35 ਕਰੋੜ ਦੀ ਹੈਰੋਇਨ ਸਮੇਤ ਸਮੱਗਲਰ ਗ੍ਰਿਫਤਾਰ

08/23/2019 11:32:17 PM

ਤਰਨਤਾਰਨ (ਰਮਨ)— ਜ਼ਿਲ੍ਹਾ ਤਰਨਤਾਰਨ ਦੇ ਐੱਸ. ਐੱਸ. ਪੀ. ਧਰੁਵ ਦਹਿਆ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਨੂੰ ਦਿਨ-ਬ-ਦਿਨ ਹੁੰਗਾਰਾ ਮਿਲਦਾ ਸਾਫ ਨਜ਼ਰ ਆ ਰਿਹਾ ਹੈ। ਇਸੇ ਲੜੀ ਦੇ ਤਹਿਤ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਪਿਛਲੇ ਲੰਮੇ ਸਮੇਂ ਤੋਂ ਪੁਲਸ ਨੂੰ ਲੋੜੀਂਦੇ ਅੰਤਰਰਾਸ਼ਟਰੀ ਸਮੱਗਲਰ ਜਿਸ ਪਾਸੋਂ 35 ਕਰੋੜ ਤੋਂ ਵੱਧ ਰੁਪਏ ਦੀ ਹੈਰੋਇਨ ਤੋਂ ਇਲਾਵਾ ਅਸਲਾ ਬਰਮਾਦ ਕੀਤਾ ਗਿਆ ਹੈ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਆਈ) ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਦੌਰਾਨੇ ਨਾਕਾਬੰਦੀ ਨੇੜੇ ਮੋੜ ਚੀਮਾਂ ਕਲਾਂ ਤੋਂ ਜਸਬੀਰ ਸਿੰਘ ਉਰਫ ਜੱਸਾ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਚੀਮਾ ਖੁਰਦ ਹਾਲ ਵਾਸੀ ਬਾਬਾ ਜਲਨ ਕਾਲੋਨੀ ਝਬਾਲ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ ਥਾਣਾ ਸਰਾਏ ਅਮਾਨਤ ਖਾਂ ਵਿਖੇ ਅਸਲਾ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਿਤੀ 14 ਅਗਸਤ 2018 'ਚ ਮਾਮਲਾ ਦਰਜ ਸੀ ਅਤੇ ਦੋਸ਼ੀ ਪੁਲਸ ਨੂੰ ਲੋੜੀਂਦਾ ਸੀ।

ਦੋਸ਼ੀ ਦਾ ਬੇਟਾ ਜੇਲ 'ਚ ਕੱਟ ਰਿਹਾ ਸਜ਼ਾ
ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਜਸਬੀਰ ਸਿੰਘ ਉਰਫ ਜੱਸਾ ਦੇ ਪੁੱਤਰ ਅਮਰਬੀਰ ਸਿੰਘ ਖਿਲਾਫ ਵੀ ਅਸਲਾ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਵੱਖ-ਵੱਖ ਥਾਣਿਆਂ 'ਚ ਕੁੱਲ 5 ਮਾਮਲੇ ਦਰਜ ਹਨ ਜੋ ਇਸ ਵੇਲੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਫਿਰੋਜ਼ਪੁਰ ਜੇਲ 'ਚ 10 ਸਾਲ ਦੀ ਸਜ਼ਾ ਕੱਟ ਰਿਹਾ ਹੈ।

ਦੋਸ਼ੀ ਨੂੰ ਮਿਲਿਆ ਪੁਲਸ ਵੱਲੋਂ ਮਾਣ ਸਤਿਕਾਰ
ਪੁਰਾਣੇ 9 ਮਾਮਲਿਆਂ ਤਹਿਤ 7 ਕਿੱਲੋ ਤੋ ਵੱਧ ਦੀ ਹੈਰੋਇਨ ਬਰਾਮਦਗੀ ਵਾਲੇ ਅੰਤਰਰਾਸ਼ਟਰੀ ਸਮੱਗਲਰ ਜਸਬੀਰ ਸਿੰਘ ਜੱਸਾ ਪੁੱਤਰ ਚੰਨਣ ਸਿੰਘ ਨੂੰ ਸ਼ੁਕੱਰਵਾਰ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਦਫਤਰ ਵਿਖੇ ਹੱਥ ਕੜੀ ਲਾ ਕੇ ਪੂਰੀ ਸੁਰੱਖਿਆ 'ਚ ਲਿਆਂਦਾ ਗਿਆ। ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਉਕਤ ਸਮੱਗਲਰ ਨੂੰ ਥਾਣਾ ਸਰਾਏ ਅਮਾਨਤ ਖਾਂ ਦੇ ਇਕ ਏ. ਐੱਸ. ਆਈ. ਤੇ ਪੁਲਸ ਕਰਮਚਾਰੀਆਂ ਨੇ ਆਪਣੇ ਨਾਲ ਕੁਰਸੀ 'ਤੇ ਬਿਠਾ ਲਿਆ, ਜਦੋਂ ਇਹ ਸਭ ਐੱਸ. ਪੀ. (ਆਈ.) ਹਰਜੀਤ ਸਿੰਘ ਨੇ ਮੌਕੇ 'ਤੇ ਆ ਵੇਖਿਆ ਤਾਂ ਉਨ੍ਹਾਂ ਤੁਰੰਤ ਦੋਸ਼ੀ ਨੂੰ ਮੀਟਿੰਗ ਹਾਲ 'ਚੋਂ ਬਾਹਰ ਲਿਜਾਣ ਲਈ ਹੁਕਮ ਦਿੰਦੇ ਹੋਏ ਪੁਲਸ ਕਰਮਚਾਰੀਆਂ ਨੂੰ ਝਾੜਾਂ ਪਾਈਆਂ। ਇਸ ਸਭ ਵੇਖ ਮੌਕੇ 'ਤੇ ਮੌਜੂਦ ਪੱਤਰਕਾਰਾਂ ਨੇ ਕਈ ਤਰ੍ਹਾਂ ਦੇ ਵਿਅੰਗ ਕੱਸੇ।
 


KamalJeet Singh

Content Editor

Related News