ਬੀ. ਆਰ. ਟੀ. ਸੀ. ਟ੍ਰੈਕ ’ਤੇ ਬੇਕਾਬੂ ਕਾਰ ਨੇ ਐਕਟਿਵਾ ਸਵਾਰ ਲਡ਼ਕੀ ਨੂੰ ਕੁਚਲਿਆ

Wednesday, Oct 03, 2018 - 01:52 AM (IST)

ਬੀ. ਆਰ. ਟੀ. ਸੀ. ਟ੍ਰੈਕ ’ਤੇ ਬੇਕਾਬੂ ਕਾਰ ਨੇ ਐਕਟਿਵਾ ਸਵਾਰ ਲਡ਼ਕੀ ਨੂੰ ਕੁਚਲਿਆ

ਅੰਮ੍ਰਿਤਸਰ,   (ਸੰਜੀਵ)-  ਵਾਹਗਾ ਸਰਹੱਦ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਥਾਣਾ ਕੰਟੋਨਮੈਂਟ ਦੇ ਬਾਹਰ ਇਕ ਐਕਟਿਵਾ ਸਵਾਰ ਲਡ਼ਕੀ ਨੂੰ ਆਪਣੀ ਲਪੇਟ ’ਚ ਲੈ ਕੇ ਬੁਰੀ ਤਰ੍ਹਾਂ ਕੁਚਲ ਦਿੱਤਾ। ਚਾਲਕ ਕਾਰ ਨੂੰ ਬੀ. ਆਰ. ਟੀ. ਸੀ. ਟ੍ਰੈਕ ’ਤੇ ਚਲਾ ਰਿਹਾ ਸੀ। ਟੱਕਰ ਤੋਂ ਬਾਅਦ ਕਾਰ ਇਸ ਕਦਰ ਬੇਕਾਬੂ ਹੋ ਗਈ ਕਿ ਬੀ. ਆਰ. ਟੀ. ਸੀ. ਦੀਆਂ ਗਰਿੱਲਾਂ ਨੂੰ ਤੋਡ਼ਦੀ ਹੋਈ ਸਡ਼ਕ ’ਤੇ ਉਤਰ ਗਈ, ਜਿਥੇ ਉਸ ਨੇ 2 ਰਾਹਗੀਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ਦੌਰਾਨ ਐਕਟਿਵਾ ਸਵਾਰ ਲਡ਼ਕੀ ਤੇ ਦੋਵੇਂ ਰਾਹਗੀਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਦੋਂ ਤੱਕ ਪੁਲਸ ਮੌਕੇ ’ਤੇ ਪਹੁੰਚ ਕੇ ਚਾਲਕ ਨੂੰ ਗ੍ਰਿਫਤਾਰ ਕਰਦੀ, ਉਹ ਫਰਾਰ ਹੋ ਚੁੱਕਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਏ. ਡੀ. ਸੀ. ਪੀ. ਲਖਬੀਰ ਸਿੰਘ ਪੁਲਸ ਬਲ ਨਾਲ ਮੌਕੇ ’ਤੇ ਪੁੱਜੇ ਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ।
ਜਾਣਕਾਰੀ ਅਨੁਸਾਰ ਅੱਜ ਸ਼ਾਮ ਵਾਹਗਾ ਸਰਹੱਦ ਤੋਂ ਕਾਰ ਨੰ. ਪੀ ਬੀ 06 ਟੀ 1869 ਬੀ. ਆਰ. ਟੀ. ਸੀ. ਟ੍ਰੈਕ ਦੇ ਵਿਚੋ-ਵਿਚ ਆ ਰਹੀ ਸੀ, ਜਿਵੇਂ ਹੀ ਗੱਡੀ ਥਾਣਾ ਕੰਟੋਨਮੈਂਟ ਦੇ ਠੀਕ ਸਾਹਮਣੇ ਪਹੁੰਚੀ, ਅੱਗੇ ਤੋਂ ਆ ਰਹੀ ਇਕ ਐਕਟਿਵਾ ਨੰ. ਪੀ ਬੀ 02 ਡੀ ਪੀ 3917 ’ਤੇ ਸਵਾਰ ਲਡ਼ਕੀ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਕਾਰ ਪੂਰੀ ਤਰ੍ਹਾਂ ਬੇਕਾਬੂ ਹੋ ਗਈ ਤੇ ਬੀ. ਆਰ. ਟੀ. ਸੀ. ਦੀਅਾਂ ਗਰਿੱਲਾਂ ਨੂੰ ਤੋਡ਼ ਕੇ ਮੇਨ ਰੋਡ ’ਤੇ ਉਤਰ ਗਈ, ਜਿਥੇ ਉਸ ਨੇ ਪੈਦਲ ਜਾ ਰਹੇ 2 ਰਾਹਗੀਰਾਂ ਨੂੰ ਵੀ ਜ਼ਖਮੀ ਕਰ ਦਿੱਤਾ।  
ਇਸ ਸਬੰਧੀ ਏ. ਡੀ. ਸੀ. ਪੀ. ਲਖਬੀਰ ਸਿੰਘ ਦਾ ਕਹਿਣਾ ਹੈ ਕਿ ਤਿੰਨਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ, ਜਦੋਂ ਕਿ ਦੂਜੇ ਪਾਸੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਫਰਾਰ ਹੋਏ ਉਸ ਦੇ ਚਾਲਕ ਦੀ ਪਛਾਣ ਕੀਤੀ ਜਾ ਰਹੀ ਹੈ।


Related News