ਲੁੱਟ-ਖੋਹ ਕਰਨ ਵਾਲੇ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼, ਕਿੰਗਪਿਨ ਸਮੇਤ 4 ਗ੍ਰਿਫ਼ਤਾਰ
Sunday, Jan 14, 2024 - 05:16 PM (IST)
ਅੰਮ੍ਰਿਤਸਰ (ਸੰਜੀਵ)- ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕਮਿਸ਼ਨਰੇਟ ਪੁਲਸ ਨੇ ਗਿਰੋਹ ਦੇ ਸਰਗਣੇ ਸਮੇਤ ਜਗਜੀਤ ਸਿੰਘ ਜੱਗਾ, ਪ੍ਰਭਜੋਤ ਸਿੰਘ ਪ੍ਰਭੂ, ਅਮਰਪ੍ਰੀਤ ਸਿੰਘ ਐੱਮ. ਪੀ. ਅਤੇ ਸੁਖਨੂਰ ਸਿੰਘ ਨੂਰ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕਬਜ਼ੇ ’ਚੋਂ ਇਕ ਮੋਟਰਸਾਈਕਲ, ਮੋਬਾਈਲ, ਇਕ ਹੌਂਡਾ ਸਿਟੀ ਕਾਰ ਅਤੇ ਇਕ 30 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਦੀਆਂ ਹਦਾਇਤਾਂ ’ਤੇ ਪੁੱਛਗਿੱਛ ਲਈ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਸਰਪੰਚ ਦਾ ਗੋਲੀਆਂ ਮਾਰ ਕੀਤਾ ਕਤਲ
ਇਹ ਖੁਲਾਸਾ ਏ. ਡੀ. ਸੀ. ਪੀ. ਪ੍ਰਭਜੋਤ ਸਿੰਘ ਵਿਰਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ 4 ਜਨਵਰੀ ਨੂੰ ਪੰਕਜ ਅਗਰਵਾਲ ਵਾਸੀ ਆਕਾਸ਼ ਐਵੇਨਿਊ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਪੰਕਜ ਆਪਣੇ ਪਰਿਵਾਰ ਸਮੇਤ ਘਰ ਵਿਚ ਮੌਜੂਦ ਸੀ ਕਿ ਰਾਤ ਸਾਢੇ 8 ਵਜੇ ਕੁਝ ਅਣਪਛਾਤੇ ਵਿਅਕਤੀ ਉਸ ਦੇ ਘਰ ਵਿਚ ਦਾਖ਼ਲ ਹੋਏ ਅਤੇ ਜਿਨ੍ਹਾਂ ’ਚੋਂ ਇਕ ਦੇ ਹੱਥ ’ਚ ਪਿਸਤੌਲ ਸੀ। ਉਸ ਸਮੇਂ ਪੰਕਜ ਆਪਣੇ ਬੱਚਿਆਂ ਨਾਲ ਕਮਰੇ ਵਿਚ ਬੈਠਾ ਸੀ। ਮੁਲਜ਼ਮ ਉਸ ਦੇ ਕਮਰੇ ਵਿਚ ਦਾਖ਼ਲ ਹੋ ਗਿਆ ਅਤੇ ਪਿਸਤੌਲ ਦੀ ਨੋਕ ’ਤੇ ਉਸ ਦਾ ਸਾਮਾਨ ਖੋਹਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਹੋਟਲ 'ਚ ਲੁਕੇ ਸੀ ਸ਼ੂਟਰ, ਫੜਨ ਗਈ ਪੁਲਸ 'ਤੇ ਚਲਾਤੀਆਂ ਗੋਲੀਆਂ (ਵੀਡੀਓ)
ਇਸ ਦੌਰਾਨ ਦੋਵਾਂ ਨੇ ਨਕਦੀ ਅਤੇ ਗਹਿਣਿਆਂ ਦੀ ਮੰਗ ਕੀਤੀ। ਇਕ ਲੁਟੇਰੇ ਨੇ ਕਮਰੇ ਵਿਚ ਪਈ ਅਲਮਾਰੀ ਨੂੰ ਖੋਲ੍ਹ ਕੇ ਉਸ ’ਚੋਂ ਡੇਢ ਲੱਖ ਰੁਪਏ ਕੱਢ ਲਏ। ਉਸ ਸਮੇਂ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਜਿਵੇਂ ਹੀ ਪੰਕਜ ਦੇ ਪਿਤਾ ਬਾਹਰ ਨਿਕਲੇ ਤਾਂ ਹਥਿਆਰਬੰਦ ਵਿਅਕਤੀ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ ਪਰ ਗੋਲੀ ਉਨ੍ਹਾਂ ਨੂੰ ਨਹੀਂ ਲੱਗੀ ਅਤੇ ਉਹ ਵਾਲ-ਵਾਲ ਬਚ ਗਏ। ਇਸ ਤੋਂ ਬਾਅਦ ਮੁਲਜ਼ਮ ਸਾਮਾਨ ਲੈ ਕੇ ਉਥੋਂ ਫਰਾਰ ਹੋ ਗਏ। ਜਦੋਂ ਪੰਕਜ ਉਨ੍ਹਾਂ ਪਿੱਛੇ ਭੱਜਿਆ ਤਾਂ ਉਨ੍ਹਾਂ ਵਿਚੋਂ ਇਕ ਨੇ ਉਸ ’ਤੇ ਵੀ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਆਪਣੇ ਮੁਖਬਰਾਂ ਨੂੰ ਸਰਗਰਮ ਕੀਤਾ ਅਤੇ ਲੁਟੇਰਿਆਂ ਦਾ ਸੁਰਾਗ ਹਾਸਲ ਕਰਕੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦ ਇਨ੍ਹਾਂ ਵੱਲੋਂ ਕੀਤੇ ਕਈ ਹੋਰ ਅਪਰਾਧਾਂ ਦੇ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8