ਟ੍ਰੈਫਿਕ ਕੰਟਰੋਲ ਕਰਨ ’ਚ ਪੁਲਸ ਬੇਵੱਸ

10/18/2018 5:39:59 AM

ਅੰਮ੍ਰਿਤਸਰ,   (ਇੰਦਰਜੀਤ/ਜਸ਼ਨ)-  ਟ੍ਰੈਫਿਕ ’ਤੇ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਤੇ ਟ੍ਰੈਫਿਕ ਵਿਭਾਗ ਜਿੰਨੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ, ਓਨੀ ਹੀ ਰਫਤਾਰ ਨਾਲ ਟ੍ਰੈਫਿਕ ਦੀ ਵਿਵਸਥਾ ਹੋਰ ਖ਼ਰਾੀ ਹੈ। ਹਾਲਾਤ ਇਹ ਬਣ ਰਹੇ ਹਨ ਕਿ ਅੰਮ੍ਰਿਤਸਰ ਦੇ ਅੰਦਰਲੇ ਖੇਤਰਾਂ ’ਚ ਅੱਧਾ ਕਿਲੋਮੀਟਰ ਸਫਰ ਤੈਅ ਕਰਨ ਲਈ ਘੰਟਿਆਂ ਭਰ ਵਾਹਨ ਚਾਲਕਾਂ ਨੂੰ ਭੀਡ਼ ਨਾਲ ਜੂਝਣਾ ਪੈਂਦਾ ਹੈ। ਉਥੇ ਹੀ ਦੂਜੇ ਪਾਸੇ ਵੱਡੀ ਤ੍ਰਾਸਦੀ ਇਹ ਵੀ ਹੈ ਕਿ ਜੀ. ਟੀ. ਰੋਡ ਜਿਥੇ ਭੀਡ਼ ਦੀ ਸਮੱਸਿਆ ਨਹੀਂ ਹੈ ਉਥੇ ਦੁਰਘਟਨਾਵਾਂ ਨੇ ਪੁਰਾਣੇ ਸਾਰੇ ਰਿਕਾਰਡ ਤੋਡ਼ ਦਿੱਤੇ ਹਨ। ਪੁਲਸ ਰਿਪੋਰਟਾਂ ਅਨੁਸਾਰ ਦੇਖਿਆ ਜਾਵੇ ਤਾਂ ਜੀ. ਟੀ.  ਰੋਡ ’ਤੇ ਐਕਸੀਡੈਂਟ ਦੀ ਗਿਣਤੀ ਜਿਥੇ ਅੱਗੇ ਤੋਂ ਵੱਧ ਰਹੀ ਹੈ, ਉਥੇ ਹੀ ਦੂਜੇ ਪਾਸੇ ਜ਼ਿਆਦਾ ਰਫਤਾਰ ਹੋਣ ਕਾਰਨ ਭਿਆਨਕ ਐਕਸੀਡੈਂਟ ਵੱਧ ਹੋ ਰਹੇ ਹਨ ਕਿਉਂਕਿ ਪਹਿਲਾਂ ਦੇ ਸਮੇਂ ਵਿਚ ਐਕਸੀਡੈਂਟ ਉਪਰੰਤ 40 ਫ਼ੀਸਦੀ ਲੋਕ ਸੁਰੱਖਿਅਤ ਰਹਿ ਜਾਂਦੇ ਸਨ, ਉਥੇ ਹੀ 50 ਫ਼ੀਸਦੀ ਦੇ ਕਰੀਬ ਹਾਦਸਿਆਂ ’ਚ ਜ਼ਖਮੀ ਹੋਣ ਦੀ ਸੂਚਨਾ ਮਿਲਦੀ ਸੀ, ਜਦੋਂ ਕਿ ਬਾਕੀ 10 ’ਚ 4 ਤੋਂ 6 ਵਿਅਕਤੀਅਾਂ ਦੇ ਮਾਰੇ ਜਾਣ ਦੀ ਸੂਚਨਾ ਮਿਲਦੀ ਸੀ, ਕੁਝ ਗੰਭੀਰ ਜ਼ਖਮੀ ਹੋ ਜਾਂਦੇ ਹਨ ਪਰ ਵਰਤਮਾਨ ਸਮੇਂ ’ਚ ਹਰ 10 ਐਕਸੀਡੈਂਟਾਂ ’ਚ 6 ਪਰਿਵਾਰ ਮਾਰੇ ਜਾ ਰਹੇ ਹਨ।  