ਗੁਰਦਾਸਪੁਰ ’ਚੋਂ ਲੰਘਦੇ ਦਰਿਆਵਾਂ ’ਚ ਪਾਣੀ ਦਾ ਪੱਧਰ ਘਟਿਆ

Tuesday, Sep 25, 2018 - 01:36 AM (IST)

ਗੁਰਦਾਸਪੁਰ ’ਚੋਂ ਲੰਘਦੇ ਦਰਿਆਵਾਂ ’ਚ ਪਾਣੀ ਦਾ ਪੱਧਰ ਘਟਿਆ

 ਗੁਰਦਾਸਪੁਰ,   (ਹਰਮਨਪ੍ਰੀਤ, ਵਿਨੋਦ)- ਪੰਜਾਬ ਸਮੇਤ ਵੱਖ-ਵੱਖ ਸੂਬਿਆਂ ’ਚ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਜਿਥੇ ਪੰਜਾਬ ਦੇ ਹੋਰ ਹਿੱਸਿਆਂ ’ਚ ਕਿਸਾਨਾਂ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਸਾਹ ਸੂਤੇ ਹੋਏ ਹਨ, ਉਥੇ ਜ਼ਿਲਾ ਗੁਰਦਾਸਪੁਰ ਅੰਦਰ ਵੀ ਲੋਕ ਇਸ ਬਾਰਿਸ਼ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਕਰ ਕੇ ਕਾਫੀ ਚਿੰਤਤ ਦਿਖਾਈ ਦੇ ਰਹੇ ਹਨ। ਖਾਸ ਤੌਰ ’ਤੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਅੰਦਰ ਸਕੂਲਾਂ ’ਚ ਛੁੱਟੀ ਕਰ ਦਿੱਤੇ ਜਾਣ ਅਤੇ  ਜ਼ਿਲਾ ਪ੍ਰਸ਼ਾਸਨ ਵੱਲੋਂ ਦਰਿਆਵਾਂ ਕਿਨਾਰੇ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਸ਼ਿਫਟ ਕੀਤੇ ਜਾਣ ਦੀ ਕਾਰਵਾਈ ਨੇ ਲੋਕਾਂ ਦੇ ਮਨਾਂ ’ਚ ਕਈ ਨਵੇਂ ਸ਼ੰਕੇ ਪੈਦਾ ਕਰ ਦਿੱਤੇ ਹਨ ਪਰ ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਵੱਲੋਂ  ਗੁਰਦਾਸਪੁਰ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਹੋਣ ਦੀ ਸੰਭਾਵਨਾ ਤੋਂ ਪੂਰੀ ਤਰ੍ਹਾਂ ਇਨਕਾਰ ਕਰਦਿਆਂ ਜ਼ਿਲਾ ਵਾਸੀਆਂ ਨੂੰ ਚਿੰਤਾ ਨਾ ਕਰਨ ਦੀ ਅਪੀਲ ਕੀਤੀ ਹੈ।
ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਬੀਤੇ ਦਿਨ ਪਏ ਲਗਾਤਾਰ ਮੀਂਹ ਕਾਰਨ ਜ਼ਿਲੇ ’ਚੋਂ ਲੰਘਦੀਅਾਂ ਨਹਿਰਾਂ ਅਤੇ ਬਰਸਾਤੀ ਨਾਲਿਆਂ ਵਿਚ ਪਾਣੀ ਦਾ ਵਹਾਅ ਕੁਝ ਵਧਿਆ ਸੀ ਪਰ ਬੀਤੀ ਰਾਤ ਤੋਂ ਬਾਅਦ ਹੁਣ ਸਾਰੀਆਂ ਨਹਿਰਾਂ ਤੇ ਨਾਲਿਆਂ ਦਾ ਪਾਣੀ  ਕੰਟਰੋਲ ਹੇਠ ਹੈ। ਖਾਸ ਤੌਰ ’ਤੇ ਮੁੱਖ ਦਰਿਆ ਬਿਆਸ ਅਤੇ ਰਾਵੀ ਵਿਚ ਪਾਣੀ ਦਾ ਪੱਧਰ ਬਿਲਕੁਲ ਠੀਕ-ਠਾਕ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਝ ਦਰਿਆ ਵਿਚ ਪਾਣੀ ਦਾ ਪੱਧਰ ਇਕ ਲੱਖ ਕਿਊਸਿਕ ਤੋਂ ਵੀ ਜ਼ਿਆਦਾ ਹੋ ਗਿਆ ਸੀ ਪਰ ਅੱਜ ਸ਼ਾਮ 5 ਵਜੇ ਤੱਕ ਇਸ ਦਰਿਆ ’ਚ ਸਿਰਫ਼ 75 ਕਿਊਸਿਕ ਪਾਣੀ ਵਹਿ ਰਿਹਾ ਹੈ। ਇਸੇ ਤਰ੍ਹਾਂ ਚੱਕੀ ਦਰਿਆ ਵਿਚ ਕਰੀਬ 7000 ਕਿਊਸਿਕ ਪਾਣੀ ਤੋਂ ਇਲਾਵਾ ਮਾਧੋਪੁਰ ਰਾਹੀਂ ਰਾਵੀ ਵਿਚ 25000 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। 
 ਜ਼ਿਲਾ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਜਾਰੀ
 ਡਿਪਟੀ ਕਮਿਸ਼ਨਰ ਉਜਵਲ ਨੇ  ਦੱਸਿਆ ਕਿ ਜ਼ਿਲੇ ਅੰਦਰ ਕਿਸੇ ਵੀ ਤਰ੍ਹਾਂ ਦੇ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਜ਼ਿਲਾ ਵਾਸੀਆਂ  ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਜ਼ਿਲੇ ਅੰਦਰ ਹਡ਼੍ਹ ਦਾ ਕੋਈ ਖਤਰਾ ਨਹੀਂ ਹੈ ਪਰ ਗੁਅਾਂਢੀ ਸੂਬਿਅਾਂ ਵਿਚ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਲੱਡ ਕੰਟੋਰਲ ਰੂਮ ਸਥਾਪਤ ਕੀਤਾ ਜਾ ਚੁੱਕਾ ਹੈ। ਇਸ ਲਈ ਫੋਨ ਨੰਬਰ 75084-04149 ’ਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

