ਮਾਮਲਾ ਨਵਜੰਮੀ ਬੱਚੀ ਨੂੰ ਸੜਕ ਕਿਨਾਰੇ ਸੁੱਟਣ ਦਾ, ਆਪਣੀ ਬੱਚੀ ਦੀ ਲਾਸ਼ ਨੂੰ ਲੈਣ ਨਹੀਂ ਪੁੱਜੇ ਕਲਯੁੱਗੀ ਮਾਪੇ

01/05/2021 12:42:52 PM

ਤਰਨਤਾਰਨ(ਰਮਨ): ਜ਼ਿਲੇ੍ਹ ਦੇ ਪਿੰਡ ਕਮਾਲਪੁਰ ਵਿਖੇ ਇਕ ਨਵਜੰਮੀ ਬੱਚੀ ਨੂੰ ਅੱਤ ਦੀ ਠੰਡ ਦੌਰਾਨ ਸੜਕ ਕਿਨਾਰੇ ਸੁੱਟ ਦਿੱਤਾ ਗਿਆ ਸੀ। ਇਸ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ’ਚ ਲੈ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਪੋਸਟ ਮਾਰਟਮ ਰੂਮ ’ਚ ਰੱਖਦੇ ਹੋਏ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ। ਸੋਮਵਾਰ ਨੂੰ ਪੁਲਸ ਦੀ ਅਰਜੀ ’ਤੇ ਬੱਚੀ ਦਾ ਪੋਸਟਮਾਰਟਮ ਅਤੇ ਡੀ.ਐੱਨ.ਏ ਟੈਸਟ ਮੈਡੀਕਲ ਕਾਲਜ ਅੰਮਿ੍ਰਤਸਰ ਵਿਖੇ ਦੋ ਮੈਂਬਰੀ ਬੋਰਡ ਵਲੋਂ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੁਲਸ ਵਲੋਂ ਇਲਾਕੇ ਦੀਆਂ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਨਾਲ ਤਾਲ ਮੇਲ ਕਰਦੇ ਹੋਏ ਬੱਚੀ ਦੇ ਕਾਤਲ ਕਲਯੁੱਗੀ ਮਾਪਿਆਂ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ: ਕਾਂਗਰਸੀ ਸਰਪੰਚ ਨੇ ਸਾਥੀਆਂ ਨਾਲ ਮਿਲ ਨੌਜਵਾਨ ਦਾ ਕੀਤਾ ਕਤਲ

ਜਾਣਕਾਰੀ ਅਨੁਸਾਰ ਪਿੰਡ ਕਮਾਲਪੁਰ ਵਿਖੇ ਸ਼ਬਾਜ਼ਪੁਰ ਤੋਂ ਭਿੱਖੀਵਿੰਡ ਜਾਣ ਵਾਲੀ ਸੜਕ ਦੇ ਕਿਨਾਰੇ ਇਕ ਨਵਜੰਮੀ ਬੱਚੀ 31 ਦਸੰਬਰ ਦੀ ਸਵੇਰੇ ਜਸਵੰਤ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਪਿੰਡ ਕਮਾਲਪੁਰ ਨੇ ਵੇਖੀ ਤਾਂ ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਚੌਂਕੀ ਮਾਣੋਚਾਹਲ ਦੇ ਇੰਚਾਰਜ ਏ.ਐੱਸ.ਆਈ ਅਮਰਜੀਤ ਸਿੰਘ ਨੂੰ ਦਿੱਤੀ। ਜਿਸ ਤਹਿਤ ਬੱਚੀ ਜਿਸ ਦੀ ਮੌਤ ਹੋ ਚੁੱਕੀ ਸੀ ਨੂੰ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਪ ’ਚ 72 ਘੰਟੇ ਲਈ ਪਛਾਣ ਵਾਸਤੇ ਰੱਖ ਦਿੱਤਾ ਗਿਆ। ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਅਤੇ ਡੀ.ਐੱਨ.ਏ ਕਰਵਾਉਣ ਸਬੰਧੀ ਸਹੂਲਤਾਂ ਮੌਜੂਦ ਨਾ ਹੋਣ ਕਾਰਨ ਐੱਸ.ਐੱਮ.ਓ ਡਾ. ਸਵਰਨਜੀਤ ਧਵਨ ਨੇ ਅੰਮਿ੍ਰਤਸਰ ਦੇ ਮੈਡੀਕਲ ਕਾਲਜ ਲਈ ਰੈਫ਼ਰ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਕਾਲਜ ਵਿਖੇ ਦੋ ਮੈਂਬਰੀ ਡਾਕਟਰ ਜਿੰਨ੍ਹਾਂ ’ਚ ਡਾ. ਸੰਨੀ ਅਤੇ ਡਾ. ਅਸ਼ੀਸ਼ ਸ਼ਾਮਲ ਸਨ ਵਲੋਂ ਵੀਡੀਓਗ੍ਰਾਫ਼ੀ ਦੌਰਾਨ ਬੱਚੀ ਦਾ ਡੀ.ਐੱਨ.ਏ. ਸੈਂਪਲ ਅਤੇ ਪੋਸਟ ਮਾਰਟਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚੀ ਨੂੰ ਪਿੰਡ ਮਾਣੋਚਾਹਲ ਦੇ ਸ਼ਮਸ਼ਾਨ ਘਾਟ ਵਿਖੇ ਦਫ਼ਨਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਮਾਪਿਆਂ ਦੀ ਭਾਲ ਜਾਰੀ ਹੈ, ਜਿਸ ਸਬੰਧੀ ਉਹ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਦੀ ਮਦਦ ਲੈ ਰਹੇ ਹਨ।

ਇਹ ਵੀ ਪੜ੍ਹੋ :  ਅੰਮਿ੍ਰਤਸਰ ’ਚ 13 ਸਾਲਾ ਬੱਚੀ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਦਿਖਾ ਕੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਦੋਸ਼ੀਆਂ ਨੂੰ ਮਿਲੇ ਫਾਂਸੀ ਦੀ ਸਜ਼ਾ
ਸਮਾਜ ਸੇਵੀ ਅਤੇ ਡਾ. ਜੋਤੀ ਅਗਨੀਹੋਤਰੀ ਨੇ ਦੱਸਿਆ ਕਿ ਪੁਲਸ ਜਲਦ ਤੋਂ ਜਲਦ ਅਜਿਹੇ ਕਲਯੁਗੀ ਮਾਪਿਆਂ ਦੀ ਭਾਲ ਕਰਕੇ ਫਾਂਸੀ ਦੀ ਸਜ਼ਾ ਦਿਵਾਉਣ ਦੇ ਕਦਮ ਚੁੱਕੇ। ਉਨ੍ਹਾਂ ਦੱਸਿਆ ਕਿ ਅਜਿਹੇ ਮਾਪੇ ਦੁਨੀਆ ’ਤੇ ਕਲੰਕ ਹਨ। ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਬੱਚੀ ਦੇ ਕਾਤਲ ਮਾਪਿਆਂ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ, ਜਿੰਨ੍ਹਾਂ ਨੂੰ ਜਲਦ ਕਾਬੂ ਕਰਦੇ ਹੋਏ ਜੇਲ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।


Baljeet Kaur

Content Editor

Related News