ਗਰੂ ਨਗਰੀ ਦੀ ਸ਼ਾਲ ਨੂੰ ਲੱਗੇਗਾ ‘ਜੀ-ਆਈ’ ਟੈਗ, ਇੰਡਸਟਰੀ ਨੂੰ ਮਿਲੇਗੀ ਮਜ਼ਬੂਤੀ

03/31/2023 11:41:59 AM

ਅੰਮ੍ਰਿਤਸਰ (ਰਮਨ/ਸੁਮਿਤ)- ਗੁਰੂ ਨਗਰੀ ਵਿਖੇ ਟੈਕਸਟਾਈਲ ਮੰਤਰਾਲੇ ਵੱਲੋਂ ਵੂਲ ਐਂਡ ਵੂਲਨ ਐਕਸਪੋਰਟ ਪ੍ਰਮੋਸ਼ਨ ਕੌਂਸਲ ਤਹਿਤ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਅੰਮ੍ਰਿਤਸਰ ਅਤੇ ਨੇੜਲੇ ਸ਼ਹਿਰਾਂ ਤੋਂ ਇਸ ਕਾਰੋਬਾਰ ਨਾਲ ਜੁੜੇ ਉਦਯੋਗਪਤੀਆਂ ਅਤੇ ਭਾਰਤ ਸਰਕਾਰ ਦੇ ਇਸ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਉਦਯੋਗਪਤੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਮੰਤਰਾਲੇ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਮੀਟਿੰਗ ਵਿੱਚ ਅੰਮ੍ਰਿਤਸਰ ਦੇ ਸ਼ਾਲਾਂ ਨੂੰ ਜੀ .ਆਈ. ਟੈਗ ਲਗਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਸ ਸਬੰਧੀ 95 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਜੀ. ਆਈ. ਟੈਗ ਮਿਲਣ ਤੋਂ ਬਾਅਦ ਅੰਮ੍ਰਿਤਸਰ ਸ਼ਾਲਾਂ ਦੀ ਬਜ਼ਾਰ ’ਚ ਕਾਫ਼ੀ ਮਜ਼ਬੂਤੀ ਆ ਜਾਵੇਗੀ। ਇਸ ਦੌਰਾਨ ਵੂਲਨ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਕਿ ਇਸ ਨਾਲ ਇੰਡਸਟਰੀ ਦੇ ਨਾਲ-ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਵੇਗਾ।

ਇਸ ਮੌਕੇ ਟੈਕਸਟਾਈਲ ਮੰਤਰਾਲੇ ਵੱਲੋਂ ਰੋਮੇਸ਼ ਖਜੂਰੀਆ ਚੇਅਰਮੈਨ ਐਕਸਪੋਰਟ ਪ੍ਰਮੋਸ਼ਨ ਕੌਂਸਲ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਵਲੋਂ ਵਪਾਰੀਆਂ ਦੇ ਸਾਹਮਣੇ ਪੂਰੀ ਜਾਣਕਾਰੀ ਰੱਖੀ। ਉਨ੍ਹਾਂ ਕਿਹਾ ਕਿ ਵੂਲ ਅਤੇ ਵੂਲਨ ਐਕਸਪੋਰਟ ਪ੍ਰਮੋਸ਼ਨ ਕੌਂਸਲ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਦਾ ਮੁੱਖ ਮੰਤਵ ਨਵੇਂ ਕਾਰੋਬਾਰੀਆਂ ਦੀ ਮਦਦ ਕਰਨਾ ਹੈ, ਤਾਂ ਜੋ ਉਹ ਇਸ ਉਦਯੋਗ ਵਿੱਚ ਯੋਗਦਾਨ ਪਾ ਕੇ ਇਸ ਸਨਅਤ ਨੂੰ ਹੋਰ ਅੱਗੇ ਲਿਜਾ ਸਕਣ। ਉਨ੍ਹਾਂ ਕਿਹਾ ਕਿ ਭਾਰਤ ਦੇ ਉਦਯੋਗਿਕ ਖੇਤਰ ਨੇ ਪਿਛਲੇ ਸਾਲਾਂ ਵਿਚ ਬਹੁਤ ਤਰੱਕੀ ਕੀਤੀ ਹੈ ਅਤੇ ਅੰਤਰਰਾਸ਼ਟਰੀ ਮਿਆਰਾਂ ’ਤੇ ਚੱਲ ਕੇ ਦੇਸ਼ ਦਾ ਅਕਸ ਸੁਧਾਰਿਆ ਹੈ। ਉਨ੍ਹਾਂ ਕਿਹਾ ਕਿ ਊਨ ਅਤੇ ਵੂਲਨ ਐਕਸਪੋਰਟ ਪ੍ਰਮੋਸ਼ਨ ਕੌਂਸਲ ਅੰਤਰਰਾਸ਼ਟਰੀ ਪੱਧਰ ’ਤੇ ਕੰਮ ਕਰਨ ਲਈ ਭਾਰਤ ਦਾ ਇਕ ਅਜਿਹਾ ਚਿਹਰਾ ਹੈ, ਜੋ ਹੌਲੀ-ਹੌਲੀ ਕਾਫੀ ਤਰੱਕੀ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਅੱਜ ਜਿਸ ਮੁਕਾਮ ’ਤੇ ਖੜ੍ਹਾ ਹੈ, ਉਸ ਮੁਕਾਮ ’ਤੇ ਪੁੱਜਣਾ ਪਿਛਲੇ ਕਈ ਸਾਲਾਂ ਦੀ ਸਖ਼ਤ ਮਿਹਨਤ ਹੈ। ਉਨ੍ਹਾਂ ਕਿਹਾ ਕਿ ਉੱਨ ਉਦਯੋਗ ਨੇ ਅਜੇ ਤੱਕ ਓਨੀ ਤਰੱਕੀ ਨਹੀਂ ਕੀਤੀ ਜਿੰਨੀ ਕਪਾਹ ਅਤੇ ਫਾਈਬਰ ਬੈਸਟ ਟੈਕਸਟਾਈਲ ਨੇ ਕੀਤੀ ਹੈ। ਊਨ ਉਦਯੋਗ ਇਕ ਮਹੱਤਵਪੂਰਨ ਕੜੀ ਹੈ, ਜੋ ਕਿ ਪੇਂਡੂ ਉਦਯੋਗ ਨੂੰ ਨਿਰਮਾਣ ਉਦਯੋਗ ਨਾਲ ਸਿੱਧਾ ਜੋੜਦਾ ਹੈ।

