ਸਰਕਾਰੀ ਕਾਲਜ ਪੱਟੀ ਵਿਖੇ ਚੱਲੀ ਗੋਲੀ, ਮਾਮਲਾ ਦਰਜ

11/14/2018 2:18:58 AM

ਤਰਨਤਾਰਨ,    (ਰਾਜੂ)-  ਪੱਟੀ ਦੇ ਸਰਕਾਰੀ ਕਾਲਜ ’ਚ ਗੋਲੀ ਚਲਾ ਕੇ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਉਸ ਦੇ ਸਾਥੀਅਾਂ ਨੂੰ ਜਖਮੀ ਕਰਨ ਦੇ ਮਾਮਲੇ ’ਚ ਪੁਲਸ ਨੇ ਦੋਸ਼ੀਅਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਥਾਣਾ ਪੱਟੀ ਦੇ ਏ.ਐੱਸ.ਆਈ. ਦਿਲਬਾਗ ਸਿੰਘ ਨੂੰ ਮੁਦਈ ਵਿਕਰਮਜੀਤ ਸ਼ਰਮਾ ਪੁੱਤਰ ਦਰਸ਼ਨ ਕੁਮਾਰ ਵਾਸੀ ਪੱਟੀ ਨੇ ਬਿਆਨ ਦਰਜ  ਕਰਾਏ ਕਿ ਉਹ ਸਾਲ 2010 ਵਿਚ ਸਰਕਾਰੀ ਕਾਲਜ ਪੱਟੀ ਦੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਰਿਹਾ ਹੈ। ਉਸਨੂੰ ਸਰਕਾਰੀ ਕਾਲਜ ਪੱਟੀ ਦੇ ਪ੍ਰਿੰਸੀਪਲ ਰਜਿੰਦਰ ਮਰਵਾਹਾ ਦਾ ਫੋਨ ਆਇਆ ਕਿ ਕਾਲਜ ਵਿਚ ਬਾਹਰ ਦੇ ਲਡ਼ਕੇ ਆ ਕੇ ਕਾਲਜ ਵਿਚ ਪਡ਼ਦੀਆਂ ਲਡ਼ਕੀਆਂ ਨੂੰ ਪ੍ਰੇਸ਼ਾਨ ਕਰਦੇ ਹਨ। ਜਿਸ ’ਤੇ ਉਹ ਸਮੇਤ ਸਾਥੀਆਂ ਨਾਲ ਕਾਲਜ ਪਹੁੰਚਿਆ ਤਾਂ ਉਨ੍ਹਾਂ ’ਤੇ ਮਾਰ ਦੇਣ ਦੀ ਨੀਅਤ ਨਾਲ ਮਸਤਾਨ ਸਿੰਘ ਨੇ 315 ਬੋਰ ਰਾਈਫਲ ਅਤੇ ਬਾਕੀ ਦੋਸ਼ੀਆਂ ਨੇ ਰਿਵਾਲਵਰਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਗੋਲੀ ਉਸਦੀ ਲੱਤ ਵਿਚ ਲੱਗੀ ਤੇ ਉਸਦੇ ਸਾਥੀਆਂ ਸਰਬਜੀਤ ਸਿੰਘ, ਕ੍ਰਿਸ਼ਨ ਕੁਮਾਰ, ਧਰਮਿੰਦਰ ਕੁਮਾਰ ਦੇ ਵੀ ਗੋਲੀਆਂ ਲੱਗੀਆਂ। ਜ਼ਖਮੀ ਇਸ ਸਮੇਂ ਹਸਪਤਾਲ ਪੱਟੀ ਵਿਖੇ ਦਾਖਲ ਹਨ। ਪੁਲਸ ਅਧਿਕਾਰੀਆਂ ਵੱਲੋਂ ਮੰਨਾ, ਦਿਲਜਾਨ ਉਰਫ ਜਾਨੂੰ ਵਾਸੀ ਬੁਰਜ ਰਾਏ ਕੇ, ਅਨਮੋਲ ਸਿੰਘ ਉਰਫ ਮੋਲਾ ਵਾਸੀ ਬੁਰਜ ਰਾਏ ਕੇ, ਮਸਤਾਨ ਸਿੰਘ ਉਰਫ ਮਸਤਾਨਾ ਪੁੱਤਰ ਜੱਸਾ ਡਰਾਇਵਰ ਵਾਸੀ ਸਭਰਾਂ, ਕੋਕਨ ਪੁੱਤਰ ਖਿਲਾਰੂ ਵਾਸੀ ਪੱਟੀ ਖਿਲਾਫ ਅਸਲਾ  ਐਕਟ ਅਧੀਂਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News