ਹਥਿਆਰ ਦੀ ਨੋਕ ’ਤੇ ਅਸ਼ਲੀਲ ਵੀਡੀਓ ਬਣਾ ਗਿਰੋਹ ਨੇ ਮੰਗੇ 8 ਲੱਖ ਰੁਪਏ, ਪੁਲਸ ਨੇ ਔਰਤ ਸਣੇ 3 ਨੂੰ ਗ੍ਰਿਫ਼ਤਾਰ
Monday, Nov 28, 2022 - 11:42 AM (IST)

ਤਰਨਤਾਰਨ (ਰਮਨ)- ਘਰ ਬੁਲਾ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਅਸ਼ਲੀਲ ਵੀਡੀਓ ਬਣਾਉਣ ਤੋਂ ਬਾਅਦ 8 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 3 ਮੈਂਬਰਾਂ ਨੂੰ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਗ੍ਰਿਫ਼ਤਾਰ ਕਰਦੇ ਹੋਏ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਇਸ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ 3 ਮੋਬਾਇਲ ਫੋਨ ਅਤੇ ਇਕ ਦਾਤਰ ਵੀ ਬਰਾਮਦ ਕੀਤਾ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਰਿਮਾਂਡ ਦੌਰਾਨ ਬਰੀਕੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਿਸ ’ਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਪਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦੀਨੇਵਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ। ਬੀਤੀ 25 ਨਵੰਬਰ ਦੀ ਦੁਪਹਿਰ ਸਾਢੇ 12 ਵਜੇ ਉਸ ਨੂੰ ਗੁਰਪ੍ਰੀਤ ਕੌਰ ਉਰਫ਼ ਗੋਪੀ ਪਤਨੀ ਪਲਵਿੰਦਰ ਸਿੰਘ ਨਿਵਾਸੀ ਨੇੜੇ ਕੋਟਕ ਮਹਿੰਦਰਾ ਬੈਂਕ ਪਿੰਡ ਪੰਡੋਰੀ ਗੋਲਾ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਪਤੀ ਨਾਲ ਅਣਬਣ ਹੋ ਗਈ ਹੈ ਅਤੇ ਉਹ ਉਨ੍ਹਾਂ ਦੇ ਘਰ ਆ ਕੇ ਰਾਜ਼ੀਨਾਮਾ ਕਰਵਾ ਦੇਣ।
ਇਹ ਵੀ ਪੜ੍ਹੋ- ਵੱਟ ਦੇ ਰੌਲੇ ਪਿੱਛੇ ਚੱਲੀਆਂ ਗੋਲ਼ੀਆਂ, ਦਾਦੇ-ਪੋਤੇ ਨੇ ਭੱਜ ਕੇ ਬਚਾਈ ਜਾਨ, ਦਾੜ੍ਹੀ-ਕੇਸਾਂ ਦੀ ਕੀਤੀ ਬੇਅਦਬੀ
ਜਿਸ ਤੋਂ ਬਾਅਦ ਪਲਵਿੰਦਰ ਸਿੰਘ ਉਸੇ ਵੇਲੇ ਗੁਰਪ੍ਰੀਤ ਕੌਰ ਦੇ ਘਰ ਜਾ ਪੁੱਜਾ, ਜਿੱਥੇ ਪਹਿਲਾਂ ਤੋਂ ਹੀ ਬਲਵਿੰਦਰ ਸਿੰਘ ਉਰਫ਼ ਇਗੂ ਚੌਕੀਦਾਰ ਵਾਸੀ ਪਿੰਡ ਲਾਲੂਘੁੰਮਣ ਅਤੇ ਜਸਪਾਲ ਸਿੰਘ ਉਰਫ਼ ਜੱਸ ਢਿੱਲੋਂ ਪੁੱਤਰ ਕਰਮ ਸਿੰਘ ਵਾਸੀ ਪੱਧਰੀ ਕਲਾਂ ਜੋ ਡੇਲੀ ਬੇਸ ’ਤੇ ਪੈਸੇ ਦੇਣ ਦਾ ਕੰਮ ਵੀ ਕਰਦਾ ਹੈ, ਮੌਜੂਦ ਸਨ। ਇਸ ਦੌਰਾਨ ਬਲਵਿੰਦਰ ਸਿੰਘ ਨੇ ਘਰ ਪੁੱਜੇ ਪਲਵਿੰਦਰ ਸਿੰਘ ਨੂੰ ਤੇਜ਼ਧਾਰ ਦਾਤਰ ਦੀ ਨੋਕ ’ਤੇ ਕੱਪੜੇ ਉਤਾਰਨ ਲਈ ਧਮਕਾਉਣਾ ਸ਼ੁਰੂ ਕਰ ਦਿੱਤਾ। ਜਦੋਂ ਪਲਵਿੰਦਰ ਸਿੰਘ ਨੇ ਅਜਿਹਾ ਨਾ ਕਰਨ ਦਾ ਵਿਰੋਧ ਕੀਤਾ ਤਾਂ ਤਿੰਨਾਂ ਨੇ ਉਸਦੇ ਜ਼ਬਰਦਸਤੀ ਕੱਪੜੇ ਉਤਾਰ ਦਿੱਤੇ, ਜਿਸ ਤੋਂ ਬਾਅਦ ਉਸ ਦੀ ਅਸ਼ਲੀਲ ਵੀਡੀਓ ਤਿਆਰ ਕਰਦੇ ਹੋਏ 8 ਲੱਖ ਰੁਪਏ ਦੀ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਉਸਦੀ ਜ਼ੇਬ ’ਚ ਮੌਜੂਦ 6500 ਰੁਪਏ ਦੀ ਰਾਸ਼ੀ ਖੋਹ ਲਈ ਗਈ। ਮੁਲਜ਼ਮਾਂ ਵਲੋਂ ਤਿਆਰ ਕੀਤੀ ਗਈ ਜ਼ਬਰਦਸਤੀ ਅਸ਼ਲੀਲ ਵੀਡੀਓ ਤੋਂ ਡਰਦੇ ਹੋਏ ਉਹ 6 ਲੱਖ ਰੁਪਏ ਦੇਣ ਲਈ ਵੀ ਤਿਆਰ ਹੋ ਗਿਆ ਸੀ। ਐੱਸ.ਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਨੇ ਆਪਣੇ ਘਰ ਆ ਕੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ।
ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਜਸਪਾਲ ਸਿੰਘ ਵਲੋਂ ਅਗਲੇਰੀ ਕਾਰਵਾਈ ਕਰਦੇ ਹੋਏ ਮੁਲਜ਼ਮ ਗੁਰਪ੍ਰੀਤ ਕੌਰ, ਜਸਪਾਲ ਸਿੰਘ ਅਤੇ ਬਲਵਿੰਦਰ ਸਿੰਘ ਉਰਫ਼ ਇਗੂ ਚੌਕੀਦਾਰ ਨੂੰ ਗ੍ਰਿਫ਼ਤਾਰ ਕਰਦੇ ਹੋਈ ਤਿੰਨ ਮੋਬਾਇਲ ਅਤੇ ਇਕ ਦਾਤਰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਦੌਰਾਨ ਹਾਸਲ ਰਿਮਾਂਡ ਤਹਿਤ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਵਿਚ ਕਈ ਹੋਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਦੀ ਆਸ ਹੈ।