ਦੀਵਾਲੀ ਦੀ ਰਾਤ ਅਮਨ ਐਵੇਨਿਊ ’ਚ ਪਟਾਕੇ ਚਲਾਉਣ ’ਤੇ ਵਾਪਰੀ ਘਟਨਾ, ਚੱਲੀਆਂ ਤਾਬੜਤੋੜ ਗੋਲੀਆਂ

Tuesday, Nov 14, 2023 - 04:09 PM (IST)

ਦੀਵਾਲੀ ਦੀ ਰਾਤ ਅਮਨ ਐਵੇਨਿਊ ’ਚ ਪਟਾਕੇ ਚਲਾਉਣ ’ਤੇ ਵਾਪਰੀ ਘਟਨਾ, ਚੱਲੀਆਂ ਤਾਬੜਤੋੜ ਗੋਲੀਆਂ

ਅੰਮ੍ਰਿਤਸਰ (ਜਸ਼ਨ)- ਗੁਰੂ ਨਗਰੀ ਵਿਚ ਪਿਸਤੌਲਾਂ ਨੂੰ ਖਿਡੌਣਿਆਂ ਵਾਂਗ ਕੱਢਿਆ ਜਾ ਰਿਹਾ ਹੈ ਅਤੇ ਗੋਲੀਆਂ ਚਲਾਉਣੀਆਂ ਇਕ ਆਮ ਗੱਲ ਹੋ ਗਈ ਹੈ। ਅਪਰਾਧੀਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਨ੍ਹਾਂ ਨੂੰ ਹੁਣ ਕਾਨੂੰਨ ਦੇ ਨਾਮ ਦਾ ਕੋਈ ਡਰ ਨਹੀਂ ਰਿਹਾ। ਅਜਿਹੀ ਹੀ ਇਕ ਘਟਨਾ ਥਾਣਾ ਗੇਟ ਹਕੀਮਾ ਅਧੀਨ ਪੈਂਦੇ ਅਮਨ ਐਵੇਨਿਊ ਇਲਾਕੇ ਵਿਚ ਵਾਪਰੀ। ਇਹ ਪੂਰੀ ਘਟਨਾ ਪਟਾਕੇ ਚਲਾਉਣ ਨੂੰ ਲੈ ਕੇ ਵਾਪਰੀ ਪਰ ਥਾਣਾ ਗੇਟ ਹਕੀਮਾ ਦੇ ਮੁੱਖੀ ਵਲੋਂ ਇਸ ਸਬੰਧੀ ਦੱਸਿਆ ਗਿਆ ਕਿ ਘਟਨਾ ਮੌਕੇ ਗੋਲੀਆਂ ਨਹੀਂ ਚੱਲੀਆਂ।

ਇਹ ਵੀ ਪੜ੍ਹੋ-  ਗ਼ਰੀਬੀ ਦੂਰ ਕਰਨ ਲਈ 14 ਸਾਲ ਪਹਿਲਾਂ ਛੱਡਿਆ ਸੀ ਘਰ, ਹੁਣ ਵਿਦੇਸ਼ੋਂ ਆਈ ਖ਼ਬਰ ਨੇ ਸੁੰਨ ਕੀਤਾ ਪਰਿਵਾਰ

ਇਸ ਸਬੰਧੀ ਅਮਨ ਐਵੇਨਿਊ ਦੇ ਵਸਨੀਕ ਅਜੇ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਉਸ ’ਤੇ ਗੋਲੀਆਂ ਚਲਾਈਆਂ ਗਈਆਂ ਅਤੇ ਉਕਤ ਗੋਲੀ ਉਸ ਦੀ ਕਾਰ ਦੇ ਸ਼ੀਸ਼ੇ ’ਤੇ ਲੱਗੀ, ਜਿਸ ਕਾਰਨ ਉਸ ਦੀ ਕਾਰ ਦੀ ਪਿਛਲੀ ਖਿੜਕੀ ਦਾ ਸ਼ੀਸ਼ਾ ਵੀ ਟੁੱਟ ਗਿਆ। ਉਨ੍ਹਾਂ ਇਸ ਸਬੰਧੀ ਥਾਣਾ ਗੇਟ ਹਕੀਮਾ ਵਿਖੇ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅਜੈ ਅਰੋੜਾ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਉਨ੍ਹਾਂ ਦਾ ਪਰਿਵਾਰ ਅਤੇ ਮਿਲਣ ਆਏ ਰਿਸ਼ਤੇਦਾਰ ਰਾਤ ਨੂੰ ਘਰ ਖਾਣਾ ਖਾ ਰਹੇ ਸਨ ਕਿ ਉਨ੍ਹਾਂ ਦੇ ਘਰ ਦੇ ਬਾਹਰ ਜ਼ੋਰਦਾਰ ਧਮਾਕਾ ਹੋਇਆ, ਜਦੋਂ ਉਹ ਬਾਹਰ ਆ ਕੇ ਤਾਂ ਦੇਖਿਆ ਕਿ ਉਸ ਦੇ ਘਰ ਨੇੜੇ ਹੀ ਰਹਿਣ ਵਾਲਾ ਮੋਨੂੰ ਆਪਣੇ ਸਾਥੀਆਂ ਸਮੇਤ ਆਪਣੀ ਘਰ ਦੀ ਛੱਤ ’ਤੇ ਗੋਲੀਆਂ ਚਲਾ ਰਿਹਾ ਸੀ। ਇਸ ਦੌਰਾਨ ਉਕਤ ਵਿਅਕਤੀਆਂ ਨੇ ਛੱਤ ਤੋਂ ਇਕ ਵੱਡਾ ਪਟਾਕਾ ਉਸ ਦੇ ਬੱਚਿਆਂ ਵੱਲ ਛੱਡ ਦਿੱਤਾ, ਜਿਸ ’ਤੇ ਉਸ ਨੇ ਬੜੀ ਮੁਸ਼ਕਲ ਨਾਲ ਬੱਚਿਆਂ ਨੂੰ ਬਚਾਇਆ।

