ਪਾਕਿਸਤਾਨ ਗਰੀਬੀ ਤੇ ਭੁੱਖਮਰੀ ਦੀ ਕਗਾਰ ’ਤੇ, ਆਸਮਾਨ ਨੂੰ ਛੂਹ ਰਹੇ ਸਬਜ਼ੀਆਂ ਦੀਆਂ ਰੇਟ
Sunday, Oct 26, 2025 - 11:04 AM (IST)
ਅੰਮ੍ਰਿਤਸਰ/ਲਾਹੌਰ (ਕੱਕੜ)-ਪਾਕਿਸਤਾਨ ਜੋ ਪਹਿਲਾਂ ਹੀ ਗਰੀਬੀ ਅਤੇ ਭੁੱਖਮਰੀ ਦੀ ਕਗਾਰ ’ਤੇ ਖੜ੍ਹਾ ਹੈ, ਹੁਣ ਇਸ ਵਿਚ ਟਮਾਟਰ ਦਾ ਤੜਕਾ ਸਾਹਮਣੇ ਆ ਰਿਹਾ ਹੈ ਅਤੇ ਪਾਕਿਸਤਾਨ ਵਿਚ ਲੋਕ ‘ਵਾਹ’ ਨਹੀਂ ‘ਆਹ’ ਟਮਾਟਰ ਕਹਿੰਦੇ ਹੋਏ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਸ਼ਾਹਬਾਜ਼ ਸ਼ਰੀਫ ਦੇ ਦੇਸ਼ ’ਚ ਟਮਾਟਰ ਇਕ ਲਗਜ਼ਰੀ ਵਸਤੂ ਬਣ ਗਏ ਹਨ। ਲਾਹੌਰ, ਇਸਲਾਮਾਬਾਦ ਅਤੇ ਕਰਾਚੀ ਦੇ ਬਾਜ਼ਾਰਾਂ ’ਚ ਟਮਾਟਰਾਂ ਦੀਆਂ ਕੀਮਤਾਂ ਨੇ ਪਾਕਿਸਤਾਨੀਆਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਟਮਾਟਰ ਜੋ ਪਹਿਲਾਂ ਪਾਕਿਸਤਾਨ ’ਚ 100 ਰੁਪਏ ਕਿਲੋ ਵਿਕਦੇ ਸਨ, ਹੁਣ 600 ਰੁਪਏ ਕਿਲੋ ਤੋਂ ਵੱਧ ਹੋ ਗਏ ਹਨ, ਜਦਕਿ ਅਦਰਕ 750 ਕਿਲੋ ਅਤੇ ਲਸਣ 500 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ। ਇਸ ਦੇ ਪਿੱਛੇ ਦਾ ਕਾਰਨ ਹੈਰਾਨ ਕਰਨ ਵਾਲਾ ਹੈ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਹਾਲ ਹੀ ਵਿਚ ਹੋਈ ਜੰਗ ਤੋਂ ਬਾਅਦ ਸਰਹੱਦ ਬੰਦ ਹੋਣ ਨਾਲ ਪਾਕਿਸਤਾਨ ’ਚ ਮਹਿੰਗਾਈ ਵਿਚ ਵਾਧਾ ਹੋਇਆ ਹੈ, ਜਿਸ ’ਚ ਸਬਜ਼ੀਆਂ ਸਮੇਤ ਕਈ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਦਸ ਗੁਣਾ ਵਧ ਗਈਆਂ ਹਨ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ: ਇਨ੍ਹਾਂ 2 ਜ਼ਿਲ੍ਹਿਆਂ ਨੇ ਮਚਾਈ ਸਭ ਤੋਂ ਵੱਧ ਅੱਗ, ਪਹਿਲੇ ਸਥਾਨ 'ਤੇ...