 ਫਸਲਾਂ ਦੀ ਤਬਾਹੀ ਨੇ ਨਿਰਾਸ਼ ਕੀਤੇ ਕਿਸਾਨ
 ਭਾਵੇਂ ਬਾਰਿਸ਼ ਕਾਰਨ ਆਮ ਲੋਕਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਜ਼ਿਲੇ ਅੰਦਰ ਕਈ ਥਾਈਂ ਕਮਾਦ, ਬਾਸਮਤੀ 1509, 1121 ਅਤੇ ਆਲੂਆਂ ਤੋਂ ਇਲਾਵਾ ਕਈ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਖਾਸ ਤੌਰ ’ਤੇ ਬਲਾਕ ਡੇਰਾ ਬਾਬਾ ਨਾਨਕ, ਫਤਿਹਗਡ਼੍ਹ ਚੂਡ਼ੀਆਂ, ਦੋਰਾਂਗਲਾ, ਕਾਹਨੂੰਵਾਨ ਸਮੇਤ ਵੱਖ-ਵੱਖ ਥਾਈਂ ਨੀਵੇਂ ਇਲਾਕਿਆਂ ’ਚ ਫਸਲ ਨੂੰ ਕਾਫੀ ਨੁਕਸਾਨ ਪਹੁੰਚਿਅਾ ਹੈ, ਜਿਸ ਕਰ ਕੇ ਕਿਸਾਨ ਨਿਰਾਸ਼ਾ ਦੇ ਆਲਮ ’ਚੋਂ ਲੰਘ ਰਹੇ ਹਨ।

 
 


Related News