ਗਿਆਨੀ ਗੌਹਰ ਨੂੰ ਦਿੱਤੀ ਕਲੀਨ ਚਿੱਟ ਦਾ ਸਿੱਖ ਸੰਗਤ ਵੱਲੋਂ ਵਿਰੋਧ

04/30/2023 1:57:06 PM

ਅੰਮ੍ਰਿਤਸਰ (ਛੀਨਾ)- ਸਿੱਖ ਪੰਥ ’ਚੋਂ ਛੇਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਹਾਈ ਪਾਵਰ ਜਾਂਚ ਕਮੇਟੀ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਕਾਰਨ ਸਿੱਖ ਸੰਗਤ ’ਚ ਭਾਰੀ ਰੋਸ ਦੀ ਲਹਿਰ ਹੈ। ਇਸ ਮਾਮਲੇ ’ਚ ਜਾਂਚ ਕਮੇਟੀ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਪਟਨਾ ਦੀ ਸਿੱਖ ਸੰਗਤ ਨੇ ਤਖ਼ਤ ਸਾਹਿਬ ਦੀ ਕਮੇਟੀ ਨੂੰ ਇਕ ਪੱਤਰ ਸੌਂਪ ਕੇ ਭਾਰੀ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਜਾਂਚ ਕਮੇਟੀ ਵੱਲੋਂ ਸਿਆਸੀ ਦਬਾਅ ’ਚ ਲਿਆ ਫ਼ੈਸਲਾ ਸਿੱਖ ਸੰਗਤ ਨੂੰ ਪ੍ਰਵਾਨ ਨਹੀਂ।

ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਬਾਰੇ ਪ੍ਰਕਾਸ਼ਿਤ ਕਰੇਗੀ ਵਿਸ਼ੇਸ਼ ਸਚਿੱਤਰ ਪੁਸਤਕ : ਐਡਵੋਕੇਟ ਧਾਮੀ

ਇਸ ਸਬੰਧ ’ਚ ਗੱਲਬਾਤ ਕਰਦਿਆਂ ਪਟਨਾ ਨਿਵਾਸੀ ਇੰਦਰਜੀਤ ਸਿੰਘ ਬੱਗਾ ਤੇ ਅਮਰਜੀਤ ਸਿੰਘ ਸ਼ੰਮੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ’ਚੋਂ ਛੇਕੇ ਜਾਣ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਸੇਵਾ ਮੁਕਤ ਕੀਤੇ ਜਾਣ ਦੇ ਬਾਵਜੂਦ ਜਿਹੜਾ ਵਿਅਕਤੀ ਆਪਣੀ ਸਕਿਓਰਿਟੀ ਦੇ ਸਹਾਰੇ ਹੁਣ ਤੱਕ ਤਖ਼ਤ ਸਾਹਿਬ ਦੇ ਕਮਰਿਆਂ ’ਤੇ ਜਬਰੀ ਕਬਜ਼ਾ ਜਮਾਈ ਬੈਠਾ ਹੈ, ਸੰਗਤ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਹ ਕੋਈ ਡੂੰਘੀ ਸਾਜ਼ਿਸ਼ ਰੱਚ ਰਿਹਾ ਹੈ।

ਇਹ ਵੀ ਪੜ੍ਹੋ- ਸੜਕ ਹਾਦਸਾ: ਟਰੱਕ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ, ਚਾਲਕ ਦੀਆਂ ਟੁੱਟੀਆਂ ਲੱਤਾਂ

