ਸਕੂਲ ''ਚੋਂ ਕੱਢੇ ਵਿਦਿਆਰਥੀਆਂ ਨੇ ਸੁਰੱਖਿਆ ਮੁਲਾਜ਼ਮਾਂ ''ਤੇ ਚਲਾਈਆਂ ਗੋਲੀਆਂ, ਮਾਮਲਾ ਦਰਜ

Sunday, Nov 19, 2023 - 05:47 PM (IST)

ਬਟਾਲਾ (ਸਾਹਿਲ)- ਦਿਆਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਿਰਜ਼ਾਜ ਤਾਇਨਾਤ ਸਕਿਓਰਟੀ ਗਾਰਡ ਅਤੇ ਉਸਦੇ ਸਾਥੀ ਦੇ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਸਕੂਲ ’ਚੋਂ ਕੱਢੇ ਵਿਦਿਆਰਥੀ ਅਤੇ 2 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਦਮੋਦਰ ਨੇ ਲਿਖਵਾਇਆ ਕਿ ਉਹ ਦਿਆਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚ ਬਤੌਰ ਸਕਿਓਰਟੀ ਗਾਰਡ ਤਾਇਨਾਤ ਹੈ ਅਤੇ ਬੀਤੀ 18 ਨਵੰਬਰ 2023 ਨੂੰ ਸਕੂਲ ਵਿਚ ਛੁੱਟੀ ਹੋਣ ਉਪਰੰਤ ਬੱਚੇ ਆਪਣੇ ਘਰਾਂ ਨੂੰ ਜਾ ਰਹੇ ਸੀ। ਇਸ ਦੌਰਾਨ ਨੌਜਵਾਨ ਸਤਿੰਦਰਬੀਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਪਿੰਡ ਉਗਰੇਵਾਲ, ਜਿਸਦਾ ਚਾਲ-ਚਲਣ ਸਹੀ ਨਾ ਹੋਣ ਕਰ ਕੇ ਸਕੂਲ ਮੈਨੇਜਮੈਂਟ ਨੇ ਉਸ ਨੂੰ ਕਰੀਬ 2 ਮਹੀਨੇ ਪਹਿਲਾਂ ਸਕੂਲ ’ਚੋਂ ਬਾਹਰ ਕੱਢ ਦਿੱਤਾ ਸੀ, ਆਪਣੇ ਨਾਲ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ’ਤੇ ਬਿਠਾ ਕੇ ਸਕੂਲ ਅੰਦਰ ਆ ਗਿਆ ਅਤੇ ਇਹ ਸਕੂਲ ਵਿਚ ਹੁੱਲੜਬਾਜ਼ੀ ਕਰਨ ਲੱਗ ਪਏ।

ਇਹ ਵੀ ਪੜ੍ਹੋ- ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਰੋਕਣ ’ਤੇ ਨਾਬਾਲਿਗ ਨੇ 6 ਲੋਕਾਂ ਦੀ ਲਈ ਜਾਨ ਲਈ

ਗੁਰਪ੍ਰੀਤ ਸਿੰਘ ਨੇ ਪੁਲਸ ਨੂੰ ਨੂੰ ਲਿਖਵਾਇਆ ਕਿ ਜਦੋਂ ਮੈਂ ਅਤੇ ਮੇਰੇ ਸਾਥੀ ਨੇ ਉਕਤ ਨੌਜਵਾਨਾਂ ਨੂੰ ਰੋਕਿਆ ਤਾਂ 2 ਨੌਜਵਾਨ ਸਾਨੂੰ ਗਾਲੀ-ਗਲੋਚ ਕਰਨ ਲੱਗ ਪਏ, ਜਦਕਿ ਸਤਿੰਦਰਬੀਰ ਸਿੰਘ ਆਪਣਾ ਪਿਸਤੌਲ ਕੱਢ ਕੇ ਲਗਾਤਾਰ ਚਾਰ ਫਾਇਰ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਸਾਡੇ ਦੋਵਾਂ ਵੱਲ ਕੀਤੇ, ਜੋ ਅਸੀਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ, ਜਿਸ ’ਤੇ ਉਕਤ ਨੌਜਵਾਨ ਆਪਣੇ ਦੋ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪੰਜਾਬ ਪੁਲਸ ਦੇ ASI ਦਾ ਗੋਲੀ ਮਾਰ ਕੇ ਕਤਲ

ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਇਸ ਬਾਰੇ ਸੂਚਨਾ ਮਿਲਣ ਉਪਰੰਤ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ 32 ਬੋਰ ਪਿਸਤੌਲ ਦਾ ਇਕ ਖੋਲ੍ਹ ਮੌਕੇ ਤੋਂ ਬਰਾਮਦ ਕਰ ਲਿਆ ਹੈ । ਇਸ ਸਬੰਧੀ ਸਕੂਲ ਦੇ ਸਕਿਓਰਟੀ ਗਾਰਡ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਨੌਜਵਾਨ ਤੇ ਉਸਦੇ ਅਣਪਛਾਤੇ 2 ਸਾਥੀਆਂ ਵਿਰੁੱਧ ਧਾਰਾ-307 ਆਈ. ਪੀ. ਸੀ. ਅਤੇ ਅਸਲਾ ਐਕਟ ਤਹਿਤ ਥਾਣਾ ਕਿਲਾ ਲਾਲ ਸਿੰਘ ਵਿਖੇ ਕੇਸ ਦਰਜ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News