ਸੁਖਜਿੰਦਰ ਰੰਧਾਵਾ ਦੀ ਵੱਖ-ਵੱਖ ਉਮੀਦਵਾਰਾਂ ਨਾਲ ਹੋਈ ਟੱਕਰ, ਸ਼ੈਰੀ ਕਲਸੀ ਤੋਂ ਲਈ ਲੀਡ, ਬੱਬੂ ਨੇ ਦਿੱਤੀ ਮਾਤ

06/06/2024 6:26:04 PM

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਲੋਕ ਸਭਾ ਹਲਕੇ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਦੇ ਕਾਰਨਾਂ ਦਾ ਸਿਆਸੀ ਮਾਹਿਰਾਂ ਵੱਲੋਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਜਿਸ ਤਹਿਤ ਰੰਧਾਵਾ ਦੀ ਜਿੱਤ ਦੇ ਕਈ ਅਜਿਹੇ ਪ੍ਰਮੁੱਖ ਕਾਰਨ ਹਨ, ਜਿਨ੍ਹਾਂ ਦੀ ਬਦੌਲਤ ਸੁਖਜਿੰਦਰ ਸਿੰਘ ਰੰਧਾਵਾ ਪਹਿਲੀ ਵਾਰ ਬਤੌਰ ਸੰਸਦ ਮੈਂਬਰ ਦੇਸ਼ ਦੀ ਲੋਕ ਸਭਾ ਦੀਆਂ ਪੌਂੜੀਆਂ ਚੜ੍ਹਨਗੇ। ਸਿਆਸੀ ਮਾਹਿਰਾਂ ਅਨੁਸਾਰ ਰੰਧਾਵਾ ਦੀ ਜਿੱਤ ਦੇ ਪਿੱਛੇ ਉਨ੍ਹਾਂ ਦੀ ਨਿੱਜੀ ਸ਼ਖਸੀਅਤ ਅਤੇ ਕਾਬਲੀਅਤ ਤਾਂ ਹੈ ਹੀ ਪਰ ਨਾਲ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਕਾਂਗਰਸ ਦੇ ਸਾਰੇ ਆਗੂਆਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਨਿੱਜੀ ਮਨ ਮੁਟਾਵਾਂ ਅਤੇ ਧੜੇਬੰਦੀ ਤੋਂ ਉਪਰ ਉਠ ਕੇ ਰੰਧਾਵਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੱਤਾ ਗਿਆ ਹੈ। ਇਸ ਕਾਰਨ ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਲੀਡਰਸ਼ਿਪ ਦੀ ਇਕਜੁੱਟਤਾ ਵੀ ਰੰਧਾਵਾ ਦੀ ਜਿੱਤ ਦਾ ਮੰਤਰੀ ਬਣੀ ਹੈ।

ਭਾਜਪਾ ਕਿਉਂ ਨਹੀਂ ਦੇ ਸਕੀ ਮਾਤ?

