ਸਕੂਲ ਦੇ ਸਾਬਕਾ ਮੁੱਖ ਅਧਿਆਪਕ ਵੱਲੋਂ ਸਟਾਫ ਤੇ ਪੰਚਾਇਤ ਨੂੰ ਧਮਕੀਆਂ!
Thursday, May 26, 2022 - 02:04 PM (IST)
ਬਟਾਲਾ (ਜ.ਬ., ਯੋਗੀ, ਅਸ਼ਵਨੀ)- ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਅਧੀਨ ਆਉਂਦੇ ਪਿੰਡ ਹਰਦੋ ਝੰਡੇ ਦੇ ਸਰਕਾਰੀ ਹਾਈ ਸਕੂਲ ਦੇ ਸਾਬਕਾ ਮੁੱਖ ਅਧਿਆਪਕ ਵੱਲੋਂ ਸਕੂਲ ਸਟਾਫ਼ ਅਤੇ ਪੰਚਾਇਤ ਨੂੰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਪਿੰਡ ਹਰਦੋਝੰਡੇ ਦੇ ਸਰਪੰਚ ਰਾਜਿੰਦਰ ਸਿੰਘ ਸੋਢੀ, ਸਰਪੰਚ ਸੁਖਦੇਵ ਸਿੰਘ, ਤੇਜਿੰਦਰ ਸਿੰਘ ਬਿਊਟੀ ਰੰਧਾਵਾ, ਸੁਖਜੀਤ ਸਿੰਘ ਖਹਿਰਾ ਸੀਨੀਅਰ ਆਗੂ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ, ਰਣਜੀਤ ਸਿੰਘ ਮੈਂਬਰ ਪੰਚਾਇਤ, ਪਰਮਜੀਤ ਸਿੰਘ, ਕੁਲਵੰਤ ਸਿੰਘ, ਪ੍ਰੇਮ ਸਿੰਘ ਪ੍ਰਧਾਨ, ਅਮਰਜੀਤ ਸਿੰਘ, ਸੁਰਜਨ ਸਿੰਘ, ਪਰਮਜੀਤ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਗੁਰਿੰਦਰਜੀਤ ਸਿੰਘ ਇਸੇ ਸਕੂਲ ’ਚ ਪਹਿਲਾਂ ਮੁੱਖ ਅਧਿਆਪਕ ਸਨ।
ਉਨ੍ਹਾਂ ਨੂੰ ਵਿਭਾਗੀ ਕਾਰਵਾਈ ਦੌਰਾਨ ਡਿਊਟੀ ਤੋਂ ਮੁਕਤ ਕਰ ਦਿੱਤਾ ਗਿਆ ਸੀ ਤਾਂ ਇਸ ਵੱਲੋਂ ਮਾਣਯੋਗ ਅਦਾਲਤ ’ਚ ਉਕਤ ਮਾਮਲੇ ਨੂੰ ਲੈ ਕੇ ਕੇਸ ਕਰ ਦਿੱਤਾ ਸੀ, ਜਿਸ ’ਤੇ ਮਾਣਯੋਗ ਅਦਾਲਤ ਨੇ ਵਿਭਾਗੀ ਕਾਰਵਾਈ ’ਤੇ ਉਨ੍ਹਾਂ ਨੂੰ ਸਟੇਅ ਆਰਡਰ ਦੇ ਦਿੱਤਾ ਹੈ। ਉਕਤ ਵਿਅਕਤੀਆਂ ਨੇ ਦੱਸਿਆ ਹੈ ਕਿ ਸਾਬਕਾ ਮੁੱਖ ਅਧਿਆਪਕ ਸਿੱਖਿਆ ਵਿਭਾਗ ਦੇ ਹੁਕਮਾਂ ਤੋਂ ਬਿਨਾਂ ਹੀ ਸਰਕਾਰੀ ਹਾਈ ਸਕੂਲ ਹਰਦੋਝੰਡੇ ’ਚ ਹਾਜ਼ਰ ਹੋ ਗਿਆ ਹੈ ਅਤੇ ਜਦੋਂ ਸਰਪੰਚਾਂ ਤੇ ਪੂਰੀ ਪੰਚਾਇਤ ਵਲੋਂ ਸਕੂਲ ਦੇ ਦਫ਼ਤਰ ’ਚ ਹਾਜ਼ਰ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਸਾਬਕਾ ਮੁੱਖ ਅਧਿਆਪਕ ਨੇ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਵਿਚ ਸਾਰਿਆਂ ਨਾਲ ਬਦਸਲੂਕੀ ਕੀਤੀ ਅਤੇ ਆਪਣੇ ਕੋਲ ਰੱਖੇ ਹੋਏ ਪਿਸਟਲ ਦੀਆਂ ਧਮਕੀਆਂ ਵੀ ਦਿੱਤੀਆਂ ਹਨ।