ਇਸ ਦਾ ਮੁੱਖ ਕਾਰਨ ਵਾਹਨਾਂ ਦੀ ਰਫਤਾਰ ਜੋ ਪਹਿਲਾਂ 60 ਤੋਂ 80 ਆਰ. ਪੀ. ਐੱਮ. ਦੇ ਵਿਚ ਚੱਲਦੀ ਸੀ ਪਰ ਹੁਣ ਬਹੁਤ ਜ਼ਿਆਦਾ ਮਹਿੰਗੇ ਤੇ ਤੇਜ਼ ਰਫਤਾਰ ਵਾਹਨ 120 ਤੋਂ ਲੈ ਕੇ 160 ਆਰ. ਪੀ. ਐੱਮ. ਦੀ ਰਫਤਾਰ ’ਚ ਚੱਲਦੇ ਹਨ।  ਇਸ ਵਿਚ ਵੱਡੀ ਗੱਲ ਹੈ ਕਿ ਪੁਲਸ ਆਪ ਇਨ੍ਹਾਂ ਹਾਦਸਿਆਂ ਅੱਗੇ ਬੇਵੱਸ ਹੋ ਗਈ ਹੈ।  
ਅੰਦਰੂਨੀ ਨਗਰ ਦੀ ਸਮੱਸਿਆ
ਵਰਤਮਾਨ ਸਮੇਂ ’ਚ ਅੰਮ੍ਰਿਤਸਰ ਦੇ ਅੰਦਰੂਨੀ ਨਗਰ ਵਿਚ ਜੋ ਖੇਤਰ ਗੁਰੂ ਦੀ ਨਗਰੀ ਦੇ 12 ਦਰਵਾਜੇ ਦੇ ਵਿਚ ਆਉਂਦੇ ਹਨ ਟ੍ਰੈਫਿਕ ਦੀ ਸਮੱਸਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਨ੍ਹਾਂ ’ਚ ਬੁੱਤ ਮਲਕਾ, ਕੈਰੋਂ ਮਾਰਕੀਟ, ਲਾਲ ਹੱਟੀ ਚੌਕ,  ਗੁਰੂ ਬਾਜ਼ਾਰ, ਸ਼ਾਸਤਰੀ ਮਾਰਕੀਟ, ਬੱਤੀ ਹੱਟ, ਚੌਕ ਲਕਸ਼ਮਣਸਰ, ਕੱਟਡ਼ਾ ਬੱਗੀਆਂ, ਝੀਲ ਮੰਡੀ, ਬਾਜ਼ਾਰ ਪਡ਼ਪੂੰਜਿਆ,  ਚਿੰਤਪੂਰਨੀ ਮੰਦਰ, ਸ਼ਿਵਾਲਾ ਮੰਦਰ, ਮਜੀਠ ਮੰਡੀ, ਗੰਡਾ ਵਾਲਾ ਬਾਜ਼ਾਰ ਆਦਿ 150 ਤੋਂ ਵੱਧ ਅਜਿਹੇ ਇਲਾਕੇ ਹਨ ਜਿਥੇ ਪੈਦਲ ਚੱਲਣਾ ਵੀ ਮੁਸ਼ਕਿਲ ਹੈ, ਉਥੇ ਹੀ ਦੂਜੇ ਪਾਸੇ ਹਾਲ ਬਾਜ਼ਾਰ, ਰਾਮ ਬਾਗ, ਗੋਲ ਹੱਟੀ ਚੌਕ, ਕੱਟਡ਼ਾ ਸ਼ੇਰ ਸਿੰਘ,  ਕੱਟਡ਼ਾ ਜੈਮਲ ਸਿੰਘ, ਚੌਕ ਫਰੀਦ, ਘਿਉ ਮੰਡੀ, ਇੰਪਰੂਵਮੈਂਟ ਟਰੱਸਟ ਚੌਕ, ਗਊਸ਼ਾਲਾ ਬਾਜ਼ਾਰ, ਕੱਟਡ਼ਾ ਕਰਮ ਸਿੰਘ, ਲੂਣ ਮੰਡੀ, ਬਾਜ਼ਾਰ ਟਾਹਲੀ ਸਾਹਿਬ, ਬਾਬਾ ਸਾਹਿਬ ਚੌਕ, ਢਾਬ ਬਸਤੀ ਰਾਮ, ਅਕਾਲੀ ਮਾਰਕੀਟ, ਖੂਹ ਬੰਬੇ ਵਾਲਾ, ਪੁਰਾਣੀ ਟੈਲੀਫੋਨ ਐਕਸਚੇਂਜ ਆਦਿ 70 ਦੇ ਕਰੀਬ ਅਜਿਹੇ ਬਾਜ਼ਾਰ ਹਨ ਜਿਥੇ ਵਾਹਨ ਤਾਂ ਚੱਲਦੇ ਹਨ ਪਰ ਪੈਦਲ ਰਫਤਾਰ ਤੋਂ ਵੀ ਘੱਟ।  