ਦੁਕਾਨ ’ਤੇ ਕੰਮ ਕਰਨ ਵਾਲੇ ਮੁੰਡੇ ਦੇ ਸੁਸਾਈਡ ਦਾ ਮਾਮਲਾ ਬਣਿਆ ਰਹੱਸਮਈ, ਸੜਕ ’ਤੇ ਲਾਸ਼ ਰੱਖ ਕੀਤਾ ਪ੍ਰਦਰਸ਼ਨ

05/17/2022 12:46:26 PM

ਅੰਮ੍ਰਿਤਸਰ (ਅਨਿਲ)- ਪਿਛਲੇ ਦਿਨ ਸੁਭਾਸ਼ ਯਾਦਵ ਨੇ ਥਾਣਾ ਰਾਮਬਾਗ ਵਿਚ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪੁੱਤਰ ਮਨੀਸ਼ ਯਾਦਵ ਪਿਛਲੇ 10-12 ਸਾਲਾਂ ਤੋਂ ਖੰਨਾ ਐਂਡ ਕੰਪਨੀ ਹਾਲ ਬਾਜ਼ਾਰ ਨੇੜੇ ਗੋਲ ਹੱਟੀ ਚੌਕ ’ਚ ਬਤੌਰ ਮਸ਼ੀਨ ਮੈਕੇਨਿਕ ਦਾ ਕੰਮ ਕਰਦਾ ਹੈ। ਪਿਛਲੇ ਦਿਨ ਸਵੇਰੇ ਸਾਢੇ 10 ਵਜੇ ਦੁਕਾਨ ਮਾਲਕ ਅਜੇ ਖੰਨਾ ਨੇ ਫੋਨ ’ਤੇ ਉਸ ਨੂੰ ਸੂਚਿਤ ਕੀਤਾ ਕਿ ਉਸ ਦੇ ਮੁੰਡੇ ਨੇ ਉਨ੍ਹਾਂ ਦੀ ਦੁਕਾਨ ਤੋਂ 40 ਲੱਖ ਰੁਪਏ ਚੋਰੀ ਕਰ ਲਏ ਹਨ। ਫੋਨ ਸੁਣਨ ਤੋਂ ਬਾਅਦ ਜਦੋਂ ਉਹ ਉਸ ਦੁਕਾਨ ’ਤੇ ਪੁੱਜਾ, ਜਿੱਥੇ ਉਸ ਦਾ ਪੁੱਤਰ ਕੰਮ ਕਰਦਾ ਸੀ, ਪਤਾ ਲੱਗਾ ਕਿ ਦੁਕਾਨ ਦੇ ਮਾਲਕ (ਦੋਵਾਂ ਭਰਾਵਾਂ) ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਜਦੋਂ ਉਹ ਵਾਪਸ ਦੁਕਾਨ ਤੋਂ ਆਇਆ ਤਾਂ ਕੁਝ ਦੇਰ ਬਾਅਦ ਪਤਾ ਲੱਗਾ ਕਿ ਉਸ ਦੇ ਮੁੰਡੇ ਨੇ ਮੁਲਜ਼ਮਾਂ ਦੀ ਦੁਕਾਨ ਦੀ ਤੀਜੀ ਮੰਜ਼ਿਲ ’ਤੇ ਜਾ ਕੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।

ਕੀ ਕਹਿਣਾ ਹੈ ਮ੍ਰਿਤਕ ਦੇ ਪਿਤਾ ਦਾ :
ਮ੍ਰਿਤਕ ਮੁੰਡੇ ਦੇ ਪਿਤਾ ਸੁਭਾਸ਼ ਯਾਦਵ ਨੇ ਪੁਲਸ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਸ ਨੇ ਗਲਤ ਐੱਫ. ਆਈ. ਆਰ. ਦਰਜ ਕਰਕੇ ਦੁਕਾਨ ਦੇ ਮਾਲਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਦੁਕਾਨ ਮਾਲਕ ਅਜੇ ਖੰਨਾ ਅਤੇ ਮੋਟੂ ਖੰਨਾ ਨੇ ਉਸ ਦੇ ਮੁੰਡੇ ਦੀ ਕੁੱਟਮਾਰ ਕਰਕੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਹੈ। 

ਘਟਨਾ ਤੋਂ ਬਾਅਦ ਫ਼ਰਾਰ ਹੋ ਗਏ ਮਾਲਕ : 
ਮਿਲੀ ਜਾਣਕਾਰੀ ਅਨੁਸਾਰ ਜਦੋਂ ਪੁਲਸ ਨੇ ਮਾਮਲਾ ਦਰਜ ਕੀਤਾ ਤਾਂ ਦੋਵੇਂ ਭਰਾਵਾਂ (ਮਾਲਕਾਂ) ਦੇ ਦੁਕਾਨ ਤੋਂ ਫ਼ਰਾਰ ਹੋ ਜਾਣ ਦੀ ਸੂਚਨਾ ਮਿਲੀ। ਜਦੋਂ ਪਰਿਵਾਰਕ ਮੈਬਰਾਂ ਅਤੇ ਪ੍ਰਵਾਸੀ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਤੋਂ ਇਨਸਾਫ ਲੈਣ ਲਈ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਹਾਲ ਗੇਟ ਬਾਹਰ ਰੱਖ ਕੇ ਰੋਡ ਜਾਮ ਕਰ ਦਿੱਤਾ। ਪੀੜਤ ਪਰਿਵਾਰ ਨੇ ਪੁਲਸ ਤੋਂ ਇਨਸਾਫ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

ਕੀ ਕਹਿਣਾ ਹੈ ਪੁਲਸ ਦੇ ਉੱਚ ਅਧਿਕਾਰੀ ਦਾ :
ਉੱਚ ਅਧਿਕਾਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਮਨੀਸ਼ ਯਾਦਵ ਦੀ ਮੌਤ ਤੋਂ ਬਾਅਦ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਪਾਰਟੀ ਵੱਲੋਂ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਉੱਚ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਕੀਤਾ ਗਿਆ ਮ੍ਰਿਤਕ ਦਾ ਅੰਤਿਮ ਸੰਸਕਾਰ :
ਪੁਲਸ ਦੇ ਉੱਚ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਾਨੂੰਨ ਦੇ ਦਾਇਰੇ ਵਿਚ ਆ ਕੇ ਪੂਰੀ ਜਾਂਚ ਕੀਤੀ ਜਾਵੇਗੀ, ਜਿਸ ਤੋਂ ਬਾਅਦ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।


rajwinder kaur

Content Editor

Related News