ਪੰਚਾਇਤ ਦੇ ਮੋਹਤਬਰਾਂ ਨੇ ਦੱਸਿਆ ਕਿ ਪੰਚਾਇਤ ਤੋਂ ਇਲਾਵਾ ਉਕਤ ਸਾਬਕਾ ਮੁੱਖ ਅਧਿਆਪਕ ਨੇ ਸਕੂਲ ਦੇ ਸਟਾਫ ਨੂੰ ਵੀ ਡਰਾਇਆ ਧਮਕਾਇਆ ਹੈ। ਇਸ ਦੀ ਸਾਰੀ ਸੂਚਨਾ ਸਮੇਂ ਸਮੇਂ ’ਤੇ ਸਕੂਲ ਦੇ ਮੌਜੂਦਾ ਡੀ.ਡੀ.ਓ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੀ. ਸੈਕੰ. ਗੁਰਦਾਸਪੁਰ ਨੂੰ ਫੋਨ ਅਤੇ ਵਟ੍ਹਸਐਪ ਰਾਹੀਂ ਦਿੱਤੀ ਗਈ ਸੀ। ਉਨ੍ਹਾਂ ਕਥਿਤ ਦੋਸ਼ ਲਗਾਇਆ ਕਿ ਸਾਬਕਾ ਮੁਖੀ ਵੱਲੋਂ ਸਕੂਲ ਅੰਦਰ ਲੱਗੇ ਕੈਮਰਿਆਂ ਨਾਲ ਵੀ ਛੇੜਛਾੜ ਕੀਤੀ ਗਈ ਹੈ । ਸਰਪੰਚ ਰਜਿੰਦਰ ਸਿੰਘ ਸੋਢੀ, ਸਰਪੰਚ ਸੁਖਦੇਵ ਸਿੰਘ ਅਤੇ ਕਿਸਾਨ ਆਗੂ ਸੁਖਜੀਤ ਸਿੰਘ ਖੈਹਿਰਾ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।ਸਾਬਕਾ ਸਕੂਲ ਮੁਖੀ ਦੀਆਂ ਮਨਮਰਜ਼ੀਆਂ ਸੰਬੰਧੀ ਐੱਸ.ਐੱਸ.ਪੀ ਬਟਾਲਾ ਨੂੰ ਇਕ ਮੰਗ ਪੱਤਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸਕੂਲ ਦੇ ਮੌਜੂਦਾ ਮੁਖੀ ਅਤੇ ਸਟਾਫ ਨੇ ਵੀ ਸਾਬਕਾ ਮੁਖੀ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਪੁਸ਼ਟੀ ਕੀਤੀ ਹੈ ।
ਕੀ ਕਹਿਣਾ ਹੈ ਸਾਬਕਾ ਮੁਖ ਅਧਿਆਪਕ ਦਾ?
ਓਧਰ, ਇਸ ਮਾਮਲੇ ਸਬੰਧੀ ਗੁਰਿੰਦਰਜੀਤ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮਾਣਯੋਗ ਅਦਾਲਤ ਦੇ ਸਟੇਅ ਦੇ ਹੁਕਮ ਹਨ। ਉਨ੍ਹਾਂ ਹੁਕਮਾਂ ਅਨੁਸਾਰ ਉਹ ਸਕੂਲ ਗਏ ਸਨ, ਇਸ ਤੋਂ ਇਲਾਵਾ ਉਹ ਹੋਰ ਕੁਝ ਵੀ ਜਾਣਕਾਰੀ ਨਹੀਂ ਦੇ ਸਕਦੇ ਹਨ ।
ਉੱਚ ਅਧਿਕਾਰੀਆਂ ਨੂੰ ਜਾਣਕਾਰੀ ਭੇਜੀ ਜਾ ਰਹੀ ਹੈ : ਡੀ.ਈ.ਓ ਸੈਕੰਡਰੀ
ਮੌਕੇ ’ਤੇ ਪੁੱਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਹਰਪਾਲ ਸਿੰਘ ਸੰਧਾਵਾਲੀਆ ਨੇ ਪੰਚਾਇਤ ਅਤੇ ਸਕੂਲ ਸਟਾਫ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਕਤ ਮਾਮਲੇ ਸਬੰਧੀ ਸਾਰੀ ਜਾਣਕਾਰੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਰਹੇ ਹਨ । ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਕਾਪੀ ਵਿਭਾਗ ਨੂੰ ਪ੍ਰਾਪਤ ਨਹੀਂ ਹੋਈ ਹੈ ਅਤੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਕਾਪੀ ਪ੍ਰਾਪਤ ਹੋਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕਰਨਗੇ। ਮਾਣਯੋਗ ਅਦਾਲਤ ਦੇ ਸਟੇਅ ਆਰਡਰ ਤੋਂ ਬਾਅਦ ਸਾਬਕਾ ਮੁਖੀ ਸਿੱਖਿਆ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਦੱਸੇ ਸਕੂਲ ’ਚ ਡਿਊਟੀ ’ਤੇ ਹਾਜ਼ਰ ਹੋ ਸਕਦੇ ਹਨ।