ਤਰਨਤਾਰਨ ’ਚ ਲੁੱਟ ਦੀ ਵਾਰਦਾਤ : ਨਕਾਬਪੋਸ਼ ਲੁਟੇਰਿਆਂ ਨੇ ਖੋਹਿਆ ਸਵਾ 5 ਲੱਖ ਰੁਪਏ ਨਾਲ ਭਰਿਆ ਬੈਗ

04/13/2021 2:46:59 PM

ਤਰਨਤਾਰਨ (ਰਮਨ) - ਸਥਾਨਕ ਸ਼ਹਿਰ ਅੰਦਰ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ, ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸ ਦੀ ਤਾਜ਼ਾ ਮਿਸਾਲ ਸਥਾਨਕ ਰੋਹੀ ਪੁੱਲ ਨਜ਼ਦੀਕ ਸਥਿਤ ਈ.ਜੀ. ਡੇ ਸਟੋਰ ਦੇ ਬਾਹਰੋਂ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਇਕ ਕੈਸ਼ ਜਮਾਂ ਕਰਵਾਉਣ ਵਾਲੀ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੁਟੇਰੇ ਕੈਸ਼ ਨਾਲ ਭਰਿਆ ਬੈਗ ਖੋਹ ਫਰਾਰ ਹੋ ਗਏ। ਬੈਗ ’ਚ ਕਰੀਬ ਸਵਾ 5 ਲੱਖ ਰੁਪਏ ਕੈਸ਼ ਦੱਸਿਆ ਜਾ ਰਿਹਾ ਹੈ, ਜਿਸ ਤਹਿਤ ਥਾਣਾ ਸਿਟੀ ਦੀ ਪੁਲਸ ਨੇ ਸੀ.ਸੀ.ਟੀ.ਵੀ ਫੁਟੇਜ਼ ਦੇ ਆਧਾਰ ’ਤੇ ਅਗਲੇਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਵੱਖ-ਵੱਖ ਥਾਵਾਂ ਤੋਂ ਕੈਸ਼ ਇਕੱਠਾ ਕਰ ਉਸ ਨੂੰ ਬੈਂਕ ’ਚ ਜਮਾਂ ਕਰਵਾਉਣ ਵਾਲੀ ਰੇਡੀਅੰਟ ਕੈਸ਼ ਮੈਨੇਜਮੈਂਟ ਪ੍ਰਾਈਵੇਟ ਲਿਮਿਟਡ ਨਾਮਕ ਕੰਪਨੀ ਦਾ ਵੱਡੀਆਂ ਪ੍ਰਾਈਵੇਟ ਕੰਪਨੀਆਂ ਨਾਲ ਕੰਟਰੈਕਟ ਹੋਇਆ ਹੈ। ਕੰਪਨੀ ਦਾ ਕਰਮਚਾਰੀ ਹਰਜੀਤ ਸਿੰਘ ਪੁੱਤਰ ਸਤਵੰਤ ਸਿੰਘ ਵਾਸੀ ਦੀਪ ਐਵੀਨਿਊ ਤਰਨਤਾਰਨ ਸੋਮਵਾਰ ਸਵੇਰੇ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਬਿਨਾਂ ਕਿਸੇ ਹਥਿਆਰ ਤੋਂ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਤੋਂ ਕਰੀਬ 3 ਲੱਖ 50 ਹਜ਼ਾਰ ਇਕੱਠਾ ਕਰ ਰੋਹੀ ਪੁੱਲ ਨੇੜੇ ਸਥਿਤ ਈ.ਜੀ.ਡੇ ਨਾਮਕ ਸਟੋਰ ’ਤੇ ਸਵੇਰੇ ਕਰੀਬ 9.30 ਪੁੱਜਾ।

ਹਰਜੀਤ ਸਿੰਘ ਨੇ ਸਟੋਰ ਅੰਦਰੋਂ 1 ਲੱਖ 66 ਹਜ਼ਾਰ ਸੱਤ ਸੌ 22 ਰੁਪਏ ਦੀ ਨਕਦੀ ਵਸੂਲ ਕਰ ਬੈਂਕ ’ਚ ਜਮਾਂ ਕਰਵਾਉਣ ਲਈ ਲੈ ਕੇ ਬਾਹਰ ਆਇਆ। ਜਦੋਂ ਹਰਜੀਤ ਸਿੰਘ ਨੇ ਇਸ ਕੈਸ਼ ਨੂੰ ਆਪਣੇ ਮੋਟਰ ਸਾਈਕਲ ਦੀ ਸਾਈਡ ’ਤੇ ਲੱਗੀ ਡਿੱਕੀ ’ਚ ਰੱਖ ਚੱਲਣ ਵਾਲਾ ਸੀ ਤਾਂ ਇਕ ਨਕਾਬ ਪੋਸ਼ ਸਰਦਾਰ ਨੌਜਵਾਨ ਉਸ ਕੋਲੋ ਪੈਦਲ ਆਇਆ, ਜੋ ਡਿੱਕੀ ’ਚੋਂ ਬੈਗ ਕੱਢ ਫਰਾਰ ਹੋ ਗਿਆ। 