ਸੁਖਜਿੰਦਰ ਸਿੰਘ ਰੰਧਾਵਾ ਦਾ ਮੁਕਾਬਲਾ ਕਿਸੇ ਇਕ ਉਮੀਦਵਾਰ ਨਾਲ ਨਹੀਂ ਸਗੋਂ ਦੋਵਾਂ ਜ਼ਿਲ੍ਹਿਆਂ ਵਿਚ 2 ਵੱਖ-ਵੱਖ ਉਮੀਦਵਾਰਾਂ ਨਾਲ ਹੋਇਆ ਹੈ, ਜਿਸ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੇ 6 ਹਲਕਿਆਂ ਅੰਦਰ ਸੁਖਜਿੰਦਰ ਸਿੰਘ ਰੰਧਾਵਾ ਦੀ ਫਸਵੀਂ ਟੱਕਰ ‘ਆਪ’ ਦੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨਾਲ ਹੋਈ ਹੈ ਪਰ ਪਠਾਨਕੋਟ ਜ਼ਿਲ੍ਹੇ ਅੰਦਰ ਰੰਧਾਵਾ ਦੀ ਟੱਕਰ ਕਲਸੀ ਦੀ ਬਜਾਏ ਭਾਜਪਾ ਦੇ ਦਿਨੇਸ਼ ਬੱਬੂ ਨਾਲ ਹੋਈ ਹੈ। ਇਸ ਕਾਰਨ ਰੰਧਾਵਾ ਨੂੰ ਸਿੱਧੇ ਤੌਰ ’ਤੇ ਵੱਡਾ ਫਾਇਦਾ ਹੋਇਆ ਹੈ। ਜੇਕਰ ਵੋਟਾਂ ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਇਕੱਲੇ ਪਠਾਨਕੋਟ ਜ਼ਿਲ੍ਹੇ ਦੇ ਤਿੰਨ ਹਲਕਿਆਂ ਵਿਚ ਰੰਧਾਵਾ ਭਾਜਪਾ ਦੇ ਦਿਨੇਸ਼ ਬੱਬੂ ਤੋਂ 61 ਹਜ਼ਾਰ 051 ਵੋਟਾਂ ਦੇ ਫਰਕ ਨਾਲ ਹਾਰੇ ਹਨ ਪਰ ਗੁਰਦਾਸਪੁਰ ਜ਼ਿਲ੍ਹੇ ਅੰਦਰ ਦਿਨੇਸ਼ ਬੱਬੂ ਨੂੰ ਵੋਟਾਂ ਬਹੁਤ ਘੱਟ ਪੈਣ ਕਾਰਨ ਬੱਬੂ ਇਸ ਜ਼ਿਲ੍ਹੇ ਦੇ ਹਲਕਿਆਂ ਅੰਦਰ ਤੀਸਰੇ ਨੰਬਰ ’ਤੇ ਚਲੇ ਗਏ ਅਤੇ ਬੱਬੂ ਵੱਲੋਂ ਲਈ ਲੀਡ ਰੰਧਾਵਾ ਦਾ ਕੋਈ ਨੁਕਸਾਨ ਨਹੀਂ ਕਰ ਸਕੀ।

ਇਹ ਵੀ ਪੜ੍ਹੋ : ਨਾਬਾਲਗ ਕੁੜੀ ਨੂੰ ਜ਼ਰੂਰੀ ਗੱਲ ਕਰਨ ਬਹਾਨੇ ਕੀਤਾ ਅਗਵਾ, ਬਾਅਦ 'ਚ ਉਹ ਹੋਇਆ, ਜੋ ਸੋਚਿਆ ਵੀ ਨਾ ਸੀ

