ਸਰਹਾਲੀ ਥਾਣੇ 'ਤੇ ਹੋਏ RPG ਹਮਲੇ ਮਾਮਲੇ 'ਚ 4 ਹੋਰ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ
Sunday, Jan 01, 2023 - 10:47 AM (IST)
![ਸਰਹਾਲੀ ਥਾਣੇ 'ਤੇ ਹੋਏ RPG ਹਮਲੇ ਮਾਮਲੇ 'ਚ 4 ਹੋਰ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ](https://static.jagbani.com/multimedia/2023_1image_11_25_468208575rp.jpg)
ਤਰਨਤਾਰਨ (ਰਮਨ ਚਾਵਲਾ)- ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਰਹਾਲੀ ਵਿਖੇ ਕੀਤੇ ਗਏ ਆਰ. ਪੀ. ਜੀ. ਹਮਲੇ ਸਬੰਧੀ ਜਿੱਥੇ ਪੁਲਸ ਨੇ ਹੁਣ ਤਕ 2 ਨਾਬਾਲਿਗਾਂ ਸਮੇਤ ਕੁੱਲ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਇਕ ਜ਼ਿੰਦਾ ਆਰ. ਪੀ. ਜੀ ਲਾਂਚਰ, ਦੋ ਮੋਟਰ ਸਾਈਕਲ, ਇਕ ਪਿਸਤੌਲ ਅਤੇ ਹੋਰ ਸਾਮਾਨ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਉੱਥੇ ਹੀ ਸ਼ਨੀਵਾਰ ਨੂੰ ਪੁਲਸ ਨੇ ਤਫ਼ਤੀਸ਼ ਨੂੰ ਅੱਗੇ ਵਧਾਉਂਦੇ ਹੋਏ 4 ਹੋਰ ਮੁਲਜ਼ਮਾਂ ਨੂੰ ਹਮਲਾ ਕਰਨ ਸਬੰਧੀ ਆਏ ਰੁਪਏ ਦੀ ਵੰਡ ਕਰਨ ਅਤੇ ਪਨਾਹ ਦੇਣ ਦੇ ਜ਼ੁਰਮ ਹੇਠ ਇਕ ਦੇਸੀ ਕੱਟਾ, ਇਕ ਦੇਸੀ ਪਿਸਤੌਲ, 3 ਜ਼ਿੰਦਾ ਰੌਂਦ, ਏਅਰ ਗੰਨ ਅਤੇ ਦੇਸੀ ਪਿਸਤੌਲ ਤਿਆਰ ਕਰਨ ਵਾਲੇ ਸਾਮਾਨ ਸਣੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਪ੍ਰੇਮੀ ਨੇ ਕਮਾਇਆ ਧ੍ਰੋਹ, ਰਿਲੇਸ਼ਨਸ਼ਿਪ 'ਚ ਰਹੀ 2 ਬੱਚਿਆਂ ਦੀ ਮਾਂ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ
ਪੁਲਸ ਵਲੋਂ ਹਾਸਲ ਕੀਤੇ ਗਏ 5 ਦਿਨਾਂ ਰਿਮਾਂਡ ਦੌਰਾਨ ਸ਼ੁਰੂਆਤੀ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਨੀਵਾਰ ਗ੍ਰਿਫ਼ਤਾਰ ਕੀਤੇ ਗਏ ਉਕਤ ਮੁਲਜ਼ਮ ਵਿਦੇਸ਼ ਵਿਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਅਤੇ ਸਤਬੀਰ ਸਿੰਘ ਸੱਤਾ ਵਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਵਪਾਰੀਆਂ ਪਾਸੋਂ ਮੰਗੀ ਲੱਖਾਂ ਰੁਪਏ ਦੀ ਫਿਰੌਤੀ ਇਕੱਤਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਸਨ। ਜ਼ਿਕਰਯੋਗ ਹੈ ਕਿ ਪੁਲਸ ਵਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਆਉਣ ਵਾਲੇ ਦਿਨਾਂ ’ਚ ਫਿਰੌਤੀ ਮੰਗਣ ਦਾ ਨੈੱਟਵਰਕ ਤੋੜਨ ਸਬੰਧੀ ਅਨੁਮਾਨ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਸਰਕਾਰੀ ਗਊਸ਼ਾਲਾ ਦੇ ਮੰਦੇ ਹਾਲ, ਭੁੱਖ ਅਤੇ ਠੰਡ ਨਾਲ ਗਊਆਂ ਦੀ ਹੋ ਰਹੀ ਮੌਤ
ਜਾਣਕਾਰੀ ਅਨੁਸਾਰ ਬੀਤੀ 9 ਸਤੰਬਰ ਦੀ ਰਾਤ 11 ਵਜੇ ਨੈਸ਼ਨਲ ਹਾਈਵੇ ਉੱਪਰ ਮੌਜੂਦ ਥਾਣਾ ਸਰਹਾਲੀ ਨੂੰ ਆਰ. ਪੀ. ਜੀ. ਲਾਂਚਰ ਨਾਲ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਬਾਬਤ ਪੁਲਸ ਵਲੋਂ ਹੁਣ ਤੱਕ 10 ਮੁਲਜ਼ਮਾਂ ਨੂੰ ਜ਼ਿੰਦਾ ਲਾਂਚਰ, ਹਥਿਆਰ ਅਤੇ ਦੋ ਮੋਟਰਸਾਈਕਲਾਂ ਸਮੇਤ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਾਰੀ ਜਾਂਚ ਦੌਰਾਨ ਥਾਣਾ ਸਰਹਾਲੀ ਉੱਪਰ ਹਮਲਾ ਕਰਨ ਤੋਂ ਬਾਅਦ ਕਰੀਬ ਦੋ ਦਿਨ ਤੱਕ ਦੋਵਾਂ ਨਾਬਾਲਿਗ ਸ਼ੂਟਰਾਂ ਨੂੰ ਆਪਣੇ ਟਿਊਬਵੈੱਲ ਦੇ ਕਮਰੇ ਵਿਚ ਪਨਾਹ ਦੇਣ ਵਾਲੇ ਮੁਲਜ਼ਮ ਹਰਮਨ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਸੈਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਐੱਸ. ਪੀ. ਵਿਸ਼ਾਲਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਹਰਮਨ ਸਿੰਘ ਪਾਸੋਂ ਕੀਤੀ ਗਈ ਅਗਲੇਰੀ ਪੁੱਛਗਿੱਛ ਤੋਂ ਬਾਅਦ ਤਿੰਨ ਹੋਰ ਮੁਲਜ਼ਮਾਂ ਜਿਨ੍ਹਾਂ ਵਿਚ ਕੁਲਦੀਪ ਸਿੰਘ ਉਰਫ਼ ਲੱਡੂ ਪੁੱਤਰ ਰਣਧੀਰ ਸਿੰਘ, ਅਸ਼ੋਕਦੀਪ ਸਿੰਘ ਉਰਫ਼ ਅਰਸ਼ ਉਰਫ਼ ਮੱਛੀ ਪੁੱਤਰ ਪਰਮਜੀਤ ਸਿੰਘ ਅਤੇ ਗੁਰਸੇਵਕ ਸਿੰਘ ਉਰਫ਼ ਸੇਵਕ ਖ਼ਲੀ ਪੁੱਤਰ ਸਰਵਣ ਸਿੰਘ ਵਾਸੀਆਨ ਪਿੰਡ ਰੂੜ੍ਹੀਵਾਲਾ ਜ਼ਿਲ੍ਹਾ ਤਰਨਤਾਰਨ ਸ਼ਾਮਲ ਹਨ, ਨੂੰ ਇਕ ਦੇਸੀ ਕੱਟੇ, ਇਕ ਦੇਸੀ ਪਿਸਤੌਲ, 3 ਜ਼ਿੰਦਾ ਰੌਂਦ, ਏਅਰ ਗੰਨ ਅਤੇ ਦੇਸੀ ਪਿਸਤੌਲ ਤਿਆਰ ਕਰਨ ਵਾਲੇ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਮੁਲਜਮਾਂ ਵਲੋਂ ਆਰ.ਪੀ.ਜੀ. ਅਟੈਕ ਮਾਮਲੇ ਵਿਚ ਆਏ ਪੈਸਿਆਂ ਦਾ ਲੈਣ-ਦੇਣ ਕੀਤਾ ਗਿਆ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।