ਪੰਜਾਬ ਪੁਲਸ ਦੀ ਗ੍ਰਿਫ਼ਤ ''ਚੋਂ ਦੌੜ ਗਿਆ ਮੁਲਜ਼ਮ, ਮੁਲਾਜ਼ਮਾਂ ''ਤੇ ਡਿੱਗੀ ਗਾਜ਼
Wednesday, Nov 13, 2024 - 03:44 PM (IST)
ਗੁਰਦਾਸਪੁਰ (ਵਿਨੋਦ)- ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਬਾਹਰੋਂ ਪੁਲਸ ਕਰਮਚਾਰੀਆਂ ਦੀ ਹੱਥਕੜੀ ਵਿਚੋਂ ਗੁੱਟ ਕੱਢ ਕੇ ਦੌੜਨ ਵਾਲੇ ਇਕ ਦੋਸ਼ੀ ਨੂੰ ਸਿਟੀ ਪੁਲਸ ਗੁਰਦਾਸਪੁਰ ਨੇ ਕੁਝ ਹੀ ਘੰਟਿਆਂ ’ਚ ਕਾਬੂ ਕਰ ਕੇ ਇਸ ਮਾਮਲੇ ’ਚ ਦੋਸ਼ੀ ਦੇ ਇਲਾਵਾ ਇਕ ਏ. ਐੱਸ. ਆਈ. ਅਤੇ ਸੀਨੀਅਰ ਕਾਂਸਟੇਬਲ ਦੇ ਖ਼ਿਲਾਫ਼ ਧਾਰਾ 261, 265 ਬੀ. ਐੱਨ. ਐੱਸ. ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ! ਸਵਾਰੀਆਂ ਨਾਲ ਭਰੀ PRTC ਬੱਸ ਦੀ ਹੋਈ ਜ਼ਬਰਦਸਤ ਟੱਕਰ
ਇਸ ਸਬੰਧੀ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਪਲਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਸ਼ੰਕਰਪੁਰਾ ਥਾਣਾ ਸਦਰ ਬਟਾਲਾ ਹਾਲ ਥਾਣਾ ਰੰਗੜ ਨੰਗਲ ਪੁਲਸ ਜ਼ਿਲ੍ਹਾ ਬਟਾਲਾ ਨੇ ਬਿਆਨ ਦਿੱਤਾ ਕਿ ਗੁਰਦਾਸਪੁਰ ਅਦਾਲਤ ਵੱਲੋਂ ਲਵਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗੋਖੂਵਾਲ ਥਾਣਾ ਸਿਵਲ ਲਾਈਨ ਬਟਾਲਾ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ। ਇਸ ਲਈ ਥਾਣੇ ਤੋਂ ਪੁਲਸ ਪਾਰਟੀ ਭੇਜੀ ਗਈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਜੇਲ੍ਹ ’ਚ ਜਮ੍ਹਾਂ ਕਰਵਾਉਣ ਲਈ ਏ.ਐੱਸ.ਆਈ ਸੁਖਵਿੰਦਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਗੁਰਸ਼ਰਨਜੀਤ ਸਿੰਘ ਦੀ ਡਿਊਟੀ ਲਗਾਈ ਗਈ। ਜਿਸ ’ਤੇ ਦੋਵੇਂ ਦੋਸ਼ੀ ਲਵਪ੍ਰੀਤ ਸਿੰਘ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚ ਬੰਦ ਕਰਵਾਉਣ ਲਈ ਲੈ ਕੇ ਗਏ। ਜਦ ਦੋਸ਼ੀ ਲਵਪ੍ਰੀਤ ਸਿੰਘ ਨੂੰ ਜੇਲ੍ਹ ਦੇ ਮੇਨ ਗੇਟ ਦੇ ਸਾਹਮਣੇ ਲੈ ਕੇ ਪਹੁੰਚੇ ਤਾਂ ਇਸ ਦੌਰਾਨ ਜੇਲ੍ਹ ਦੇ ਮੇਨ ਗੇਟ ਦੇ ਸਾਹਮਣੇ ਫੋਟੋਸਟੇਟ ਦੁਕਾਨ ਦੇ ਬਾਹਰ ਦੋਸ਼ੀ ਹੱਥਕੜੀ ’ਚੋਂ ਆਪਣਾ ਗੁਟ ਕੱਢ ਕੇ ਦੌੜ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੌਸਮ ਨੂੰ ਲੈ ਕੇ ਅਲਰਟ ਜਾਰੀ! ਜਾਣੋ ਆਉਣ ਵਾਲੇ ਦਿਨਾਂ ਲਈ ਕੀ ਹੈ ਭਵਿੱਖਬਾਣੀ
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਦੋਸ਼ੀ ਲਵਪ੍ਰੀਤ ਸਿੰਘ ਤੋਂ ਇਲਾਵਾ ਏ. ਐੱਸ. ਆਈ. ਸੁਖਵਿੰਦਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਗੁਰਸ਼ਰਨਜੀਤ ਸਿੰਘ ਦੇ ਵਾਸੀ ਥਾਣਾ ਰੰਗਲ ਨੰਗਲ ਬਟਾਲਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਫਰਾਰ ਹੋਏ ਦੋਸ਼ੀ ਲਵਪ੍ਰੀਤ ਸਿੰਘ ਨੂੰ ਬਾਅਦ ’ਚ ਪੁਲਸ ਪਾਰਟੀ ਵੱਲੋਂ ਕੁਝ ਹੀ ਘੰਟਿਆਂ ’ਚ ਕਾਬੂ ਕਰ ਲਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8