ਆਸ਼ਾ ਵਰਕਰਾਂ ਦੇ ਸਰਕਾਰੀ ਮੋਬਾਇਲ ਦੀਆਂ ਸਿਮਾਂ ਬੰਦ ਹੋਣ ਕਰਕੇ ਸਿਹਤ ਵਿਭਾਗ ਦਾ ਕੰਮ ਠੱਪ
Monday, Jan 09, 2023 - 05:28 PM (IST)

ਗੁਰਦਾਸਪੁਰ (ਜੀਤ ਮਠਾਰੂ)- ਪੰਜਾਬ ਭਰ ਦੀਆਂ 24000 ਦੇ ਲਗਭਗ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਜ ਦੀਆਂ ਮੋਬਾਇਲ ਫੋਨ ਸਿਮਾਂ 31 ਦਸੰਬਰ ਤੋਂ ਬੰਦ ਹੋਣ ਕਰਕੇ ਸਿਹਤ ਵਿਭਾਗ ਦਾ ਸਾਰਾ ਕੰਮ ਠੱਪ ਹੋ ਗਿਆ ਹੈ। ਪਿੰਡ ਪੱਧਰ ਅਤੇ ਸਭ ਅਰਬਨ ਖੇਤਰ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ ਨੂੰ ਆਪਣੇ ਖੇਤਰ ਦੇ ਮਰੀਜ਼ਾਂ ਅਤੇ ਉਪਰਲੇ ਮੁਲਾਜ਼ਮਾਂ ਨਾਲ ਕੋਈ ਸੰਪਰਕ ਨਾ ਹੋਣ ਕਰਕੇ ਜਿਥੇ ਵਰਕਰਾਂ ਨੂੰ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਵਰਕਰਾਂ ਵੱਲੋਂ ਗਰਭਵਤੀ ਔਰਤਾਂ ਨੂੰ ਐਮਰਜੈਂਸੀ ਸੇਵਾਵਾਂ ਦੇਣ ਵਿਚ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ- 31 ਕਿਲੋ ਹੈਰੋਇਨ ਸਮੇਤ ਫੌਜੀ ਚੜ੍ਹਿਆ ਫਾਜ਼ਿਲਕਾ ਪੁਲਸ ਹੱਥੇ, ਰਾਤੋਂ ਰਾਤ ਅਮੀਰ ਹੋਣ ਦੇ ਵੇਖਦਾ ਸੀ ਸੁਫ਼ਨੇ
ਦੂਰ ਦੁਰਾਡੇ ਖੇਤਰਾਂ ਵਿਚ ਕੰਮ ਕਰਦੀਆਂ ਵਰਕਰਾਂ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਸਿਹਤ ਸੇਵਾਵਾਂ ਦੇਣ ਲਈ ਇਕ ਦੂਜੇ ਨਾਲ ਸੰਪਰਕ ਬਨਾਉਣ ਹਿੱਤ ਪਿਛਲੇ ਦੋ ਸਾਲਾਂ ਤੋਂ ਬੀ.ਐੱਸ.ਐੱਨ.ਐੱਲ ਦੂਰ ਸੰਚਾਰ ਕੰਪਨੀ ਵੱਲੋਂ ਸਰਕਾਰੀ ਪੈਕ ਅਨੁਸਾਰ ਮੋਬਾਇਲ ਫੋਨ ਸਿਮਾਂ ਮੁਹੱਈਆ ਕਰਵਾਈਆਂ ਗਈਆਂ ਸਨ। ਪਰ 31 ਦਸੰਬਰ ਨੂੰ ਕੰਪਨੀ ਨਾਲ ਇਕਰਾਰ ਖ਼ਤਮ ਹੋਣ ਤੋਂ ਬਾਅਦ ਸਾਲ 2023 ਲਈ ਨਵਾਂ ਇਕਰਾਰ ਨਾ ਹੋਣ ਕਰਕੇ ਕੰਪਨੀ ਨੇ ਪਹਿਲਾਂ ਜਾਰੀ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਡੈਮੋਕ੍ਰੇਟਿਕ ਆਸ਼ਾ ਵਰਕਰਜ਼, ਫੈਸੀਲੀਟੇਟਰਜ ਯੂਨੀਅਨ ਪੰਜਾਬ ਦੀਆਂ ਸੂਬਾਈ ਆਗੂ ਬਲਵਿੰਦਰ ਕੌਰ ਅਲੀ ਸ਼ੇਰ ਅਤੇ ਗੁਰਵਿੰਦਰ ਕੌਰ ਬਹਿਰਾਮਪੁਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ 'ਤੇ ਸੁਆਲੀਆ ਚਿੰਨ੍ਹ ਲਾਉਂਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਕਿਸੇ ਹੋਰ ਕੰਪਨੀ ਨਾਲ ਨਵਾਂ ਇਕਰਾਰ ਕਰਨਾ ਸੀ ਤਾਂ ਉਸ ਦੀਆਂ ਸਾਰੀਆਂ ਦਫ਼ਤਰੀ ਕਾਰਵਾਈਆਂ ਪਹਿਲਾਂ ਕਿਉਂ ਨਹੀਂ ਪੂਰੀਆਂ ਕੀਤੀਆਂ।
ਇਹ ਵੀ ਪੜ੍ਹੋ- ਪਾਕਿ 'ਚ ਹਿੰਦੂ ਮਹਿਲਾ ਦੇ ਕਤਲ ਦਾ ਮਾਮਲਾ: 4 ਹਿੰਦੂ ਭਾਈਚਾਰੇ ਦੇ ਲੋਕ ਗ੍ਰਿਫ਼ਤਾਰ
ਆਗੂਆਂ ਦੋਸ਼ ਲਾਇਆ ਹੈ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਸਰਕਾਰੀ ਸਿਮਾਂ ਦੇ ਨਾਮ 'ਤੇ ਵਰਕਰਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਸੀ, ਕਿਉਂਕਿ ਬਗੈਰ ਇਨਟਰਨੈਟ ਡਾਟਾ ਪੈਕ 'ਤੇ ਵਰਕਰਾਂ ਨੂੰ ਪੱਲਿਉਂ ਪੈਸੇ ਖਰਚ ਕੇ ਸੂਚਨਾਵਾਂ ਮੋਬਾਇਲ ਫੋਨਾਂ ਰਾਹੀਂ ਭੇਜਣੀਆਂ ਪੈਂਦੀਆਂ ਸਨ। ਵਰਕਰਾਂ ਨੂੰ ਸਰਕਾਰ ਵੱਲੋਂ ਕੋਈ ਸਮਾਰਟ ਮੋਬਾਇਲ ਫੋਨ ਨਹੀਂ ਦਿੱਤੇ ਗਏ ਹਨ। ਆਗੂਆਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 15 ਜਨਵਰੀ ਤੱਕ ਮਸਲੇ ਦਾ ਹੱਲ ਨਹੀਂ ਕੀਤਾ ਤਾਂ ਉਹ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਸੰਘਰਸ਼ ਦਾ ਰਾਹ ਤਿਆਰ ਕਰਨਗੀਆਂ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।