ਗੋਲੀਬਾਰੀ ਦੀ ਘਟਨਾ ਹੋਈ ਆਮ, ਖਿਡਾਉਣੇ ਵਾਂਗੂ ਨਿਕਲ ਰਹੇ ਪਿਸਤੌਲ, ਪੁਲਸ ਦੀ ਭੂਮਿਕਾ ਸਿਰਫ਼ ਕੇਸ ਦਰਜ ਤੱਕ !
Tuesday, Aug 20, 2024 - 11:56 AM (IST)
ਅੰਮ੍ਰਿਤਸਰ (ਜਸ਼ਨ)-ਜ਼ਿਲ੍ਹੇ ਭਰ (ਸ਼ਹਿਰ ਅਤੇ ਦਿਹਾਤੀ ਇਲਾਕੇ) ਵਿਚ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੀ ਵਾਪਰ ਰਹੀਆਂ ਹਨ, ਹਾਲਾਤ ਇਹ ਬਣ ਚੁੱਕੇ ਹਨ ਕਿ ਇਕ ਦਿਨ ਵਿਚ ਗੋਲੀ ਚੱਲਣ ਦੀਆਂ ਅਤੇ ਦੋ ਵਾਰਦਾਤਾਂ ਆਮ ਹੀ ਸੁਣਨ ਨੂੰ ਮਿਲ ਜਾਂਦੀਆਂ ਹਨ। ਇਸ ਦੇ ਬਾਵਜੂਦ ਪੁਲਸ ਅਪਰਾਧਾਂ ਨੂੰ ਠੱਲ੍ਹ ਪਾਉਣ ਵਿਚ ਨਾਕਾਮ ਸਾਬਤ ਹੋ ਰਹੀ ਹੈ। ਇਸੇ ਤਰ੍ਹਾਂ ਗੁਰੂ ਨਗਰੀ ਵਿਚ ਵੀ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸ਼ਹਿਰ ਦੇ ਹਾਲਾਤ ਤਾਂ ਅਜਿਹੇ ਬਣ ਚੁੱਕੇ ਹਨ ਕਿ ਹੁਣ ਲੋਕ ਆਪਣੇ ਆਪ ਨੂੰ ਹਰ ਵੇਲੇ ਹੀ ਅਸੁਰੱਖਿਅਤ ਮਹਿਸੂਸ ਕਰਦੇ ਹਨ।
ਦੂਜੇ ਪਾਸੇ ਜੇਕਰ ਪੁਲਸ ਦੀ ਗੱਲ ਕਰੀਏ ਤਾਂ ਪੁਲਸ ਸ਼ਹਿਰ ਅਤੇ ਦਿਹਾਤੀ ਇਲਾਕਿਆਂ ਵਿਚ ਲਾਅ ਐਂਡ ਆਰਡਰ ਦੇ ਪੂਰੀ ਤਰ੍ਹਾਂ ਨਾਲ ਚਾਕ ਚੌਬੰਦ ਹੋਣ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ, ਜਦ ਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿਚ ਗੋਲੀਬਾਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ, ਜਿਸਦਾ ਕਾਰਨ ਪੁਲਸ ਦਾ ਢਿੱਲਾ ਪ੍ਰਬੰਧ ਹੈ। ਸ਼ਹਿਰ ਵਿਚ ਲੁਟੇਰੇ ਸ਼ਰੇਆਮ ਲੋਕਾਂ ਨੂੰ ਲੁੱਟ ਰਹੇ ਹਨ, ਲੋਕਾਂ ਤੋਂ ਮੋਬਾਈਲ ਫੋਨ ਖੋਹੇ ਜਾ ਰਹੇ ਹਨ, ਵਾਹਨ ਚੋਰੀ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਦੋ ਪਟਵਾਰੀਆਂ ਦੀ ਮੌਤ
