ਹੁਣ ਤੱਕ 634136 ਐੱਮ. ਟੀ. ਹੋਈ ਕਣਕ ਦੀ ਖ਼ਰੀਦ, ਲਿਫਟਿੰਗ ਦਾ ਕੰਮ 49 ਫ਼ੀਸਦੀ ਪੂਰਾ

Monday, May 08, 2023 - 04:40 PM (IST)

ਹੁਣ ਤੱਕ 634136 ਐੱਮ. ਟੀ. ਹੋਈ ਕਣਕ ਦੀ ਖ਼ਰੀਦ, ਲਿਫਟਿੰਗ ਦਾ ਕੰਮ 49 ਫ਼ੀਸਦੀ ਪੂਰਾ

ਅੰਮ੍ਰਿਤਸਰ (ਨੀਰਜ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਨਾਜ ਮੰਡੀਆਂ ’ਚ ਕੀਤੇ ਗਏ ਕਣਕ ਦੇ ਪੁਖਤਾ ਪ੍ਰਬੰਧਾਂ ਕਾਰਨ ਕਣਕ ਖਰੀਦ ਦੇ ਕੰਮ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ ਸਾਲ 6,08,498 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ ਪਰ ਇਸ ਸਾਲ 6 ਮਈ ਤੱਕ ਹੀ 6,34,136 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ, ਜਦਕਿ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ’ਚ ਅਜੇ ਵੀ ਕਣਕ ਦੀ ਆਮਦ ਹੋ ਰਹੀ ਹੈ। ਬੇਮੌਸਮੇ ਮੀਂਹ ਕਾਰਨ ਕਈ ਇਲਾਕਿਆਂ ’ਚ ਕਣਕ ਦੀ ਫ਼ਸਲ ਵੀ ਵਿਛ ਗਈ ਸੀ ਅਤੇ ਨੁਕਸਾਨ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਪਰ ਇਸ ਦੇ ਉਲਟ ਇਸ ਵਾਰ ਕਣਕ ਦਾ ਝਾੜ ਪ੍ਰਤੀ ਏਕੜ 2 ਤੋਂ 3 ਕੁਇੰਟਲ ਜ਼ਿਆਦਾ ਹੋਇਆ ਹੈ, ਜਿਸ ਨਾਲ ਕਿਸਾਨ ਵੀ ਖੁਸ਼ ਹਨ।

ਚਾਰ ਟਰਾਂਸਪੋਰਟ ਠੇਕੇਦਾਰਾਂ ਦੇ ਟੈਂਡਰ ਰੱਦ

ਕਣਕ ਦੀ ਲਿਫ਼ਟਿੰਗ ਕਰਨ ਲਈ ਟ੍ਰਾਂਸਪੋਰਟੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਚੇਅਰਮੈਨ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਵੱਲੋਂ ਚਾਰ ਟ੍ਰਾਂਸਪੋਰਟ ਠੇਕੇਦਾਰਾਂ ਦੇ ਟੈਂਡਰ ਰੱਦ ਕੀਤੇ ਗਏ ਅਤੇ ਉਨ੍ਹਾਂ ਨੂੰ ਬਲੈਕਲਿਸਟ ’ਚ ਪਾ ਦਿੱਤਾ ਗਿਆ ਹੈ। ਪਨਗ੍ਰੇਨ ਸਮੇਤ ਹੋਰ ਖ਼ਰੀਦ ਏਜੰਸੀਆਂ ਵੱਲੋਂ ਠੇਕੇਦਾਰਾਂ ਨੂੰ ਕੰਮ ਦੇ ਕੇ ਟ੍ਰਾਲੀਆਂ ਦੀ ਸਹੂਲਤ ਦੇ ਕੇ ਲਿਫ਼ਟਿੰਗ ਦੇ ਕੰਮ ’ਚ ਤੇਜ਼ੀ ਲਿਆਂਦੀ ਗਈ ਹੈ, ਜਿਸ ਕਾਰਨ ਜ਼ਿਲ੍ਹੇ ’ਚ ਹੁਣ ਤੱਕ 49 ਫ਼ੀਸਦੀ ਲਿਫ਼ਟਿੰਗ ਹੋ ਚੁੱਕੀ ਹੈ ਅਤੇ ਜਿਨ੍ਹਾਂ ਮੰਡੀਆਂ ’ਚ ਲਿਫ਼ਟਿੰਗ ਦੀ ਸਮੱਸਿਆ ਆ ਰਹੀ ਹੈ, ਉਥੇ ਡੀ. ਸੀ. ਦੇ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ: ਸ਼ੱਕੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਪ੍ਰਗਟਾਇਆ ਕਤਲ ਦਾ ਖ਼ਦਸ਼ਾ

ਵਾਹਨਾਂ ’ਤੇ ਪਹਿਲੀ ਵਾਰ ਲਾਇਆ ਗਿਆ ਜੀ. ਪੀ. ਐੱਸ. ਸਿਸਟਮ

ਕਣਕ ਖ਼ਰੀਦ ਦੇ ਇਤਿਹਾਸ ’ਚ ਪਹਿਲੀ ਵਾਰ ਲਿਫ਼ਟਿੰਗ ਕਰਨ ਵਾਲੇ ਟਰਾਂਸਪੋਰਟ ਵਾਹਨਾਂ ’ਚ ਜੀ. ਪੀ. ਐੱਸ. ਸਿਸਟਮ ਲਾਇਆ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਹੇਰਾਫੇਰੀ ਦੀ ਸੰਭਾਵਾਨਾ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਜਾਵੇ। ਪਿਛਲੇ ਸਾਲਾਂ ਦੌਰਾਨ ਦੇਖਣ ’ਚ ਆਇਆ ਸੀ ਕਿ ਕਣਕ ਨਾਲ ਲੱਦੇ ਟਰੱਕ ਗਾਇਬ ਹੋ ਜਾਂਦੇ ਸਨ ਅਤੇ ਚੋਰੀ ਹੋ ਜਾਂਦੀ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ ਹੈ।

