ICP ਅਟਾਰੀ ਬਾਰਡਰ ’ਤੇ ਮਾਲ ਲੋਡ ਕਰਨ ਲਈ ਵਪਾਰੀਆਂ ਨਾਲ ਧੱਕੇਸ਼ਾਹੀ ਕਰਦੇ ਅਟਾਰੀ ਦੇ ਕੁਝ ਟਰਾਂਸਪੋਰਟਰ
Thursday, Sep 15, 2022 - 03:08 PM (IST)

ਅੰਮ੍ਰਿਤਸਰ (ਨੀਰਜ) - ਆਈ. ਸੀ. ਪੀ. (ਇੰਟੈਗਰੇਟਿਡ ਚੈਕ ਪੋਸਟ) ਅਟਾਰੀ ਬਾਰਡਰ ’ਤੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਦਰਾਮਦ-ਬਰਾਮਦ ਪੂਰੀ ਤਰ੍ਹਾਂ ਬੰਦ ਹੈ। ਅਫਗਾਨਿਸਤਾਨ ਤੋਂ ਡਰਾਈਫਰੂਟਸ ਦੇ ਕੁਝ ਟਰੱਕ ਆ ਰਹੇ ਹਨ, ਜਿੱਥੋਂ ਦਰਾਮਦ ਮਾਲ ਆਈ. ਸੀ. ਪੀ. ਦੇ ਗੋਦਾਮਾਂ ਵਿਚ ਪਿਆ ਹੈ। ਇਨ੍ਹਾਂ ਗੋਦਾਮਾਂ ਵਿਚ ਪਿਆ ਸਾਮਾਨ ਟਰੱਕਾਂ ਵਿਚ ਲੱਦ ਕੇ ਦੂਜੇ ਰਾਜਾਂ ਤੱਕ ਲਿਜਾਇਆ ਜਾਂਦਾ ਹੈ ਪਰ ਅਟਾਰੀ ਖੇਤਰ ਦੇ ਕੁਝ ਟਰਾਂਸਪੋਰਟਰ ਵਪਾਰੀਆਂ ਨਾਲ ਛੇੜਛਾੜ ਕਰ ਰਹੇ ਹਨ। ਵਪਾਰੀਆਂ ਨੂੰ ਆਪਣੇ ਟਰੱਕਾਂ ਵਿਚ ਆਈ. ਸੀ. ਪੀ. ਗੋਦਾਮਾਂ ਵਿਚ ਪਿਆ ਮਾਲ ਅੰਮ੍ਰਿਤਸਰ ਤੋਂ ਟਰਾਂਸਪੋਰਟਰ ਦੀ ਬਜਾਏ ਅਟਾਰੀ ਦੇ ਟਰੱਕ ਆਪ੍ਰੇਟਰਾਂ ਦੇ ਟਰੱਕਾਂ ਵਿਚ ਲੋਡ ਕਰਨ ਲਈ ਮਜ਼ਬੂਰ ਕਰ ਰਹੇ ਹਨ ਕਿ ਆਯਾਤ ਕੀਤਾ ਗਿਆ ਮਾਲ ਅੰਮ੍ਰਿਤਸਰ ਦੇ ਕਿਸੇ ਟਰਾਂਸਪੋਰਟਰ ਦੇ ਬਜਾਏ ਅਟਾਰੀ ਦੇ ਟਰੱਕ ਆਪ੍ਰੇਟਰਾਂ ਦੇ ਟਰੱਕਾਂ ਵਿਚ ਲੋਡ ਕੀਤਾ ਜਾਵੇ।
ਜਾਣਕਾਰੀ ਅਨੁਸਾਰ ਪਿਛਲੇ ਇਕ ਹਫ਼ਤੇ ਤੋਂ ਅਟਾਰੀ ਦੇ ਟਰਾਂਸਪੋਰਟਰ ਵਪਾਰੀਆਂ ’ਤੇ ਦਬਾਅ ਬਣਾ ਰਹੇ ਹਨ। ਇਹ ਟਰਾਂਸਪੋਰਟਰ ਅਟਾਰੀ ਰੋਡ ਰਾਹੀਂ ਆਈ. ਸੀ. ਪੀ. ਵੱਲ ਜਾਣ ਵਾਲੇ ਟਰੱਕਾਂ ਨੂੰ ਜ਼ਬਰਦਸਤੀ ਰੋਕ ਰਹੇ ਹਨ ਅਤੇ ਧੱਕਾ ਵੀ ਕਰ ਰਹੇ ਹਨ, ਜਿਸ ਕਾਰਨ ਅੰਮ੍ਰਿਤਸਰ ਸ਼ਹਿਰ ਦੇ ਟਰਾਂਸਪੋਰਟਰ ਪ੍ਰੇਸ਼ਾਨ ਹਨ। ਇਸ ਸਬੰਧੀ ਆਈ. ਸੀ. ਪੀ ’ਤੇ ਦਰਾਮਦ ਕਰਨ ਵਾਲੇ ਵਪਾਰੀਆਂ ਵਲੋਂ ਫੈੱਡਰੇਸ਼ਨ ਆਫ ਕੋਰੀਅਨ ਐਂਡ ਡਰਾਈਫਰੂਟਸ ਕਮਰਸ਼ੀਅਲ ਐਸੋਸੀਏਸ਼ਨ ਮਜੀਠ ਮੰਡੀ ਦੇ ਪ੍ਰਧਾਨ ਅਤੇ ਉੱਘੇ ਦਰਾਮਦਕਾਰ ਅਨਿਲ ਮਹਿਰਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਮਿਲ ਕੇ ਆਪਣੀਆਂ ਸ਼ਿਕਾਇਤਾਂ ਸੁਣਾਈਆਂ। ਉਪਰੰਤ ਇਸ ਦੀ ਸੂਚਨਾ ਡੀ. ਸੀ. ਸੂਦਨ ਨੇ ਦਿਹਾਤੀ ਪੁਲਸ ਨੂੰ ਦਿੱਤੀ। ਉਨ੍ਹਾਂ ਨੂੰ ਇਕ ਦਿਨ ਵਿੱਚ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਵਪਾਰੀਆਂ ਨੂੰ ਨਹੀਂ ਕੀਤਾ ਜਾ ਸਕਦਾ ਮਜਬੂਰ
ਵਪਾਰੀ ਆਗੂ ਅਨਿਲ ਮਹਿਰਾ ਨੇ ਦੱਸਿਆ ਕਿ ਨਾ ਸਿਰਫ਼ ਆਈ. ਸੀ. ਪੀ. ਅਟਾਰੀ ਬਲਕਿ ਦੇਸ਼ ਦੇ ਕਿਸੇ ਸੂਬੇ ਵਿੱਚ ਵਪਾਰੀਆਂ ਨੂੰ ਕਿਸੇ ਖ਼ਾਸ ਇਲਾਕੇ ਦੇ ਟਰੱਕਾਂ ਵਿਚ ਮਾਲ ਲੋਡ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਹ ਵਪਾਰੀ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਉਸ ਨੇ ਕਿਸ ਟਰਾਂਸਪੋਰਟ ਕੰਪਨੀ ਨੂੰ ਆਪਣਾ ਮਾਲ ਢੋਆ-ਢੁਆਈ ਲਈ ਦੇਣਾ ਹੈ ਅਤੇ ਜਿਹੜੀ ਟਰਾਂਸਪੋਰਟ ਕੰਪਨੀ ਵਪਾਰੀ ਨੂੰ ਘੱਟ ਰੇਟ ’ਤੇ ਸੇਵਾਵਾਂ ਦਿੰਦੀ ਹੈ, ਵਪਾਰੀ ਵਰਗ ਉਸੇ ਟਰਾਂਸਪੋਰਟ ਕੰਪਨੀ ਨੂੰ ਆਪਣਾ ਮਾਲ ਲੋਡ ਕਰਨ ਦਾ ਸਮਝੌਤਾ ਕਰਦਾ ਹੈ ਪਰ ਅਟਾਰੀ ਇਲਾਕੇ ਦੇ ਕੁਝ ਟਰਾਂਸਪੋਰਟਰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਹਿਲਾਂ ਵੀ ਵਾਪਰੀਆਂ ਅਜਿਹੀਆਂ ਘਟਨਾਵਾਂ
ਅਟਾਰੀ ਖੇਤਰ ਦੇ ਟਰਾਂਸਪੋਰਟਰਾਂ ਵਲੋਂ ਆਈ.ਸੀ.ਪੀ. ’ਤੇ ਦਰਾਮਦ-ਬਰਾਮਦ ਕਰਨ ਵਾਲੇ ਵਪਾਰੀਆਂ ਵਿਰੁੱਧ ਇਹ ਮਾਮਲਾ ਕੋਈ ਨਵਾਂ ਨਹੀਂ ਹੈ। ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਸੀ, ਜਿਸ ਸਮੇਂ ਆਈ. ਸੀ. ਪੀ. ਅਟਾਰੀ ਵਿਖੇ ਭਾਰਤ-ਪਾਕਿਸਤਾਨ ਦਰਮਿਆਨ ਵੱਡੇ ਪੱਧਰ ’ਤੇ ਦਰਾਮਦ-ਨਿਰਯਾਤ ਚੱਲ ਰਹੀ ਸੀ, ਉਸ ਸਮੇਂ ਅਟਾਰੀ ਦੇ ਕੁਝ ਟਰਾਂਸਪੋਰਟਰ ਵਪਾਰੀਆਂ ਨੂੰ ਆਪਣੇ ਟਰੱਕਾਂ ਵਿਚ ਮਾਲ ਲੋਡ ਕਰਨ ਲਈ ਮਜਬੂਰ ਕਰਦੇ ਸਨ ਅਤੇ ਮਨਮਾਨੇ ਕਿਰਾਇਆ ਵਸੂਲਣ ਲਈ ਦਬਾਅ ਪਾਉਂਦੇ ਸਨ। ਤਤਕਾਲੀ ਡੀ. ਸੀ. ਕਾਹਨ ਸਿੰਘ ਪੰਨੂ , ਡੀ. ਸੀ. ਰਜਤ ਅਗਰਵਾਲ, ਡੀ. ਸੀ. ਰਵੀ ਭਗਤ ਨੇ ਮਾਮਲਾ ਸੁਲਝਾ ਲਿਆ, ਉਸ ਸਮੇਂ ਇਸ ਮਾਮਲੇ ਵਿਚ ਗਠਜੋੜ ਸਰਕਾਰ ਦੇ ਇੱਕ ਵੱਡੇ ਆਗੂ ਦੀ ਪਛਾਣ ਵੀ ਸਾਹਮਣੇ ਆ ਗਈ ਸੀ।
ਇੰਟਰਨੈਸ਼ਨਲ ਰੋਡ ’ਤੇ ਬਣ ਸਕਦੇ ਹਨ ਟਕਰਾਅ ਦੇ ਆਸਾਰ
ਜਿਸ ਤਰ੍ਹਾਂ ਨਾਲ ਅਟਾਰੀ ਦੇ ਟਰਾਂਸਪੋਰਟਰ ਅੰਮ੍ਰਿਤਸਰ ਅਤੇ ਹੋਰ ਜ਼ਿਲ੍ਹਿਆਂ ਦੇ ਟਰਾਂਸਪੋਰਟਰਾਂ ਦੇ ਟਰੱਕਾਂ ਨੂੰ ਜ਼ਬਰਦਸਤੀ ਰੋਕ ਰਹੇ ਹਨ, ਉਨ੍ਹਾਂ ਵਿਚ ਇੰਟਰਨੈਸ਼ਨਲ ਅਟਾਰੀ ਰੋਡ ’ਤੇ ਟਕਰਾਅ ਦੇ ਆਸਾਰ ਬਣ ਸਕਦੇ ਹਨ ਅਤੇ ਅਜਿਹਾ ਪਹਿਲਾ ਵੀ ਹੁੰਦਾ ਰਿਹਾ ਹੈ। ਇਸ ਵਾਰ ਹਾਲਾਤ ਵੀ ਬਦਲ ਚੁੱਕੇ ਹਨ ਅਤੇ ਸਰਕਾਰ ਵੀ ਬਦਲ ਚੁੱਕੀ ਹੈ। ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਇਸ ਸੜਕ ’ਤੇ ਕੋਈ ਹਿੰਸਕ ਘਟਨਾ ਨਾ ਵਾਪਰੇ, ਜਿਸ ਤੋਂ 25 ਤੋਂ 35 ਹਜ਼ਾਰ ਸੈਲਾਨੀ ਜੇ.ਸੀ.ਪੀ. ਅਟਾਰੀ ਵਿਚ ਪਰੇਡ ਦੇਖਣ ਆਉਂਦੇ ਹਨ।
ਆਈ. ਸੀ. ਪੀ. ਦਾ ਨਾਂ ਹੋ ਰਿਹੈ ਬਦਨਾਮ
ਆਈ. ਸੀ. ਪੀ. ਅਟਾਰੀ ਬਾਰਡਰ ਦੀ ਗੱਲ ਕਰੀਏ ਤਾਂ ਇਹ ਉਹੀ ਆਈ. ਸੀ. ਪੀ. ਹੈ, ਜਿੱਥੇ ਕਦੇ 532 ਕਿਲੋ ਹੈਰੋਇਨ ਫੜੀ ਗਈ ਅਤੇ ਕਦੇ 33 ਕਿਲੋ ਸੋਨਾ ਫੜਿਆ ਗਿਆ। ਹਾਲ ਹੀ ਵਿਚ ਅਫਗਾਨਿਸਤਾਨ ਤੋਂ ਆਏ ਇਕ ਬੈਗ ਵਿਚੋਂ 105 ਕਿਲੋ ਹੈਰੋਇਨ ਜ਼ਬਤ ਕੀਤੀ ਗਈ, ਜਿਸ ਨਾਲ ਆਈ. ਸੀ. ਪੀ. ਦਾ ਨਾਂ ਬਦਨਾਮ ਹੁੰਦਾ ਹੈ। ਵਪਾਰੀ ਵੀ ਅਫਗਾਨਿਸਤਾਨ ਤੋਂ ਦਰਾਮਦ ਕਰਨ ਤੋਂ ਵੀ ਡਰਦੇ ਹਨ, ਅਟਾਰੀ ਖੇਤਰ ਦੇ ਕੁਝ ਟਰਾਂਸਪੋਰਟਰਾਂ ਵਲੋਂ ਵਪਾਰੀਆਂ ਨੂੰ ਪ੍ਰੇਸ਼ਾਨ ਕਰਨਾ ਹੋਰ ਵੀ ਮੁਸ਼ਕਲਾਂ ਪੈਦਾ ਕਰਦਾ ਹੈ।