ਪਤਾ ਲੱਗਾ ਹੈ ਕਿ ਪਹਿਲਾਂ ਵੀ ਲੁਟੇਰੇ ਸੜਕ ’ਤੇ ਪੈਦਲ ਜਾ ਰਹੀਆਂ ਔਰਤਾਂ ਦੇ ਗਲਾਂ ਅਤੇ ਕੰਨਾਂ ’ਚੋਂ ਸੋਨੇ ਦੇ ਗਹਿਣੇ ਉਤਾਰ ਲੈਂਦੇ ਸਨ, ਜਿਸ ਕਾਰਨ ਪੁਲਸ ਦੀ ਕਾਰਜਪ੍ਰਣਾਲੀ ਤੋਂ ਅਸੰਤੁਸ਼ਟ ਔਰਤਾਂ ਨੇ ਸੋਨੇ ਦੇ ਗਹਿਣੇ ਪਾਉਣੇ ਹੀ ਬੰਦ ਕਰ ਦਿੱਤੇ ਹਨ। ਇਸ ਤੋਂ ਸਾਫ਼ ਹੈ ਕਿ ਸ਼ਰਾਰਤੀ ਅਨਸਰ ਪੁਲਸ ’ਤੇ ਪੂਰੀ ਤਰ੍ਹਾਂ ਨਾਲ ਭਾਰੀ ਹੋ ਚੁੱਕੇ ਹਨ। ਦੱਸ ਦਈਏ ਕਿ ਪਹਿਲਾਂ ਗੋਲੀਬਾਰੀ ਅਤੇ ਲੁੱਟ ਖਸੁੱਟ ਦੀਆਂ ਘਟਨਾਵਾਂ ਅਕਸਰ ਦੇਰ ਸ਼ਾਮ ਜਾਂ ਰਾਤ ਸਮੇਂ ਹੀ ਵਾਪਰਦੀਆਂ ਸਨ, ਪਰ ਹੁਣ ਲੁਟੇਰੇ ਬਿਨਾਂ ਕਿਸੇ ਡਰ ਦੇ ਦਿਨ-ਦਿਹਾੜੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਪੁਲਸ ਪ੍ਰਸ਼ਾਸਨ ਨੇ ਨਵੇਂ ਪਿਸਤੌਲਾਂ ਦੇ ਲਾਇਸੈਂਸਾਂ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਾਂ ਪਿਸਤੌਲਾਂ ਨੂੰ ਖਿਡਾਉਣੀਆਂ ਵਾਂਗੂ ਕੱਢਦੇ ਦਿਖ ਰਹੇ ਹਨ। ਗੋਲੀਬਾਰੀ ਦੀਆਂ ਘਟਨਾਵਾਂ ਵੀ ਆਮ ਹੁੰਦੀਆਂ ਜਾ ਰਹੀਆਂ ਹਨ। ਲੋਕਾਂ ਤੋਂ ਇਲਾਵਾ ਬੈਂਕਾਂ ਨੂੰ ਵੀ ਲੁਟੇਰੇ ਨਹੀਂ ਬਖਸ਼ ਰਹੇ। ਲੁਟੇਰੇ ਦਿਨ-ਦਿਹਾੜੇ ਆਉਂਦੇ ਹਨ ਅਤੇ ਬੰਦੂਕ ਦੀ ਨੋਕ ’ਤੇ ਬੈਂਕਾਂ ਅਤੇ ਲੋਕਾਂ ਨੂੰ ਲੁੱਟਦੇ ਹੋਏ ਸ਼ਰੇਆਮ ਬਾਜ਼ਾਰਾਂ ’ਚੋਂ ਫਰਾਰ ਹੋ ਜਾਂਦੇ ਹਨ। ਖਾਸ ਗੱਲ ਇਹ ਹੈ ਕਿ ਗੋਲੀ ਚਲਾਉਣ ਦੇ ਜ਼ਿਆਦਾਤਰ ਮਾਮਲੇ ਨੌਜਵਾਨ ਵੱਲੋਂ ਹੀ ਸਾਹਮਣੇ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਜਿਨ੍ਹਾਂ ਹੱਥਾਂ ਵਿਚ ਕਾਪੀਆਂ ਅਤੇ ਕਿਤਾਬਾਂ ਫੜੀਆਂ ਹੋਣੀਆਂ ਚਾਹੀਦੀਆਂ ਹਨ, ਉਸਦੀ ਥਾਂ ’ਤੇ ਪਿਸਤੌਲ ਦਿਖਾਈ ਦੇ ਰਹੇ ਹਨ।ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਇਹ ਪਿਸਤੌਲ ਕਿਵੇਂ ਆ ਰਹੇ ਹਨ, ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ- ਨੌਜਵਾਨ ਨੇ ਨਸ਼ਾ ਲੈਣਾ ਬੰਦ ਕੀਤਾ ਤਾਂ ਕਰ 'ਤਾ ਕਤਲ, ਜਨਮਦਿਨ ਵਾਲੇ ਦਿਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਕਈ ਕੇਸ ਬਣੇ ਪੁਲਸ ਲਈ ‘ਗਲੇ ਦੀ ਹੱਡੀ’
ਪੁਲਸ ਪ੍ਰਸ਼ਾਸਨ ਦਾ ਮੁੱਖ ਕੰਮ ਭਾਵੇਂ ਕ੍ਰਾਈਮ ਨੂੰ ਰੋਕਣਾ ਹੁੰਦਾ ਹੈ ਪਰ ਅੱਜ ਕੱਲ ਪੁਲਸ ਕ੍ਰਈਮ ਰੋਕਣ ਦੀ ਬਜਾਏ ਕ੍ਰਾਈਮ ਹੋਣ ਤੋਂ ਬਾਅਦ ਹੋਏ ਕੇਸਾਂ ਨੂੰ ਸੁਲਝਾਉਣ ਵਿਚ ਹੀ ਦਿਸਦੀ ਨਜ਼ਰ ਆਉਂਦੀ ਹੈ। ਭਾਵੇਂ ਪੁਲਸ ਸਮੇਂ-ਸਮੇਂ ’ਤੇ ਗੋਲੀਬਾਰੀ ਤੋਂ ਇਲਾਵਾ ਲੁੱਟ-ਖੋਹ ਅਤੇ ਵਾਹਨ ਚੋਰੀ ਕਰਨ ਵਾਲੇ ਗਿਰੋਹਾਂ ਦਾ ਪਰਦਾਫਾਸ਼ ਕਰਦੀ ਹੈ, ਪਰ ਵਰਤਮਾਨ ਸਮੇਂ ਵਿਚ ਘਟ ਰਹੀਆਂ ਘਟਨਾਵਾਂ ਦੇ ਅਨੁਰੂਪ ਇਹ ਗਿਣਤੀ ਬਹੁਤ ਘੱਟ ਹੈ।
ਕੁੱਲ ਮਿਲਾ ਕੇ ਹੁਣ ਤੱਕ ਪੁਲਸ ਅਜਿਹੇ ਮਾਮਲਿਆਂ ਨੂੰ ਪੂਰੀ ਤਰ੍ਹਾਂ ਹੱਲ ਕਰਨ ਵਿਚ ਨਾਕਾਮ ਸਾਬਤ ਹੋ ਰਹੀ ਹੈ। ਅਜਿਹੀਆਂ ਵੱਡੀਆਂ ਲੁੱਟਾਂ-ਖੋਹਾਂ ਅਤੇ ਗੋਲੀਕਾਂਡ ਦੇ ਜ਼ਿਆਦਾਤਰ ਮਾਮਲੇ ਅਜੇ ਵੀ ਅੰਮ੍ਰਿਤਸਰ ਦੀ ਸ਼ਹਿਰੀ ਅਤੇ ਦਿਹਾਤੀ ਪੁਲਸ ਲਈ ਗਲੇ ਦੀ ਹੱਡੀ ਬਣੇ ਹੋਏ ਹਨ, ਭਾਵ ਕਿ ਅਜੇ ਤੱਕ ਇਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ। ਅਜਿਹੇ ਮਾਮਲਿਆਂ ਨੂੰ ਦੇਖਦੇ ਹੋਏ ਪੁਲਸ ਸੂਚਨਾ ਮਿਲਣ ’ਤੇ ਮਾਮਲੇ ਤਾਂ ਦਰਜ ਕਰ ਲੈਂਦੀ ਹੈ ਪਰ ਉਨ੍ਹਾਂ ਨੂੰ ਹੱਲ ਕਰਨ ’ਚ ਅਸਮਰਥ ਸਾਬਤ ਹੁੰਦੀ ਹੈ।
ਇਹ ਵੀ ਪੜ੍ਹੋ- ਰੱਖੜ ਪੁੰਨਿਆ 'ਤੇ CM ਮਾਨ ਦਾ ਪੰਜਾਬ ਵਾਸੀਆਂ ਲਈ ਖ਼ਾਸ ਤੋਹਫ਼ਾ, ਪੜ੍ਹੋ ਖ਼ਬਰ