ਇਹ ਵੀ ਪਤਾ ਲੱਗਾ ਹੈ ਕਿ ਕਈ ਸਬਜ਼ੀਆਂ ਦੇ ਟਰੱਕ ਸਰਹੱਦ ’ਤੇ ਫਸੇ ਹੋਏ ਹਨ, ਜਿਸ ਕਾਰਨ ਸਾਮਾਨ ਮੰਡੀਆਂ ਤੱਕ ਨਹੀਂ ਪਹੁੰਚ ਰਿਹਾ। ਕਾਬੁਲ ’ਚ ਪਾਕਿਸਤਾਨ-ਅਫਗਾਨ ਚੈਂਬਰ ਆਫ਼ ਕਾਮਰਸ ਦੇ ਮੁਖੀ ਨੇ ਕਿਹਾ ਕਿ ਲੜਾਈ ਸ਼ੁਰੂ ਹੋਣ ਤੋਂ ਬਾਅਦ ਸਾਰਾ ਵਪਾਰ ਅਤੇ ਸਾਮਾਨ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਤਾਜ਼ੇ ਫਲ, ਸਬਜ਼ੀਆਂ, ਖਣਿਜ, ਦਵਾਈਆਂ, ਕਣਕ, ਚੌਲ, ਖੰਡ, ਮਾਸ ਅਤੇ ਡੇਅਰੀ ਉਤਪਾਦ, ਜੋ ਕਿ ਦੋਵਾਂ ਦੇਸ਼ਾਂ ਵਿਚਕਾਰ ਅੰਤਰਰਾਸ਼ਟਰੀ ਵਪਾਰ ਦਾ ਇਕ ਵੱਡਾ ਹਿੱਸਾ ਹਨ, ਨੂੰ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-ਤਰਨਤਾਰਨ ਜ਼ਿਮਨੀ ਚੋਣ ਤੋਂ ਸਿਆਸਤ 'ਚ ਵੱਡਾ ਭੁਚਾਲ
ਰਾਵਲਪਿੰਡੀ ਸਬਜ਼ੀ ਮੰਡੀ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਟਮਾਟਰ ਦੀ ਸਪਲਾਈ ਘੱਟ ਹੈ, ਜਦਕਿ ਮੰਗ ਜ਼ਿਆਦਾ ਹੈ ਕਿਉਂਕਿ ਪਾਕਿਸਤਾਨ ’ਚ ਟਮਾਟਰ ਦੀ ਮੰਗ ਸਾਰੀਆਂ ਸਬਜ਼ੀਆਂ ’ਚੋਂ ਸਭ ਤੋਂ ਵੱਧ ਹੈ ਅਤੇ ਟਮਾਟਰ ਅਫਗਾਨਿਸਤਾਨ ਤੋਂ ਦਰਾਮਦ ਨਹੀਂ ਕੀਤੇ ਜਾ ਰਹੇ ਹਨ, ਇਸ ਲਈ ਸਪਲਾਈ ਪੂਰੀ ਤਰ੍ਹਾਂ ਬਹਾਲ ਹੋਣ ਤੱਕ ਕੀਮਤਾਂ ਵਿਚ ਕੋਈ ਕਮੀ ਆਉਣ ਦਾ ਕੋਈ ਸੰਕੇਤ ਨਹੀਂ ਹੈ। ਛੋਟੇ ਸਬਜ਼ੀ ਵਿਕਰੇਤਾਵਾਂ ਨੇ ਉੱਚੀਆਂ ਕੀਮਤਾਂ ਕਾਰਨ ਟਮਾਟਰ, ਮਟਰ, ਅਦਰਕ ਅਤੇ ਲਸਣ ਵੇਚਣਾ ਬੰਦ ਕਰ ਦਿੱਤਾ ਹੈ, ਪਿਆਜ਼ ਦੀ ਕੀਮਤ 120 ਰੁਪਏ ਪ੍ਰਤੀ ਤੋਂ ਵੱਧ ਅਤੇ ਮਟਰ 500 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਆਉਣ ਵਾਲੇ ਦਿਨਾਂ ’ਚ ਉਕਤ ਵਸਤੂਆਂ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਗੈਂਗਸਟਰਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
