਾ ਪੁਲਸ ਹਵਾਲੇ

07/03/2022 5:18:00 PM

ਝਬਾਲ (ਨਰਿੰਦਰ) - ਇਤਿਹਾਸਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਮੱਥਾ ਟੇਕ ਕੇ ਅੱਡਾ ਠੱਠਾ ਵਿਖੇ ਬੱਸ ਦੀ ਉਡੀਕ ਵਿਚ ਬੈਠੀ ਇਕ ਜਨਾਨੀ ਦੇ ਹੱਥ ’ਚੋਂ 3 ਨੌਜਵਾਨਾਂ ਵਲੋਂ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਜਨਾਨੀ ਨੇ ਲੁਟੇਰਿਆਂ ਦੇ ਆਉਣ ’ਤੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਸੁਣ ਕੇ ਆਲੇ-ਦੁਆਲੇ ਬੈਠੇ ਕੁਝ ਵਿਅਕਤੀ ਗੁਰਮੀਤ ਸਿੰਘ ਝਬਾਲ, ਵਰਿੰਦਰਪਾਲ ਸਿੰਘ ਠੱਠਾ, ਅੰਮ੍ਰਿਤਪਾਲ ਸਿੰਘ ਅਤੇ ਸੁਖਚੈਨ ਸਿੰਘ ਨੇ ਹਿੰਮਤ ਕਰਦਿਆਂ ਉਕਤ ਨੌਜਵਾਨਾਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੂੰ ਕੁਝ ਦੂਰੀ ਤੋਂ ਫੜ ਲਿਆ।

ਇਸ ਦੌਰਾਨ ਨੌਜਵਾਨਾਂ ਨੇ ਮੰਨਿਆ ਕਿ ਉਹ ਇਹੋ ਜਿਹੀਆਂ ਲੁੱਟਾਂ-ਖੋਹਾਂ ਸਿਰਫ਼ ਨਸ਼ੇ ਦੀ ਪੂਰਤੀ ਲਈ ਕਰਦੇ ਹਨ। ਉਨ੍ਹਾਂ ਮੰਨਿਆ ਕਿ ਨੇੜਲੇ ਪਿੰਡ ਜਗਤਪੁਰਾ ਦੇ ਇਕ ਘਰ ਤੋਂ 200 ਰੁਪਏ ਦੇ ਹਿਸਾਬ ਨਾਲ ਨਸ਼ਾ ਖਰੀਦਦੇ ਹਨ, ਜਿੱਥੇ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਇਹ ਮੋਬਾਇਲ ਵੀ ਉਸੇ ਨੂੰ ਹੀ ਵੇਚਣਾ ਸੀ। ਵਰਨਣਯੋਗ ਹੈ ਕਿ ਜਿਸ ਘਰ ਤੋਂ ਨਸ਼ਾ ਲੈਣ ਦਾ ਇਨ੍ਹਾਂ ਨੌਜਵਾਨਾਂ ਨੇ ਜ਼ਿਕਰ ਕੀਤਾ, ਉਸ ਵਿਅਕਤੀ ਦੀ ਨਸ਼ਾ ਵੇਚਣ ਦੀ ਕੁਝ ਸਾਲ ਪਹਿਲਾ ਵੀਡੀਓ ਖੂਬ ਵਾਇਰਲ ਹੋਈ ਸੀ। ਬਾਅਦ ਵਿਚ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਝਬਾਲ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਫਡ਼ੇ ਗਏ ਤਿੰਨਾਂ ਨੌਜਵਾਨਾਂ ਕੋਲੋ ਹੋਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦੋਂ ਇਨ੍ਹਾਂ ਵਲੋਂ ਨਸ਼ਾ ਵੇਚਣ ਵਾਲੇ ਜਗਤਪੁਰਾ ਵਾਸੀ ਦੇ ਘਰ ਪੁਲਸ ਵਲੋਂ ਰੇਡ ਕੀਤੀ ਗਈ ਹੈ, ਜੋ ਮਿਲਿਆ ਨਹੀਂ। ਉਨ੍ਹਾਂ ਕਿਹਾ ਕਿ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕੋਈ ਵੀ ਹੋਵੇ ਅਤੇ ਇਸ ਨੂੰ ਵੀ ਜਲਦੀ ਫੜ ਕੇ ਸਲਾਖਾ ਪਿੱਛੇ ਭੇਜਿਆ ਜਾਵੇਗਾ


rajwinder kaur

Content Editor

Related News