ਪਹਿਲਾਂ ਦਸਤੀ ਹਥਿਆਰਾਂ ਨਾਲ ਹੁੰਦੀਆਂ ਸੀ ਲੜਾਈਆਂ
ਪੰਦਰਾਂ ਸਾਲ ਪਹਿਲਾਂ ਨੌਜਵਾਨਾਂ ਦੇ ਗਰੁੱਪਾਂ ਵਿਚ ਜੋ ਵੀ ਝਗੜੇ ਹੁੰਦੇ ਸਨ, ਉਹ ਸਿਰਫ਼ ਦਸਤੀ ਹਥਿਆਰਾਂ (ਸਟਿੱਕ, ਹਾਕੀ, ਬੇਸਬਾਲ) ਆਦਿ ਨਾਲ ਹੁੰਦੇ ਸਨ, ਜਿਸ ਕਾਰਨ ਕੋਈ ਵਿਅਕਤੀ ਜ਼ਖ਼ਮੀ ਹੋ ਜਾਂਦਾ ਸੀ ਤਾਂ ਸਮੇਂ ਦੇ ਨਾਲ ਜ਼ਖਮੀ ਵਿਅਕਤੀ ਠੀਕ ਹੋ ਜਾਂਦਾ ਸੀ। ਇਸ ਤੋਂ ਬਾਅਦ 10 ਸਾਲ ਪਹਿਲਾਂ ਦੋ ਧੜਿਆਂ ਵਿਚ ਹੋਣ ਵਾਲੀਆਂ ਲੜਾਈਆਂ ਵਿਚ ਦਸਤੀ ਹਥਿਆਰਾਂ ਤੋਂ ਇਲਾਵਾ ਤੇਜ਼ਧਾਰ ਹਥਿਆਰਾਂ (ਦਾਤਾਰ, ਕਿਰਪਾਨ) ਦੀ ਵਰਤੋਂ ਸ਼ੁਰੂ ਹੋ ਗਈ। ਇਸ ਵਿੱਚ ਵੀ ਸੱਟ ਮਾਰਨ ਵਾਲਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਂਦਾ ਸੀ ਪਰ ਉਸਦਾ ਇਲਾਜ ਕਾਫੀ ਹੱਦ ਤੱਕ ਸੰਭਵ ਹੋ ਜਾਂਦਾ ਸੀ। ਪਰ ਜੇਕਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਹੁਣ ਤਾਂ ਨੌਜਵਾਨ ਛੋਟੀਆਂ-ਛੋਟੀਆਂ ਗੱਲਾਂ ’ਤੇ ਵੀ ਗੁੱਸੇ ’ਚ ਆ ਜਾਂਦੇ ਹਨ ਅਤੇ ਗੁੱਸੇ ’ਚ ਆ ਕੇ ਝੱਟ ਪਿਸਤੌਲ ਕੱਢ ਲੈਂਦੇ ਹਨ ਅਤੇ ਲੋਕਾਂ ਦੇ ਸਾਹਮਣੇ ਹੀ ਗੋਲੀਆਂ ਚਲਾ ਦਿੰਦੇ ਹਨ। ,ਹੁਣ ਨੌਜਵਾਨਾਂ ਵਿਚ ਸਹਿਣਸ਼ੀਲਤਾ ਵੀ ਕਾਫੀ ਘਟ ਗਈ ਹੈ। ਇੱਥੇ ਸਭ ਤੋਂ ਵੱਡਾ ਹੈਰਾਨੀਜਨਕ ਪਹਿਲੂ ਇਹ ਹੈ ਕਿ ਉਸ ਕੋਲ ਇੰਨੀ ਛੋਟੀ ਉਮਰ ਵਿੱਚ ਹਥਿਆਰ ਕਿੱਥੋਂ ਆਏ। ਪੁਲਸ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ- ਰੱਖੜ ਪੁੰਨਿਆ 'ਤੇ ਮੱਥਾ ਟੇਕਣ ਜਾ ਰਹੇ ਨੌਜਾਵਾਨ ਦੀ ਹਾਦਸੇ 'ਚ ਮੌਤ, ਕੁਝ ਦਿਨ ਬਾਅਦ ਜਾਣਾ ਸੀ ਨਿਊਜ਼ੀਲੈਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8