ਵੱਡੀ ਗੱਲ ਹੈ ਕਿ ਇਥੇ ਵਾਹਨ ਪਾਰਕਿੰਗ ਦੀ ਕੋਈ ਸਹੂਲਤ ਨਹੀਂ ਹੈ।  
ਬਾਹਰੀ ਇਲਾਕਿਆਂ ਦੀ ਸਮੱਸਿਆ
ਨਗਰ ਦੇ ਬਾਹਰੀ ਇਲਾਕੇ ਜਿਥੇ ਵੱਡੀ ਗਿਣਤੀ ’ਚ ਸਡ਼ਕਾਂ ਖੁੱਲ੍ਹੀਆਂ ਕੀਤੀਆਂ ਗਈਆਂ ਹਨ ਤੇ ਨਵੇਂ ਪੁਲ ਵੀ ਵਿਵਸਥਾ ਨੂੰ ਕਾਬੂ ਕਰਨ ਲਈ ਬਣਾਏ ਗਏ ਹਨ ਪਰ ਇਸ ਦੇ ਬਾਵਜੂਦ ਟ੍ਰੈਫਿਕ ਦੀ ਸਮੱਸਿਆ ਪਹਿਲਾਂ ਤੋਂ ਵੀ ਵੱਧ ਗਈ ਹੈ। ਦੇਖਣ ਵਾਲੀ ਗੱਲ ਹੈ ਕਿ ਪੁਲਸ ਫੋਰਸ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਰਹੀ ਤੇ ਆਮ ਜਨਤਾ ਸਾਰਾ ਠੀਕਰਾ ਪੁਲਸ ’ਤੇ ਸੁੱਟ ਰਹੀ ਹੈ। ਹੁਸੈਨਪੁਰਾ ਚੌਕ ਤੋਂ ਲੈ ਕੇ ਭੰਡਾਰੀ ਪੁਲ,  ਸ਼ਰੀਫਪੁਰਾ, ਜੀ. ਟੀ. ਰੋਡ, ਬੱਸ ਸਟੈਂਡ, ਰਾਮ ਬਾਗ ਤੱਕ ਜਾਣ ਵਾਲੇ ਰਸਤਿਆਂ ’ਚ 10 ਹਜ਼ਾਰ ਦੇ ਕਰੀਬ ਆਟੋ ਚੱਲਦੇ ਹਨ ਤੇ ਕੋਈ ਵੀ ਪੁਲਸ ਦਾ ਵਿੰਗ ਇਨ੍ਹਾਂ ਨੂੰ ਰੋਕਣ ਦੀ ਹਿੰਮਤ ਨਹੀਂ ਕਰਦਾ ਕਿਉਂਕਿ ਆਟੋ ਚਾਲਕਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਹਡ਼ਤਾਲਾਂ ਅਤੇ ਸਡ਼ਕ ਜਾਮ ਦੇ ਡਰ ਕਾਰਨ ਪੁਲਸ ਫੋਰਸ ਬੇਵੱਸ ਹੋ ਚੁੱਕੀ ਹੈ। ਦੂਜੇ ਪਾਸੇ ਹਾਲ ਗੇਟ ਦੇ ਪੁਲ ਤੋਂ ਰੇਲਵੇ ਸਟੇਸ਼ਨ ਤੱਕ ਬਣੇ ਹੋਏ ਨਵੇਂ ਫਲਾਈਓਵਰ ਦੇ ਹੇਠਾਂ ਕਈ ਏਕਡ਼ ਜ਼ਮੀਨ ’ਤੇ ਲੋਕਾਂ ਨੇ ਗ਼ੈਰ-ਕਾਨੂੰਨੀ ਕਬਜ਼ੇ ਕਰ ਕੇ ਅਣਐਲਾਨੇ ਸ਼ੋਅਰੂਮ ਬਣਾਏ ਹੋਏ ਹਨ, ਜਿਥੇ ਖੁੱਲ੍ਹੀਅਾਂ ਸਡ਼ਕਾਂ ’ਤੇ ਸਾਈਕਲ ਅਸੈਂਬਲ ਕਰ ਕੇ ਵੇਚੇ ਜਾਂਦੇ ਹਨ ਤੇ ਉਨ੍ਹਾਂ ਨੂੰ ਡਿਸਪਲੇਅ ਵੀ ਦਿੱਤਾ ਜਾਂਦਾ ਹੈ।  