ਪਿੰਡ ਦੀ ਪੰਚਾਇਤ ਨੇ ਬਿਜਲੀ ਘਰ ''ਚ ਕੀਤੀ ਭੰਨਤੋੜ, ਸਹਾਇਕ ਲਾਈਨਮੈਨ ਦਾ ਚਾੜ੍ਹਿਆ ਕੁਟਾਪਾ

06/06/2020 7:08:13 PM

ਵਲਟੋਹਾ,(ਗੁਰਮੀਤ)-ਥਾਣਾ ਸਦਰ ਪੱਟੀ ਅਧੀਨ ਆਉਂਦੇ ਪਿੰਡ ਮਾਡਲ (ਬੋਪਾਰਾਏ) ਸਥਿਤ ਬਿਜਲੀ ਘਰ 'ਚ ਤਾਇਨਾਤ ਸਹਾਇਕ ਲਾਈਨਮੈਨ ਸੁਖਦੇਵ ਸਿੰਘ ਦੀ ਪਿੰਡ ਦੇ ਹੀ ਸਰਪੰਚ ਅਤੇ ਹੋਰਨਾਂ ਲੋਕਾਂ ਵਲੋਂ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਸਥਾਨਕ ਬਿਜਲੀ ਘਰ 'ਚ ਡਿਊਟੀ ਕਰਦਾ ਹੈ। ਬੀਤੇ ਦਿਨੀਂ ਪਿੰਡ ਧਾਰੀਵਾਲ ਵਿਖੇ ਬਿਜਲੀ ਸਪਲਾਈ ਬੰਦ ਸੀ, ਜਿਸ ਦੀ ਮੁਰੰਮਤ ਕਰਨ ਵਾਸਤੇ ਉਨ੍ਹਾਂ ਬਿਜਲੀ ਘਰ ਤੋਂ ਪਰਮਿਟ ਲੈ ਕੇ ਬਾਕੀ ਪਿੰਡਾਂ ਦੀ ਵੀ ਬਿਜਲੀ ਸਪਲਾਈ ਬੰਦ ਕੀਤੀ ਸੀ। ਪਿੰਡ ਧਾਰੀਵਾਲ ਵਿਖੇ ਬਿਜਲੀ ਦੀ ਮੁਰੰਮਤ ਕਰਕੇ ਜਦ ਉਹ ਵਾਪਸ ਬਿਜਲੀ ਘਰ ਪਹੁੰਚੇ ਤਾਂ ਉਥੇ ਪਹਿਲਾਂ ਹੀ ਪਿੰਡ ਦਾ ਸਰਪੰਚ ਅਤੇ ਹੋਰ ਲੋਕ ਮੌਜੂਦ ਸੀ। ਜਿੰਨ੍ਹਾਂ ਨੇ ਉਸ ਨਾਲ ਕਥਿਤ ਤੌਰ 'ਤੇ ਗਾਲੀ ਗਲੋਚ ਕਰਦਿਆਂ ਹਮਲਾ ਕੀਤਾ ਅਤੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਉਕਤ ਵਿਅਕਤੀਆਂ ਵਲੋਂ ਬਿਜਲੀ ਘਰ ਦੀ ਵੀ ਭੰਨਤੋੜ ਕੀਤੀ ਗਈ। ਇਸ ਘਟਨਾ ਸਬੰਧੀ ਉਸ ਵਲੋਂ 100 ਨੰਬਰ 'ਤੇ ਫੋਨ ਕੀਤਾ ਪਰ ਪੁਲਸ ਨੇ ਕੋਈ ਸੁਣਵਾਈ ਨਹੀਂ ਕੀਤੀ ਅਤੇ ਥਾਣੇ ਵਿਚ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਵੀ ਪੁਲਸ ਅਜੇ ਤੱਕ ਮੌਕਾ ਵੇਖਣ ਨਹੀਂ ਆਈ। ਉਸ ਨੇ ਮੰਗ ਕੀਤੀ ਕਿ ਕੁੱਟ-ਮਾਰ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਐੱਸ. ਐੱਚ. ਓ. ਹਰਪ੍ਰੀਤ ਸਿੰਘ ਨਾਲ ਰਾਬਤਾ ਕੀਤਾ ਤਾਂ ਗਿਆ ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਸਰਪੰਚ ਨੇ ਦੋਸ਼ਾਂ ਨੂੰ ਨਕਾਰਿਆ 
ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪਿੰਡ ਬੋਪਾਰਾਏ ਦੀ ਬਿਜਲੀ ਸਪਲਾਈ 24 ਘੰਟੇ ਹੈ ਪਰ ਇਹ ਮੁਲਾਜ਼ਮ ਹੋਰਨਾਂ ਪਿੰਡਾਂ ਤੋਂ ਪੈਸੇ ਲੈ ਕੇ ਪਿਛਲੇ 7 ਦਿਨ ਤੋਂ ਸਿਰਫ 4 ਜਾਂ 5 ਘੰਟੇ ਹੀ ਬਿਜਲੀ ਸਪਲਾਈ ਦੇ ਰਹੇ ਹਨ। ਇਸ ਤੋਂ ਇਲਾਵਾ ਜਦੋਂ ਪੰਚਾਇਤ ਮੈਂਬਰ ਵਲੋਂ ਫੋਨ ਕੀਤਾ ਜਾਂਦਾ ਹੈ ਤਾਂ ਇਹ ਮੁਲਾਜ਼ਮ ਅੱਗੋਂ ਅਪਸ਼ਬਦ ਬੋਲਦੇ ਹਨ। ਅੱਜ ਵੀ ਜਦੋਂ ਸਾਰੀ ਪੰਚਾਇਤ ਬਿਜਲੀ ਬੰਦ ਹੋਣ ਦਾ ਕਾਰਨ ਪੁੱਛਣ ਗਈ ਤਾਂ ਇਨ੍ਹਾਂ ਫਿਰ ਅਪਸ਼ਬਦ ਬੋਲੇ ਜਿਸ ਕਾਰਨ ਤਕਰਾਰ ਹੋ ਗਿਆ।


Deepak Kumar

Content Editor

Related News