ਬੱਚਿਆਂ ਨੇ ਪੰਜਾਬ ’ਚ ਭੀਖ ਮੰਗੀ ਤਾਂ ਮਾਪਿਆਂ ਨੂੰ ਮਿਲੇਗੀ ਸਜ਼ਾ

Saturday, Jul 19, 2025 - 03:51 AM (IST)

ਬੱਚਿਆਂ ਨੇ ਪੰਜਾਬ ’ਚ ਭੀਖ ਮੰਗੀ ਤਾਂ ਮਾਪਿਆਂ ਨੂੰ ਮਿਲੇਗੀ ਸਜ਼ਾ

ਚੰਡੀਗੜ੍ਹ/ਜਲੰਧਰ (ਧਵਨ) - ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਤੋਂ ਪ੍ਰੇਰਿਤ ਹੋ ਕੇ ਪੰਜਾਬ ਸਰਕਾਰ ਨੇ  ‘ਪ੍ਰਾਜੈਕਟ ਜੀਵਨ ਜੋਤ-2’ ਸ਼ੁਰੂ ਕੀਤਾ ਹੈ। ਇਸ ਯੋਜਨਾ ਦਾ ਮੰਤਵ ਪੰਜਾਬ ਦੀ ਧਰਤੀ ਤੋਂ ਬੱਚਿਆਂ ਵੱਲੋਂ ਭੀਖ ਮੰਗਣ ਦੀ ਸਮੱਸਿਆ ਨੂੰ ਜੜ੍ਹੋਂ ਪੁੱਟਣਾ ਹੈ।

ਇਸ ਯੋਜਨਾ ਬਾਰੇ ਗੱਲਬਾਤ ਕਰਦਿਆਂ ਪੰਜਾਬ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਜੋ ਆਪਣੇ ਗੁਰੂਆਂ, ਸੰਤਾਂ ਤੇ ਯੋਧਿਆਂ ਲਈ ਜਾਣਿਆ ਜਾਂਦਾ ਹੈ, ਬੱਚਿਆਂ ਵੱਲੋਂ ਭੀਖ ਮੰਗਣ ਦੇ ਸ਼ਰਮਨਾਕ ਕੰਮ ਨੂੰ ਜਾਰੀ ਨਹੀਂ ਰਹਿਣ ਦੇ ਸਕਦਾ।

ਪਿਛਲੇ 9 ਮਹੀਨਿਆਂ ’ਚ ਵੱਖ-ਵੱਖ ਜ਼ਿਲਿਆਂ ’ਚ 753 ਬਚਾਅ ਮੁਹਿੰਮਾਂ (ਛਾਪਿਆਂ) ਰਾਹੀਂ 367 ਬੱਚਿਆਂ ਨੂੰ ਸਫਲਤਾਪੂਰਵਕ ਬਚਾਇਆ ਗਿਆ। ਇਨ੍ਹਾਂ ’ਚੋਂ 350 ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਜਦੋਂ ਕਿ 17 ਬੱਚੇ ਜਿਨ੍ਹਾਂ ਦੇ ਮਾਪਿਆਂ ਦੀ ਪਛਾਣ ਨਹੀਂ ਹੋ ਸਕੀ, ਨੂੰ ਬਾਲ ਘਰਾਂ ’ਚ ਰੱਖਿਆ ਗਿਆ।

ਉਨ੍ਹਾਂ ਕਿਹਾ ਕਿ ਬਚਾਏ ਗਏ 150 ਬੱਚੇ ਦੂਜੇ ਸੂਬਿਆਂ ਤੋਂ ਸਨ। ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੇ ਪਰਿਵਾਰਾਂ ਕੋਲ ਵਾਪਸ ਭੇਜ ਦਿੱਤਾ ਗਿਆ। ਪੰਜਾਬ ਸਰਕਾਰ ਨੇ ਹੁਣ ‘ਪ੍ਰਾਜੈਕਟ ਜੀਵਨ ਜੋਤ-2’  ਰਾਹੀਂ ਆਪਣੇ ਮਿਸ਼ਨ ਨੂੰ ਹੋਰ ਤੇਜ਼ ਕਰ ਦਿੱਤਾ ਹੈ। 

ਇਸ ਯੋਜਨਾ ਅਧੀਨ ਉਨ੍ਹਾਂ ਮਾਪਿਆਂ ਵਿਰੁੱਧ ਵੀ ਸਜ਼ਾਯੋਗ ਕਾਰਵਾਈ ਕੀਤੀ ਜਾਵੇਗੀ ਜੋ ਆਪਣੇ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਹਨ। ਉਨ੍ਹਾਂ ਨੂੰ ਪਹਿਲੇ ਅਪਰਾਧ ਲਈ ਚਿਤਾਵਨੀ ਦਿੱਤੀ ਜਾਵੇਗੀ ਪਰ ਵਾਰ-ਵਾਰ ਅਪਰਾਧ ਕਰਨ ’ਤੇ ‘ਅਯੋਗ ਮਾਪੇ’ ਐਲਾਨਿਆ ਜਾਏਗਾ।


author

Inder Prajapati

Content Editor

Related News