ਇਸ ਵਿਚ ਸਥਾਨਕ ਨਗਰ ਨਿਗਮ ਵਿਭਾਗ ਦੇ ਲੋਕ ਮਹੀਨਾ ਲੈਂਦੇ ਹਨ, ਜਿਸ ਕਾਰਨ ਵਿਵਸਥਾ ਸੁਧਰਨ ਦਾ ਨਾਂ ਨਹੀਂ ਲੈ ਰਹੀ। ਇਸ ਤਰ੍ਹਾਂ ਰੇਲਵੇ ਲਿੰਕ ਰੋਡ, ਹਾਲ ਗੇਟ ਤੋਂ ਪੁਲ ਪੌਡ਼ੀਅਾਂ, ਹਾਥੀ ਗੇਟ ਤੋਂ ਪੁਲ ਪੌਡ਼ੀਅਾਂ, ਰਾਮ ਬਾਗ ਤੋਂ ਸੂਰਜ ਚੰਦਾ ਤਾਰਾ, ਕ੍ਰਿਸਟਲ ਚੌਕ (ਜਾਮ ਦਾ ਗਡ਼੍ਹ) ਸਿਵਲ ਲਾਈਨ ਇਲਾਕੇ ਆਦਿ ਲਗਭਗ ਪੂਰੇ ਸ਼ਹਿਰ ਵਿਚ ਵਾਹਨ ਚਾਲਕਾਂ ਵੱਲੋਂ ਵਿਵਸਥਾ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਐਲੀਵੇਟਿਡ ਰੋਡ ’ਤੇ ਵਾਹਨ ਚਾਲਕਾਂ ਵੱਲੋਂ ਵੱਧ ਸਪੀਡ ’ਤੇ ਵਾਹਨ ਚਲਾਉਣ ਕਾਰਨ ਹਾਦਸੇ ਪਹਿਲਾਂ ਨਾਲੋਂ 3 ਗੁਣਾ ਵੱਧ ਗਏ ਹਨ।  

ਗ਼ੈਰ-ਕਾਨੂੰਨੀ ਕਬਜ਼ੇ
ਨਗਰ ’ਚ ਗ਼ੈਰ-ਕਾਨੂੰਨੀ ਕਬਜ਼ੇ ਟ੍ਰੈਫਿਕ ਜਾਮ ਲਈ ਵੱਡੀ ਸਮੱਸਿਆ ਬਣੇ ਹੋਏ ਹਨ। ਇਸ ਵਿਚ ਮੁੱਖ ਤੌਰ ’ਤੇ ਜਾਮ ਕਾਰਨ ਬਣੇ ਹੋਏ ਹਾਲ ਗੇਟ ਤੋਂ ਮੱਛੀ ਮੰਡੀ ਹੁੰਦੇ ਹੋਏ ਰਾਮ ਬਾਗ, ਹਾਲ ਗੇਟ ਦੇ ਅੰਦਰ ਕੈਸੇਟ ਮਾਰਕੀਟ, ਜਾਨਸਨ ਮਾਰਕੀਟ, ਕੱਟਡ਼ਾ ਸ਼ੇਰ ਸਿੰਘ ਤੋਂ ਹਾਲ ਗੇਟ, ਰਿਜੈਂਟ ਚੌਕ ਤੋਂ ਹਾਲ ਗੇਟ, ਅੰਮ੍ਰਿਤ ਟਾਕੀ ਚੌਕ, ਕੈਰੋਂ ਮਾਰਕੀਟ, ਕੱਟਡ਼ਾ ਬੱਗੀਆਂ ਵਾਲਾ ਆਦਿ ਅਜਿਹੇ ਦਰਜਨਾਂ ਇਲਾਕੇ ਹਨ ਜੋ ਜਾਮ ਦਾ ਕਾਰਨ ਬਣੇ ਹੋਏ ਹਨ। ਇਨ੍ਹਾਂ ਇਲਾਕਿਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਈ ਵਾਰ ਡੀ. ਸੀ. ਅਤੇ ਸਥਾਨਕ ਜ਼ਿਲਾ ਪ੍ਰਸ਼ਾਸਨ ਨੂੰ ਚੇਤਾ ਕਰਵਾਇਆ ਗਿਆ ਹੈ ਪਰ ਇਸ ’ਤੇ ਕੋਈ ਅਸਰ ਨਹੀਂ ਹੁੰਦਾ, ਇਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਟੂਰਿਸਟਾਂ ਨੂੰ ਸੁਲਤਾਨਵਿੰਡ ਗੇਟ ਤੋਂ ਆਉਣ ਲਈ 300 ਮੀਟਰ ਦਾ ਰਸਤਾ 3 ਘੰਟਿਆਂ ਵਿਚ ਤੈਅ ਕਰਨਾ ਪੈਂਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।  

ਪੁਲਸ ਨੂੰ ਦਿੱਤੇ ਜਾਣ ਜ਼ਿਆਦਾ ਅਧਿਕਾਰ
ਸਿਆਸੀ ਆਗੂ, ਅਸਮਾਜਿਕ ਸੰਸਥਾਵਾਂ ਤੇ ਵਾਹਨ ਚਾਲਕਾਂ ਦੀਅਾਂ ਯੂਨੀਅਨਾਂ  ਟ੍ਰੈਫਿਕ ਵਿਵਸਥਾ ਨੂੰ ਅਸੁਰੱਖਿਅਤ ਬਣਾਉਣ ’ਚ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਇਸ ਦੇ ਲਈ ਪੁਲਸ ਪ੍ਰਸ਼ਾਸਨ ਨੂੰ ਸਖ਼ਤ ਨਿਯਮ ਬਣਾਉਣ ਤੇ ਟ੍ਰੈਫਿਕ ਨਾਕਿਆਂ ’ਤੇ ਖਡ਼੍ਹੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਅਧਿਕਾਰ ਦਿੱਤੇ ਜਾਣ। ਉਥੇ ਹੀ ਦੂਜੇ ਪਾਸੇ ਫੋਨ ’ਤੇ ਧਮਕੀ ਦੇਣ ਵਾਲਿਆਂ ’ਤੇ ਵੀ ਪਰਚੇ ਕੀਤੇ ਜਾਣ। ਪੁਲਸ ਵਰਦੀ ਨੂੰ ਹੱਥ ਲਾਉਣ ਵਾਲੇ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਵਧੀਆ ਕੰਮ ਕਰਨ ਵਾਲੇ ਪੁਲਸ ਦੇ ਜਵਾਨਾਂ ਨੂੰ ਸਨਮਾਨਿਤ ਕੀਤਾ ਜਾਵੇ। ਇਸ ਮਾਮਲੇ ’ਚ ਸ਼ਿਵ ਸੈਨਾ ਹਿੰਦ ਦੇ ਉੱਤਰੀ ਭਾਰਤ ਦੇ ਪ੍ਰਧਾਨ ਸੁਨੀਲ ਅਰੋਡ਼ਾ ਦਾ ਕਹਿਣਾ ਹੈ ਕਿ ਜੇਕਰ ਉਪਰੋਕਤ ਅਧਿਕਾਰ ਪੁਲਸ ਨੂੰ ਦਿੱਤੇ ਜਾਣ ਤਾਂ ਟ੍ਰੈਫਿਕ ਦੀ ਸਮੱਸਿਆ 50 ਫ਼ੀਸਦੀ ਘੱਟ ਹੋ ਜਾਵੇਗੀ।  
 


Related News