ਇਹ ਵੀ ਪੜ੍ਹੋ : ਸੂਬੇ ਦੇ ਲੋਕਾਂ ਲਈ ਵੱਡੀ ਪਹਿਲ ਕਰਨ ਜਾ ਰਹੀ ਪੰਜਾਬ ਸਰਕਾਰ, ਸ਼ੁਰੂ ਹੋਣਗੀਆਂ ਯੋਗਸ਼ਾਲਾਵਾਂ

ਅੰਕੜਿਆਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਭਾਰਤ ਊਨ ਦੇ ਉਤਪਾਦਾਂ ਵਿਚ ਬਹੁਤ ਸਾਰੀਆਂ ਚੀਜ਼ਾਂ ਦਾ ਨਿਰਯਾਤ ਕਰਦਾ ਹੈ, ਜਿਨ੍ਹਾਂ ਵਿੱਚੋਂ ਕੰਬਲ, ਊਨੀ ਕੱਪੜੇ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਲ 21-22 ਵਿਚ ਭਾਰਤ ਵਿੱਚੋਂ 5300 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਹੈ। ਆਉਣ ਵਾਲੇ ਸਾਲਾਂ ਵਿਚ ਇਸ ਉਦਯੋਗ ਵਿਚ ਹੋਰ ਵਾਧਾ ਦੇਖਣ ਨੂੰ ਮਿਲੇਗਾ, ਕਿਉਂਕਿ ਭਾਰਤ ਸਰਕਾਰ ਇਸ ਨੂੰ ਉਤਸ਼ਾਹਤ ਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਇਨ੍ਹਾਂ ਕਦਮਾਂ ’ਚ ਸਰਕਾਰ ਵੱਲੋਂ ਮੁੱਖ ਤੌਰ ’ਤੇ ਦਰਾਮਦ ਡਿਊਟੀ ’ਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ।

ਸੰਜੇ ਚਰਕ ਡਿਪਟੀ ਡਾਇਰੈਕਟਰ ਟੈਕਸਟਾਈਲ ਕਮਿਸ਼ਨਰ ਨੇ ਆਏ ਹੋਏ ਸਨਅਤਕਾਰਾਂ ਨੂੰ ਕਾਫ਼ੀ ਸੇਧ ਦਿੱਤੀ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਸਵਾਲਾਂ ਨੂੰ ਸੁਣ ਕੇ ਉਨ੍ਹਾਂ ਸਪੂੰਰਨ ਰੂਪ ਨਾਲ ਜਾਣਕਾਰੀ ਦਿੰਦੇ ਹੋਏ ਕਾਫ਼ੀ ਮੁਸ਼ਕਿਲਾਂ ਨੂੰ ਦੂਰ ਕਰਵਾ ਕੇ ਉਨ੍ਹਾਂ ਨੂੰ ਸਰਕਾਰ ਦੀਆਂ ਸਕੀਮਾਂ ਤੋਂ ਜਾਣੂੰ ਕਰਵਾਇਆ। ਅੰਮ੍ਰਿਤਸਰ ਸ਼ਾਲ ਨੂੰ ਜੀ-ਆਈ ਟੈਗ ਲਗਾਉਣ ਨੂੰ ਲੈ ਕੇ 95 ਫ਼ੀਸਦੀ ਕੰਮ ਹੋ ਚੁੱਕਿਆ ਹੈ, ਇਹ ਇਕ ਅੰਮ੍ਰਿਤਸਰ ਇੰਡਸਟਰੀ ਨੂੰ ਲੈ ਕੇ ਬਹੁਤ ਵੱਡੀ ਗੱਲ ਹੋਵੇਗੀ ਅਤੇ ਇਸ ਨਾਲ ਸ਼ਾਲ ਵਪਾਰ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੱਧਰ ’ਤੇ ਜੋ ਸਬਸਿਡੀ ਦਿੱਤੀ ਜਾਦੀ ਸੀ, ਉਹ ਵੀ ਕੋਈ ਬਕਾਇਆ ਨਹੀਂ ਹੈ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨਲ ਮੈਨੇਜਰ ਪ੍ਰਵੀਨ ਗੋਇਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਚਿਨ ਕੁਮਾਰ, ਸੰਜੀਵ ਧੀਰ, ਮਾਨਵਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਅੰਮ੍ਰਿਤਸਰ ਦੇ ਉਦਯੋਗਾਂ ਦੀ ਤਰੱਕੀ ਲਈ ਸਰਕਾਰ ਕਰੇ ਪਹਿਲ: ਆਰ. ਸੀ. ਖੰਨਾ
ਇਸ ਦੌਰਾਨ ਆਰ. ਸੀ. ਖੰਨਾ ਸੀ. ਓ. ਏ ਮੈਂਬਰ ਨੇ ਆਏ ਮਹਿਮਾਨਾਂ ਅਤੇ ਉਦਯੋਗਪਤੀਆਂ ਦਾ ਧੰਨਵਾਦ ਕਰਦਿਆਂ ਸੁਝਾਅ ਦਿੱਤਾ ਕਿ ਅੰਮ੍ਰਿਤਸਰ ਉਦਯੋਗ ਦੇ ਖੇਤਰ ਵਿਚ ਕਾਫ਼ੀ ਤਰੱਕੀ ਕਰ ਰਿਹਾ ਹੈ ਪਰ ਭਾਰਤ-ਪਾਕਿ ਜੰਗ ਤੋਂ ਬਾਅਦ ਸਰਹੱਦੀ ਇਲਾਕਾ ਹੋਣ ਕਾਰਨ ਇਥੋਂ ਦੀ ਸਨਅਤ ਹੌਲੀ-ਹੌਲੀ ਦੂਜੇ ਸੂਬਿਆਂ ਜਾਂ ਹੋਰ ਸ਼ਹਿਰਾਂ ਵਿਚ ਚਲੀ ਗਈ ਪਰ ਅੱਜ ਹਾਲਾਤ ਲਗਾਤਾਰ ਬਦਲ ਰਹੇ ਹਨ, ਕਿਉਂਕਿ ਅੰਮ੍ਰਿਤਸਰ ਵੀ ਪੁਰਾਣੇ ਦਿਨ ਵਾਪਸ ਲਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅੰਮ੍ਰਿਤਸਰ ਦੇ ਪੁਰਾਣੇ ਦਿਨ ਵਾਪਸ ਲਿਆਉਣੇ ਚਾਹੀਦੇ ਹਨ, ਤਾਂ ਜੋ ਉਦਯੋਗਿਕ ਖੇਤਰ ਵਿਚ ਮੁੜ ਤਰੱਕੀ ਹੋ ਸਕੇ। ਇਸ ਦੇ ਲਈ ਰੇਲ ਮਾਰਗ ਅਤੇ ਵਾਯੂ ਮਾਰਗ ਨੂੰ ਹੋਰ ਮਜ਼ਬੂਤ ​​ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪੱਟੀ ਰੇਲ ਮਾਰਗ ਨੂੰ ਜਲਦੀ ਤੋਂ ਜਲਦੀ ਤਿਆਰ ਕਰਨਾ ਹੋਵੇਗਾ ਅਤੇ ਏਅਰਫੀਲਡ ਨੂੰ ਵੀ ਹੋਰ ਮਜ਼ਬੂਤ ਕਰਨਾ ਹੋਵੇਗਾ ਤਾਂ ਜੋ ਦੂਜੇ ਰਾਜਾਂ ਅਤੇ ਸ਼ਹਿਰਾਂ ਨਾਲ ਇਸ ਦਾ ਸੰਪਰਕ ਮਜ਼ਬੂਤ ਕੀਤਾ ਜਾ ਸਕੇ। ਖੰਨਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਉਦਯੋਗ ਨਾਲ ਜੁੜੀਆਂ ਨਵੀਆਂ ਮਸ਼ੀਨਾਂ ਬਹੁਤ ਮਹਿੰਗੀਆਂ ਹੋਣ, ਇਸ ਦੀ ਬਜਾਏ ਵਰਤੀਆਂ ਗਈਆਂ ਮਸ਼ੀਨਾਂ ਜਿਨ੍ਹਾਂ ਦੀ ਬਣਤਰ ਅਤੇ ਕੰਮ ਕਰਨ ਦਾ ਸਿਸਟਮ ਵਧੀਆ ਹੋਵੇ, ਭਾਰਤ ਲਿਆਂਦਾ ਜਾਵੇ ਤਾਂ ਜੋ ਇਸ ਉਦਯੋਗ ਨਾਲ ਜੁੜੇ ਲੋਕ ਉਹ ਮਸ਼ੀਨਾਂ ਖ਼ਰੀਦ ਸਕਣ।