ਜਾਣਕਾਰੀ ਅਨੁਸਾਰ ਰੋਹੀ ਪੁੱਲ ਨਜ਼ਦੀਕ ਪਹਿਲਾਂ ਤੋਂ ਇਕ ਮੋਟਰ ਸਾਈਕਲ ਸਵਾਰ ਨਕਾਬ ਪੋਸ਼ ਵਿਅਕਤੀ ਤਿਆਰ ਖੜ੍ਹਾ ਸੀ, ਜੋ ਆਪਣੇ ਸਾਥੀ ਨਾਲ ਮੌਕੇ ਤੋਂ ਬੈਗ ਲੈ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰਿਆਂ ’ਚ ਕੈਦ ਹੋ ਚੁੱਕੀ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵਾਂ ਲੁਟੇਰਿਆਂ ਦਾ ਪਿੱਛਾ ਕਰਨ ਲਈ ਹਰਜੀਤ ਸਿੰਘ ਨੇ ਕਾਫ਼ੀ ਮਿਹਨਤ ਕੀਤੀ ਪਰ ਲੁਟੇਰੇ ਹੱਥ ਨਹੀਂ ਆਏ। ਹੈਰਾਨੀ ਦੀ ਗੱਲ ਹੈ ਕਿ ਇਸ ਭੀੜ ਵਾਲੇ ਇਲਾਕੇ ’ਚ ਦਿਨ-ਦਿਹਾੜੇ ਅਜਿਹੀਆਂ ਵਾਰਦਾਤਾਂ ਨੂੰ ਲੁਟੇਰੇ ਸ਼ਰੇਆਮ ਅੰਜਾਮ ਦੇ ਰਹੇ ਹਨ। 

ਥਾਣਾ ਸਿਟੀ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰੇ ਦੀ ਮਦਦ ਨਾਲ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ, ਜੋ ਜਲਦ ਕਾਬੂ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰੋਜ਼ਾਨਾ ਵਾਹਨ ਹੋ ਰਹੇ ਚੋਰੀ-ਪਿਛਲੇ ਕੁਝ ਦਿਨਾਂ ’ਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਕਰੀਬ ਇਕ ਦਰਜਨ ਵਾਹਨ ਚੋਰੀ ਹੋ ਚੁੱਕੇ ਹਨ। 

ਪ੍ਰਮੋਦ ਚੱਢਾ ਨਿਵਾਸੀ ਚੌਂਕ ਨੰਗੇ ਪੈਰਾਂ ਵਾਲਾ ਨੇ ਦੱਸਿਆ ਕਿ ਉਹ ਦਵਾਈ ਲੈਣ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਬੀਤੇ ਕੱਲ ਗਏ ਸਨ ਜਿੱਥੋਂ ਉਨ੍ਹਾਂ ਦਾ ਐਕਟਿਵਾ ਨੰਬਰ ਪੀ.ਬੀ 46-ਐੱਲ-8182 ਕੋਈ ਸੜਕ ਤੋਂ ਚੋਰੀ ਕਰ ਲੈ ਗਿਆ। ਇਸ ਸਬੰਧੀ ਉਨ੍ਹਾਂ ਥਾਣਾ ਸਿਟੀ ਵਿਖੇ ਦਰਖ਼ਾਸਤ ਦੇ ਦਿੱਤੀ ਹੈ, ਜਿਸ ਦੀ ਥਾਣੇਦਾਰ ਭੁਪਿੰਦਰ ਸਿੰਘ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਨਗਰ ਕੌਂਸਲ ਦਫਤਰ ਵਿਖੇ ਤਾਇਨਾਤ ਫਾਇਰ ਕਰਮਚਾਰੀ ਕਰਨਬੀਰ ਸਿੰਘ ਪੁੱਤਰ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਕਾਲੇ ਰੰਗ ਦਾ ਸਪਲੈਂਡਰ ਮੋਟਰ ਸਾਈਕਲ ਨੰਬਰ ਪੀ.ਬੀ 46-ਜੇ-2308 ਕੋਈ ਚੋਰੀ ਕਰ ਕੇ ਲੈ ਗਿਆ।

ਇਸ ਤੋਂ ਇਲਾਵਾ ਪਿੰਡ ਬੱਚੜੇ ਦੇ ਨਿਵਾਸੀ ਚੰਨਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਡਾਕਘਰ ਵਿਖੇ ਕਿਸੇ ਜ਼ਰੂਰੀ ਕੰਮ ਲਈ ਸੋਮਵਾਰ ਗਿਆ, ਜਿੱਥੇ ਉਸ ਦਾ ਮੋਟਰ ਸਾਈਕਲ ਨੰਬਰ ਪੀ.ਬੀ 46-ਏ.ਬੀ-0473 ਕੋਈ ਚੋਰੀ ਕਰ ਕੇ ਲੈ ਗਿਆ। ਇਸ ਦੀ ਸ਼ਿਕਾਇਤ ਉਨ੍ਹਾਂ ਥਾਣਾ ਸਿਟੀ ਵਿਖੇ ਦੇ ਦਿੱਤੀ ਹੈ। ਇਸ ਤੋਂ ਇਲਾਵਾ ਗਲੀ ਮਿੱਟੀ ਪੁੱਟੀਆਂ ਵਾਲੀ ਤੋਂ ਸਪਲੈਂਡਰ ਮੋਟਰ ਸਾਈਕਲ ਚੋਰੀ ਹੋ ਚੁੱਕਾ ਹੈ।


rajwinder kaur

Content Editor

Related News