ਪਠਾਨਕੋਟ ਜ਼ਿਲ੍ਹੇ ਨੇ ਵਿਗਾੜੀ ਸ਼ੈਰੀ ਕਲਸੀ ਦੀ ਸਥਿਤੀ

ਜੇਕਰ ਗੁਰਦਾਸਪੁਰ ਜ਼ਿਲ੍ਹੇ ਦੇ 6 ਹਲਕਿਆਂ ਅੰਦਰ ਰੰਧਾਵਾ ਦਾ ਫਸਵਾਂ ਮੁਕਾਬਲਾ ਸ਼ੈਰੀ ਕਲਸੀ ਨਾਲ ਹੋਇਆ ਹੈ, ਜਿਨ੍ਹਾਂ ’ਚੋਂ ਇਕੱਲਾ ਦੀਨਾਨਗਰ ਹਲਕਾ ਅਜਿਹਾ ਹੈ, ਜਿਥੇ ਰੰਧਾਵਾ ਸ਼ੈਰੀ ਕਲਸੀ ਨਾਲੋਂ 17 ਹਜ਼ਾਰ ਤੋਂ ਜ਼ਿਆਦਾ ਵੋਟਾਂ ਲੈਣ ਵਿਚ ਸਫ਼ਲ ਰਹੇ, ਜਦੋਂ ਕਿ ਬਾਕੀ ਦੇ 5 ਹਲਕਿਆਂ ਵਿਚ ਰੰਧਾਵਾ ਦੀ ਸ਼ੈਰੀ ਕਲਸੀ ਨਾਲੋਂ ਸਿਰਫ 13,646 ਵੋਟਾਂ ਦੀ ਲੀਡ ਹੀ ਰਹੀ ਅਤੇ ਦੀਨਾਨਗਰ ਮਿਲਾ ਕੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਰੰਧਾਵਾ ਦੀ ਲੀਡ 31,318 ਬਣੀ ਹੈ ਪਰ ਪਠਾਨਕੋਟ ਜ਼ਿਲ੍ਹੇ ਅੰਦਰ ਕਲਸੀ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਮੁਕਾਬਲੇ ਘੱਟ ਵੋਟਾਂ ਪੈਣ ਕਾਰਨ ਉਹ ਪਠਾਨਕੋਟ ਦੇ ਸਿਰਫ ਤਿੰਨ ਹਲਕਿਆਂ ਵਿਚ ਹੀ ਰੰਧਾਵਾ ਨਾਲੋਂ 54 ਹਜ਼ਾਰ 937 ਵੋਟਾਂ ਦੇ ਫਰਕ ਨਾਲ ਪੱਛੜ ਗਏ, ਜਦੋਂ ਕਿ ਪਠਾਨਕੋਟ ਜ਼ਿਲ੍ਹੇ ਅੰਦਰ ਪਹਿਲੇ ਨੰਬਰ ’ਤੇ ਰਹੇ ਦਿਨੇਸ਼ ਬੱਬੂ ਨਾਲੋਂ ਸ਼ੈਰੀ ਕਲਸੀ 1 ਲੱਖ 2 ਹਜ਼ਾਰ ਤੋਂ ਵੀ ਜ਼ਿਆਦਾ ਵੋਟਾਂ ਨਾਲ ਪੱਛੜ ਗਏ। ਅਜੇ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਪਠਾਨਕੋਟ ਜ਼ਿਲੇ ਅੰਦਰ ‘ਆਪ’ ਦਾ ਵੋਟ ਬੈਂਕ ਮਜ਼ਬੂਤ ਹੁੰਦਾ ਤਾਂ ਸ਼ੈਰੀ ਕਲਸੀ ਜਿੱਤਣ ਦੇ ਨੇੜੇ ਹੁੰਦੇ।

ਕਾਂਗਰਸੀ ਲੀਡਰਸ਼ਿਪ ਨੇ ਹੱਥਾਂ ਨਾਲ ਦਿਲ ਵੀ ਮਿਲਾਏ

ਪਿਛਲੇ ਸਮੇਂ ਦੌਰਾਨ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਰਮਿਆਨ ਅਕਸਰ ਸਿਆਸੀ ਮਤਭੇਦ ਰਹਿਣ ਦੇ ਰੁਝਾਨ ਦੇ ਉਲਟ ਇਨ੍ਹਾਂ ਦੋਵਾਂ ਆਗੂਆਂ ਨੇ ਆਪਸ ਵਿਚ ਨਾ ਸਿਰਫ ਹੱਥ ਮਿਲਾ ਲਏ ਹਨ, ਸਗੋਂ ਇਨ੍ਹਾਂ ਦੀਆਂ ਰੈਲੀਆਂ ਅਤੇ ਚੋਣ ਨਤੀਜਿਆਂ ਵੱਲ ਦੇਖ ਕੇ ਹੁਣ ਸਿਆਸੀ ਮਾਹਿਰ ਇਹ ਮੰਨ ਕੇ ਚਲ ਰਹੇ ਹਨ ਕਿ ਇਨ੍ਹਾਂ ਆਗੂਆਂ ਦੇ ਹੱਥਾਂ ਦੇ ਨਾਲ-ਨਾਲ ਦਿਲ ਵੀ ਮਿਲ ਗਏ ਹਨ। ਰੰਧਾਵਾ ਨੂੰ ਲੋਕ ਸਭਾ ਦੀ ਟਿਕਟ ਮਿਲਣ ਮੌਕੇ ਜ਼ਿਲੇ ਅੰਦਰ ਇਹ ਚਰਚਾਵਾਂ ਵੀ ਉਡੀਆਂ ਸਨ ਕਿ ਟਿਕਟ ਲੈਣ ਦੇ ਹੋਰ ਦਾਅਵੇਦਾਰ ਰੰਧਾਵਾ ਨਾਲ ਅੰਦਰਖਾਤੇ ਨਰਾਜ਼ ਹਨ ਪਰ ਬਾਅਦ ਵਿਚ ਅਜਿਹੀਆਂ ਚਰਚਾਵਾਂ ’ਤੇ ਵੀ ਉਸ ਵੇਲੇ ਵਿਰਾਮ ਲੱਗ ਗਿਆ ਜਦੋਂ ਹਰੇਕ ਵਿਧਾਨ ਸਭਾ ਹਲਕੇ ਅੰਦਰ ਕਾਂਗਰਸੀ ਵਿਧਾਇਕਾਂ ਤੇ ਹੋਰ ਆਗੂਆਂ ਨੇ ਰੰਧਾਵਾ ਦੀ ਚੋਣ ਮੁਹਿੰਮ ਵਿਚ ਪੂਰਾ ਡਟ ਕੇ ਸਾਥ ਦਿੱਤਾ।