ਮਸ਼ੀਨਰੀ ’ਤੇ 18 ਫ਼ੀਸਦੀ ਜੀ. ਐੱਸ. ਟੀ. ਤੋਂ ਮਿਲੀ ਛੋਟ
ਇਸ ਦੌਰਾਨ ਉਦਯੋਗਪਤੀ ਸੰਜੀਵ ਖੰਨਾ ਨੇ ਕਿਹਾ ਕਿ ਸਰਕਾਰ ਜਿਹੜੀਆਂ ’ਤੇ 18 ਫੀਸਦੀ ਜੀ. ਐੱਸ. ਟੀ. ਲੱਗ ਰਹੀ ਹੈ, ਉਸ ਨੂੰ ਮੁਆਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਨਵੀ ਮਸ਼ੀਨਰੀ ਕਾਫੀ ਮਹਿੰਗੀ ਹੈ, ਜਦੋਂ ਇੰਡਸਟਰੀ ਮਸ਼ੀਨ ਲਗਾਏਗੀ ਅਤੇ ਸਰਕਾਰ ਇਸ ਵਿੱਚ ਛੋਟ ਦੇਵੇਗੀ ਤਾਂ ਲੋਕਾਂ ਦਾ ਇਸ ਵੱਲ ਰੁਝਾਨ ਹੋਰ ਵਧੇਗਾ।

ਨੌਜਵਾਨ ਪੀੜ੍ਹੀ ਨੂੰ ਲਿਆਉਣਾ ਪਵੇਗਾ ਅੱਗੇ
ਮੀਟਿੰਗ ਵਿਚ ਵੂਲਨ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਅਤੇ ਅਧਿਕਾਰੀਆਂ ਅਤੇ ਸਨਅਤਕਾਰਾਂ ਨੇ ਵਿਚਾਰ-ਵਟਾਂਦਰਾ ਕੀਤਾ ਕਿ ਵੂਲਨ ਸਨਅਤ ਸਬੰਧੀ ਨੌਜਵਾਨ ਪੀੜ੍ਹੀ ਨੂੰ ਅੱਗੇ ਲਿਆਉਣਾ ਹੋਵੇਗਾ ਅਤੇ ਉਨ੍ਹਾਂ ਨੂੰ ਜਾਗਰੂਕ ਕਰਨਾ ਹੋਵੇਗਾ, ਜਿਸ ਨਾਲ ਉਦਯੋਗ ਬਹੁਤ ਅੱਗੇ ਵਧੇਗਾ। ਪੰਜਾਬ ਵਿੱਚ ਵੀ ਉੱਨ ਸਬੰਧੀ ਆਪਣੇ ਪ੍ਰਾਜੈਕਟ ਲਗਾਏ ਜਾਣ, ਤਾਂ ਜੋ ਪੰਜਾਬ ਦੀ ਆਪਣੀ ਇੰਡਸਟਰੀ ਵੱਧ ਸਕੇ।

ਇਹ ਵੀ ਪੜ੍ਹੋ : ਤਲਵਾੜਾ ਤੋਂ ਆਈ ਦੁਖ਼ਦਾਇਕ ਖ਼ਬਰ, ਪਿਓ ਨੇ ਦੋ ਧੀਆਂ 'ਤੇ ਪੈਟਰੋਲ ਪਾ ਕੇ ਲਾਈ ਅੱਗ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News