ਬੱਗਾ ਅਤੇ ਸ਼ੰਮੀ ਨੇ ਕਿਹਾ ਕਿ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਕਲੀਨ ਚਿੱਟ ਦੇ ਕੇ ਸੰਗਤਾਂ ਦੀਆਂ ਭਾਵਨਾਵਾਂ ਭਟਕਾਉਣ ਵਾਲੀ ਜਾਂਚ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਇਤਰਾਜ਼ ਪੱਤਰ ’ਤੇ ਦਸਤਖ਼ਤ ਕਰਨ ਵਾਲੇ ਰਾਜੇਸ਼ ਸਿੰਘ ਅਕਾਲੀ, ਦਇਆ ਸਿੰਘ, ਅਮਰਜੀਤ ਸਿੰਘ, ਅਮਨਦੀਪ ਸਿੰਘ, ਮਨੀਕਰਣ ਸਿੰਘ, ਰਾਜਦੀਪ ਸਿੰਘ, ਪ੍ਰੀਤ ਸਿੰਘ, ਸੁਖਜੀਤ ਸਿੰਘ, ਸੁਖਵੀਰ ਸਿੰਘ, ਦਲਜੀਤ ਸਿੰਘ ਅਤੇ ਸਤਨਾਮ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤ ਨੇ ਤਾੜਨਾ ਕਰਦਿਆਂ ਆਖਿਆ ਕਿ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਬਾਰ ਦੀ ਮੁੜ ਸੇਵਾ ਨਾ ਸੌਂਪੀ ਜਾਵੇ ਕਿਉਂਕਿ ਇਸ ਨਾਲ ਮਾਹੌਲ ਵਿਗੜ ਸਕਦਾ ਹੈ।

ਇਹ ਵੀ ਪੜ੍ਹੋ- Ielts ਸੈਂਟਰ ’ਚ ਪੜ੍ਹਦੀ ਕੁੜੀ ਨੂੰ ਬੁਲਾਉਣ ਤੋਂ ਰੋਕਣ ਸਬੰਧੀ ਛਿੱੜਿਆ ਵੱਡਾ ਵਿਵਾਦ, ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

ਇਸ ਸਬੰਧ ’ਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਕਲੀਨ ਚਿੱਟ ਦਿੱਤੇ ਜਾਣ ਨਾਲ ਸਿੱਖ ਸੰਗਤ ’ਚ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ, ਜਿਸ ਸਬੰਧੀ ਸਿਰਫ਼ ਪਟਨਾ ਸਾਹਿਬ ਹੀ ਨਹੀਂ ਸਗੋਂ ਵੱਖ-ਵੱਖ ਰਾਜਾਂ ’ਚੋਂ ਸਿੱਖ ਸੰਗਤਾਂ ਦੀਆਂ ਰੋਸ ਭਰੀਆਂ ਚਿੱਠੀਆਂ ਤਖ਼ਤ ਸਾਹਿਬ ਦੀ ਕਮੇਟੀ ਕੋਲ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ. ਗਿਆਨੀ ਹਰਪ੍ਰੀਤ ਸਿੰਘ ਨੇ ਜਾਂਚ ਕਮੇਟੀ ਨੂੰ ਹੁਕਮ ਕੀਤਾ ਸੀ ਕਿ ਜਾਂਚ ਪੂਰੀ ਹੋਣ ’ਤੇ ਸਾਰੀ ਰਿਪੋਰਟ ਸੀਲ ਬੰਦ ਲਿਫਾਫੇ ’ਚ ਤਖ਼ਤ ਪਟਨਾ ਸਾਹਿਬ ਦੀ ਕਮੇਟੀ ਨੂੰ ਸੌਂਪੀ ਜਾਵੇ ਪਰ ਜਾਂਚ ਕਮੇਟੀ ਨੇ ਰਿਪੋਰਟ ਸਾਨੂੰ ਸੌਂਪਣ ਤੋਂ ਪਹਿਲਾਂ ਹੀ ਜਨਤਕ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਚੈਲੰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਜਲਦ ਹੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੀ ਮੀਟਿੰਗ ਕਰ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ- ਇਟਲੀ ਤੋਂ ਆਈ ਦੁਖਦ ਖ਼ਬਰ: ਤਰਨਤਾਰਨ ਦੇ ਨੌਜਵਾਨ ਨਾਲ ਵਾਪਰਿਆ ਭਾਣਾ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News