ਇਹ ਵੀ ਪੜ੍ਹੋ :  ਗੁਰਦਾਸਪੁਰ ਦੇ 9 ਵਿਧਾਨ ਸਭਾ ਹਲਕਿਆਂ 'ਚ ਪ੍ਰਮੁੱਖ ਪਾਰਟੀਆਂ ਦੇ ਵੋਟ ਬੈਂਕ ਨੂੰ ਲੱਗਾ ਖੋਰਾ, SAD ਬੁਰੀ ਤਰ੍ਹਾਂ ਪਛੜਿਆ

ਇਹ ਵੀ ਸਮਝਿਆ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੀ ਚਾਹੁੰਦੇ ਸਨ ਕਿ ਰੰਧਾਵਾ ਇਹ ਚੋਣ ਸ਼ਾਨ ਨਾਲ ਜਿੱਤਣ ਕਿਉਂਕਿ ਇਸ ਮੌਕੇ ਬਤੌਰ ਵਿਰੋਧੀ ਧਿਰ ਦੇ ਨੇਤਾ ਜ਼ਿੰਮੇਵਾਰੀ ਨਾਲ ਅਗਵਾਈ ਕਰ ਰਹੇ ਹਨ ਅਤੇ ਕਾਂਗਰਸ ਛੱਡ ਕੇ ਗਏ ਕਾਂਗਰਸ ਦੇ ਪੁਰਾਣੇ ਦਿੱਗਜਾਂ ਨੂੰ ਇਹ ਸੰਦੇਸ਼ ਵੀ ਦੇਣਾ ਚਾਹੁੰਦੇ ਸਨ ਕਿ ਉਨ੍ਹਾਂ ਸਾਰਿਆਂ ਤੋਂ ਬਿਨਾਂ ਵੀ ਕਾਂਗਰਸ ਦਾ ਮਜ਼ਬੂਤ ਆਧਾਰ ਹੈ। ਪਿਛਲੇ ਸਮੇਂ ਦੌਰਾਨ ਕਾਂਗਰਸ ਦੇ ਕਈ ਆਗੂਆਂ ਦਾ ਪਾਰਟੀ ਛੱਡ ਕੇ ਜਾਣਾ ਵੀ ਅਸਿੱਧੇ ਰੂਪ ਵਿਚ ਰੰਧਾਵਾ ਦੀ ਜਿੱਤ ਲਈ ਵਰਦਾਨ ਹੀ ਸਿੱਧ ਹੋਇਆ ਹੈ ਕਿਉਂਕਿ ਕਈ ਆਗੂਆਂ ਦੀ ਆਪਸੀ ਧੜੇਬੰਦੀ ਵਰਕਰਾਂ ਦਾ ਮਨੋਬਲ ਡੇਗਦੀ ਸੀ, ਜਿਸ ਦਾ ਅਸਰ ਚੋਣ ਨਤੀਜਿਆਂ ’ਤੇ ਪੈਂਦਾ ਰਿਹਾ ਹੈ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਮੰਦਭਾਗੀ ਖ਼ਬਰ, ਮਲਸੀਆਂ ਦੇ ਜਸਮੇਰ ਸਿੰਘ ਦੀ ਸੜਕ ਹਾਦਸੇ 'ਚ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News