ਬਾਹਰੀ ਸੂਬਿਆਂ ਤੋਂ ਆਉਣ ਵਾਲੀ ਕਣਕ ’ਤੇ ਵੀ ਲੱਗੀ ਬ੍ਰੇਕ

ਪਿਛਲੇ ਸਾਲਾਂ ਦੌਰਾਨ ਦੇਖਣ ’ਚ ਆਇਆ ਸੀ ਕਿ ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਦੀ ਕਣਕ ਵੀ ਪੰਜਾਬ ਦੀ ਅਨਾਜ ਮੰਡੀਆਂ ’ਚ ਵਿਕਣ ਲਈ ਆ ਜਾਂਦੀ ਸੀ ਪਰ ਇਸ ਵਾਰ ਪ੍ਰਸ਼ਾਸਨ ਦੀ ਸਖ਼ਤੀ ਕਾਰਨ ਬਾਹਰੀ ਸੂਬਿਆਂ ਦਾ ਅਨਾਜ ਨਾ ਤਾਂ ਅੰਮ੍ਰਿਤਸਰ ਅਤੇ ਨਾ ਹੀ ਕਿਸੇ ਹੋਰ ਜ਼ਿਲ੍ਹੇ ਦੀ ਅਨਾਜ ਮੰਡੀਆਂ ’ਚ ਆਇਆ ਹੈ।

ਇਹ ਵੀ ਪੜ੍ਹੋ- ਲਾਪ੍ਰਵਾਹੀ ਦੀ ਹੱਦ! ਵੈਂਟੀਲੇਟਰ ਨਾ ਹੋਣ ਤੇ ਮਾਂ-ਪਿਓ ਨੂੰ ਦੇ ਦਿੱਤਾ ਐਂਬੂ ਬੈਗ, ਨਵਜਾਤ ਦੀ ਮੌਤ

ਫੂਡ ਸਪਲਾਈ ਵਿਭਾਗ ਅੱਵਲ, ਐੱਫ. ਸੀ. ਆਈ. ਸਭ ਤੋਂ ਪਿੱਛੇ

ਕਣਕ ਖ਼ਰੀਦ ਕਰਨ ਦੇ ਮਾਮਲੇ ’ਚ ਫੂਡ ਸਪਲਾਈ ਵਿਭਾਗ ਅੱਵਲ ਰਿਹਾ ਹੈ, ਜਦਕਿ ਸਭ ਤੋਂ ਘੱਟ ਕਣਕ ਖ਼ਰੀਦ ਐੱਫ. ਸੀ. ਆਈ. ਵੱਲੋਂ ਕੀਤੀ ਗਈ ਹੈ। ਪਨਗ੍ਰੇਨ (ਫੂਡ ਸਪਲਾਈ ਵਿਭਾਗ) ਵੱਲੋਂ 1,88,600 ਮੀਟ੍ਰਿਕ ਟਨ ਖ਼ਰੀਦ ਕੀਤੀ ਗਈ ਹੈ, ਐੱਫ. ਸੀ. ਆਈ. ਵੱਲੋਂ 22,818, ਮਾਰਕਫੈੱਡ ਵੱਲੋਂ 13,713, ਪਨਸਪ ਵੱਲੋਂ 127062 ਅਤੇ ਵੇਅਰਹਾਊਸ ਵੱਲੋਂ 122333 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।

ਇਹ ਵੀ ਪੜ੍ਹੋ- ਦਿੱਲੀ-ਅੰਮ੍ਰਿਤਸਰ ਬੁਲੇਟ ਟਰੇਨ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ, ਮੌਜੂਦਾ ਪੀੜ੍ਹੀ ਦਾ ਸੁਫ਼ਨਾ ਪੂਰਾ ਹੋਣ ’ਚ ਦੇਰ

ਸਾਰੇ ਵਿਭਾਗਾਂ ਦੇ ਤਾਲਮੇਲ ਨਾਲ ਸੰਭਵ ਹੋਇਆ ਕਣਕ ਖ਼ਰੀਦ ਦਾ ਕੰਮ

ਕਣਕ ਖਰੀਦ ’ਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ ਅਤੇ ਮੰਡੀਆਂ ’ਚ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ, ਇਸ ਦੇ ਲਈ ਫੂਡ ਸਪਲਾਈ ਵਿਭਾਗ ਸਮੇਤ ਸਾਰੀ ਖ਼ਰੀਦ ਏਜੰਸੀਆਂ, ਟ੍ਰਾਂਸਪੋਰਟ ਵਿਭਾਗ, ਪੰਜਾਬ ਮੰਡੀਕਰਨ ਬੋਰਡ ਤੇ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਸਭ ਦੇ ਸਹਿਯੋਗ ਨਾਲ ਕਣਕ ਖ਼ਰੀਦ ਕਾ ਕੰਮ ਸੰਭਵ ਹੋਇਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Anuradha

Content Editor

Related News