ਇਹ ਵੀ ਪੜ੍ਹੋ- ਕਾਰ ਤੇ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਮਾਂ ਦੀ ਮੌਤ ਮਗਰੋਂ ਹੁਣ ਜ਼ਖ਼ਮੀ ਪੁੱਤ ਨੇ ਵੀ ਤੋੜਿਆ ਦਮ

ਜਦੋਂ ਅਜੈ ਅਰੋੜਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਅਜੈ ਅਰੋੜਾ ਨੇ ਦਾਅਵਾ ਕੀਤਾ ਕਿ ਦੂਜੀ ਧਿਰ ਨੇ ਉਸ ’ਤੇ ਗੋਲੀਆਂ ਚਲਾਈ, ਜੋ ਉਸ ਨੂੰ ਲੱਗਣ ਦੀ ਬਜਾਏ ਉਸ ਦੀ ਕਾਰ ਦੀ ਵਿੰਡਸ਼ੀਲਡ ਵਿਚ ਜਾ ਵੱਜੀ। ਇਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ। ਉਸ ਨੇ ਦੱਸਿਆ ਕਿ ਉਸੇ ਰਾਤ ਜਦੋਂ ਉਸ ਨੇ ਇਸ ਸਬੰਧੀ ਥਾਣਾ ਗੇਟ ਹਕੀਮਾ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਬਾਅਦ ਵਿਚ ਉਕਤ ਵਿਅਕਤੀਆਂ ਨੇ ਆਪਣੇ ਕੁਝ ਸਾਥੀਆਂ ਨੂੰ ਬੁਲਾ ਕੇ ਉਸ ਦੇ ਪਰਿਵਾਰ ਨਾਲ ਧੱਕਾ-ਮੁੱਕੀ ਕੀਤੀ ਅਤੇ ਉਸ ਦੇ ਵੱਡੇ ਭਰਾ ਨੂੰ ਵੀ ਸੜਕ ’ਤੇ ਸੁੱਟ ਕੇ ਕੁੱਟਮਾਰ ਕੀਤੀ। ਅਜੇ ਅਰੋੜਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਪੂਰੇ ਮਾਮਲੇ ਦੀ ਵੀਡੀਓ ਫੁਟੇਜ਼ ਵੀ ਹੈ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਗੁਰੂਹਰਸਹਾਏ ਵਿਖੇ ਦੋ ਧਿਰਾਂ ਦਾ ਝਗੜਾ ਸੁਲਝਾਉਣ ਗਏ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ

ਇਸ ਸਬੰਧੀ ਥਾਣਾ ਗੇਟ ਹਕੀਮਾਂ ਦੇ ਇੰਚਾਰਜ਼ ਐੱਸ. ਐੱਚ. ਓ ਹਰਸੰਦੀਪ ਸਿੰਘ ਨੇ ਫਿਲਹਾਲ ਫਾਈਰਿੰਗ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਸਾਰੀ ਘਟਨਾ ਪਟਾਕੇ ਚਲਾਉਣ ਕਾਰਨ ਵਾਪਰੀ ਹੈ। ਦੋਵਾਂ ਪਾਸਿਆਂ ਦੇ ਲੋਕਾਂ ਨੇ ਕੁੱਟਮਾਰ ਅਤੇ ਪੱਥਰਬਾਜੀ ਵੀ ਕੀਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News