ਸਿੱਖ ਮਸਲਿਆਂ ਨੂੰ ਲੈ ਕੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ : ਬੀਬੀ ਜਗੀਰ ਕੌਰ

09/24/2021 3:18:31 PM

ਅੰਮ੍ਰਿਤਸਰ (ਦੀਪਕ ਸ਼ਰਮਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਸਿੱਖ ਮਸਲਿਆਂ ’ਤੇ ਉਦਾਸੀਨਤਾ ਵਿਖਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਸਰਕਾਰ ਨੂੰ ਸਮੇਂ ਸਮੇਂ ਲਿਖੇ ਪੱਤਰਾਂ ਅਤੇ ਭੇਜੇ ਮਤਿਆਂ ’ਤੇ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿਰੰਗ ਕਮੇਟੀ ਦੀ ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਆਖਿਆ ਕਿ ਲੋਕਲ ਪ੍ਰਬੰਧ ਵਾਲੇ 30 ਤੋਂ ਵੱਧ ਇਤਿਹਾਸਕ ਗੁਰਦੁਆਰਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਲਿਆਉਣ ਲਈ ਸਿੱਖ ਗੁਰਦੁਆਰਾ ਐਕਟ ਅਨੁਸਾਰ ਭਾਰਤ ਸਰਕਾਰ ਨੂੰ ਕਈ ਵਾਰ ਲਿਖਿਆ ਜਾ ਚੁੱਕਾ ਹੈ। ਦੁੱਖ ਦੀ ਗੱਲ ਹੈ ਕਿ ਸਰਕਾਰ ਇਸ ’ਤੇ ਕੋਈ ਵੀ ਹੁੰਗਾਰਾ ਨਹੀਂ ਭਰ ਰਹੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸਿੱਖ ਮਸਲਿਆਂ ਪ੍ਰਤੀ ਗੰਭੀਰ ਹੀ ਨਹੀਂ ਹੈ। 

ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੰਤ੍ਰਿਰੰਗ ਕਮੇਟੀ ਨੇ ਇਸ ਮਾਮਲੇ ’ਤੇ ਸੰਜੀਦਾ ਵਿਚਾਰ ਮਗਰੋਂ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਸਮਾਂ ਮਿਲਣ ’ਤੇ ਸ਼੍ਰੋਮਣੀ ਕਮੇਟੀ ਦਾ ਵਫ਼ਦ ਦਿੱਲੀ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਦੇ ਇਸ ਬੇਰੁਖੀ ਵਾਲੇ ਰਵੱਈਏ ਤਹਿਤ ਹੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵੀ ਸਮੇਂ ਸਿਰ ਨਹੀਂ ਕਰਵਾਈਆਂ ਜਾਂਦੀਆਂ।  ਇਸ ਦੌਰਾਨ ਉਨ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੀ ਘਟਨਾ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਦੀ ਮੰਗ ਕੀਤੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ’ਤੇ ਪਹਿਲੇ ਦਿਨ ਤੋਂ ਹੀ ਘਟਨਾ ਪਿੱਛੇ ਕੰਮ ਕਰਨ ਵਾਲੀਆਂ ਸ਼ਕਤੀਆਂ ਨੂੰ ਨੰਗਿਆਂ ਕਰਨ ਦੀ ਮੰਗ ਕਰ ਰਹੀ ਹੈ। ਅੱਜ ਅੰਤ੍ਰਿਰੰਗ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਸਰਕਾਰ ਨੇ ਇਕ ਹਫ਼ਤੇ ਵਿਚ ਢੁੱਕਵੀਂ ਕਾਰਵਾਈ ਨਾ ਕੀਤੀ ਤਾਂ ਸ਼੍ਰੋਮਣੀ ਕਮੇਟੀ ਅਗਲਾ ਪ੍ਰੋਗਰਾਮ ਦੇਵੇਗੀ।

ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ

ਉਨ੍ਹਾਂ ਕਿਹਾ ਕਿ ਘਟਨਾ ਦੀ ਜ਼ਿੰਮੇਵਾਰ ਅਸਲ ਕੜੀ ਤੱਕ ਪੁੱਜਣਾ ਪੰਜਾਬ ਦੀ ਸ਼ਾਂਤੀ ਲਈ ਬੇਹੱਦ ਲਾਜ਼ਮੀ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਨੂੰ ਲੈ ਕੇ ਹਰ ਪੱਧਰ ’ਤੇ ਪਹੁੰਚ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਲਮਕਾਉਣ ਦੀ ਥਾਂ ਦੋਸ਼ੀ ਵਿਰੁੱਧ ਸਖ਼ਤੀ ਨਾਲ ਪੇਸ਼ ਆਵੇ। ਦਿੱਲੀ ਵਿਖੇ ਕਿਸਾਨ ਸੰਘਰਸ਼ ਦੀ ਹਮਾਇਤ ’ਤੇ ਗਏ ਸਿੱਖਾਂ ਦੇ ਕੇਸਾਂ ਅਤੇ ਸਿੱਖੀ ਸਰੂਪ ਦੀ ਬੇਅਦਬੀ ਦੇ ਮਾਮਲੇ ’ਤੇ ਵੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਸਬੰਧ ਵਿਚ ਸਾਹਮਣੇ ਆਈਆਂ ਵੀਡੀਓ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਅਜਿਹੀਆਂ ਘਟੀਆਂ ਹਰਕਤਾਂ ਕਰਕੇ ਕਿਸਾਨ ਸੰਘਰਸ਼ ਨੂੰ ਢਾਹ ਲਗਾ ਰਹੇ ਹਨ, ਉਨ੍ਹਾਂ ਬਾਰੇ ਪ੍ਰਤੀਕਰਮ ਜ਼ਰੂਰ ਦੇਣ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖੀ ਸਰੂਪ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਇਸ ਦੇ ਦੋਸ਼ੀ ਹਨ, ਉਨ੍ਹਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਕੈਪਟਨ ਦੇ ਬੇਹੱਦ ਖਾਸ ਨੌਕਰਸ਼ਾਹਾਂ ਦੇ ਅਸਤੀਫੇ ਸ਼ੁਰੂ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਜੂਨ 1984 ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੇ ਗਏ ਫ਼ੌਜੀ ਹਮਲੇ ਦੀਆਂ ਨਿਸ਼ਾਨੀਆਂ ਨੂੰ ਸੰਭਾਲਣ ਲਈ ਇਕ ਸਬ-ਕਮੇਟੀ ਬਣਾਈ ਗਈ ਸੀ, ਜਿਸ ਦੀਆਂ ਸਿਫਾਰਸ਼ਾਂ ਅਨੁਸਾਰ ਕਾਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਿੱਖ ਕਤਲੇਆਮ ਦੀ ਪੀੜਾ ਸਿੱਖ ਹਿਰਦਿਆਂ ਅੰਦਰ ਅੱਜ ਵੀ ਕਾਇਮ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਦੀਆਂ ਨਿਸ਼ਾਨੀਆਂ ਨੂੰ ਸੰਭਾਲਣ ਲਈ ਖੁਦ ਕਾਰਜ ਕਰੇਗੀ। ਇਸ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਸਮੈਂਟ ’ਚ ਮੌਜੂਦ ਛੇਵੇਂ ਪਾਤਸ਼ਾਹ ਜੀ ਦਾ ਇਤਿਹਾਸਕ ਖੂਹ ਵੀ ਸੰਗਤ ਦੇ ਦਰਸ਼ਨਾਂ ਲਈ ਜਲਦ ਖੋਲ੍ਹਿਆ ਜਾਵੇਗਾ। ਸਬ-ਕਮੇਟੀ ਨੇ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਵਿਸਥਾਰਤ ਰਿਪੋਰਟ ਦਿੱਤੀ ਹੈ, ਜਿਸ ਨੂੰ ਲਾਗੂ ਕਰਨ ਦੀ ਅੰਤ੍ਰਿਰੰਗ ਕਮੇਟੀ ਨੇ ਪ੍ਰਵਾਨਗੀ ਦੇ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਬੀਬੀ ਜਗੀਰ ਕੌਰ ਨੇ ਇਸ ਮੌਕੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਸ੍ਰੀ ਅੰਮ੍ਰਿਤਸਰ ਨੂੰ ਐਨਏਬੀਐਚ ਵੱਲੋਂ ਮਾਨਤਾ ਮਿਲਣ ’ਤੇ ਹਸਪਤਾਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਲੋੜਵੰਦਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿਚ ਵਾਧਾ ਹੋਵੇਗਾ। ਉਨ੍ਹਾਂ ਦਿੱਲੀ ਵਿਖੇ ਕਿਸਾਨ ਮੋਰਚੇ ਵੱਲੋਂ ਕਰਵਾਈ ਜਾ ਰਹੀ ਕਬੱਡੀ ਲੀਗ ਵਿਚ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਲਗਾਤਾਰ ਦਰਜ ਕੀਤੀਆਂ ਜਾ ਰਹੀਆਂ ਜਿੱਤਾਂ ’ਤੇ ਵੀ ਤਸੱਲੀ ਪ੍ਰਗਟਾਈ। ਅੰਤ੍ਰਿਰੰਗ ਕਮੇਟੀ ਨੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਚੀਫ਼ ਖਾਲਸਾ ਦੀਵਾਨ ਦੇ ਆਗੂ ਸ. ਭਾਗ ਸਿੰਘ ਅਣਖੀ ਅਤੇ ਜੰਮੂ ਕਸ਼ਮੀਰ ਦੇ ਸਿੱਖ ਆਗੂ ਸ. ਤਰਲੋਚਨ ਸਿੰਘ ਵਜੀਰ ਦੇ ਅਕਾਲ ਚਲਾਣੇ ’ਤੇ ਸ਼ੋਕ ਮਤੇ ਪੜ੍ਹ ਕੇ ਸ਼ਰਧਾਜਲੀ ਦਿੱਤੀ। ਅੰਤ੍ਰਿਰੰਗ ਕਮੇਟੀ ਦੀ ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ ਅਤੇ ਹੋਰ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਬੇਬਾਕ ਬੋਲ, ਕਿਹਾ ‘ਮੈਨੂੰ ਲੋਕਾਂ ਦਾ ਸਾਥ ਚਾਹੀਦਾ, ਸੁਰੱਖਿਆ ਲਈ ਗੰਨਮੈਨ ਨਹੀਂ’


rajwinder kaur

Content Editor

Related News