ਪੰਜਾਬ ਦੇ ਹਰ ਪਿੰਡ ''ਚ 550 ਬੂਟੇ ਲਾਉਣ ਦਾ ਕੰਮ 30 ਸਤੰਬਰ ਤਕ ਮੁਕੰਮਲ ਕਰਨ ਦਾ ਟੀਚਾ : ਅਗਨੀਹੋਤਰੀ

07/22/2019 8:27:02 PM

ਤਰਨ ਤਾਰਨ/ਚੋਹਲਾ ਸਾਹਿਬ, (ਰਾਕੇਸ਼ ਨਈਅਰ): ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਦੇ ਹਰ ਪਿੰਡ 'ਚ 550 ਬੂਟੇ ਲਾਉਣ ਦਾ ਕਾਰਜ 30 ਸਤੰਬਰ, 2019 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਯੋਜਨਾ ਤਹਿਤ ਹੁਣ ਤੱਕ ਰਾਜ ਦੇ 1900 ਤੋਂ ਵੱਧ ਪਿੰਡਾਂ 'ਚ 550-550 ਬੂਟੇ ਲਗਾਏ ਜਾ ਚੁੱਕੇ ਹਨ, ਜਦਕਿ ਲੱਗਭੱਗ 4500 ਪਿੰਡਾਂ 'ਚ ਬੂਟੇ ਲਗਾਉਣ ਲਈ ਟੋਏ ਪੁੱਟਣ ਦਾ ਕਾਰਜ ਮੁਕੰਮਲ ਕਰ ਲਿਆ ਗਿਆ ਹੈ। 
ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਨਰੇਗਾ ਸਕੀਮ ਤਹਿਤ ਬੂਟੇ ਲਾਉਣ ਦਾ ਕੰਮ ਨੇਪਰੇ ਚਾੜਿਆ ਜਾਵੇਗਾ, ਜਦਕਿ ਬੂਟਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਹੋਵੇਗੀ। ਉਹਨਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ 575 ਪਿੰਡਾਂ ਵਿੱਚ ਕੁੱਲ 3,16,250 ਬੂਟੇ ਲਗਾਏ ਜਾ ਰਹੇ ਹਨ ਅਤੇ ਹੁਣ ਤੱਕ ਜ਼ਿਲ੍ਹੇ ਦੇ 307 ਪਿੰਡਾਂ ਵਿੱਚ 1,68,850 ਬੂਟੇ ਲਗਾਏ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਪਿੰਡਾਂ ਵਿੱਚ ਬੂਟੇ ਲਗਾਉਣ ਦਾ ਕੰਮ 31 ਜੁਲਾਈ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਣ ਵਿਭਾਗ ਵੱਲੋਂ ਸੜਕਾਂ ਅਤੇ ਨਹਿਰਾਂ ਆਦਿ ਦੇ ਕੰਡਿਆਂ 'ਤੇ 1,16000 ਬੂਟੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਭਰ 'ਚ ਬੂਟੇ ਲਗਾਉਣ ਦੀਆਂ ਮੁਹਿੰਮਾਂ ਦਾ ਉਦੇਸ਼ ਜਿੱਥੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ, ਉੱਥੇ ਹੀ ਲੋਕਾਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨਾ ਵੀ ਹੈ।ਉਨਾਂ ਕਿਹਾ ਕਿ ਸੂਬਾ ਸਰਕਾਰ ਬੂਟੇ ਲਾਉਣ ਦੇ ਵਡਮੁੱਲੇ ਕਾਰਜ `ਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਪ੍ਰਤੀ ਵੀ ਵਚਨਬੱਧ ਹੈ ਤਾਂ ਜੋ ਲਾਏ ਜਾਣ ਮਗਰੋਂ ਬੂਟਿਆਂ ਦੀ ਸਾਂਭ-ਸੰਭਾਲ ਵੀ ਕੀਤੀ ਜਾ ਸਕੇ। ਉਨਾਂ ਦੱਸਿਆ ਕਿ `ਪੰਜਾਬ ਮੈਂਟੀਨੈਂਸ ਮਾਡਲ ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸਬੰਧਤ ਪਿੰਡ 'ਚ ਵਣ ਮਿੱਤਰ ਘੋਸ਼ਿਤ ਕੀਤੇ ਜਾਣਗੇ, ਜੋ ਕਿ ਬੂਟਿਆਂ ਦੀ ਸਾਂਭ-ਸੰਭਾਲ ਕਰਨਗੇ। ਉਨ੍ਹਾਂ ਦੱਸਿਆ ਕਿ 200 ਬੂਟਿਆਂ ਲਈ 2 ਘਰਾਂ ਨੂੰ 'ਵਣ ਮਿੱਤਰ ਲਾਇਆ ਜਾਵੇਗਾ, ਦੋਵਾਂ ਘਰਾਂ ਨੂੰ ਪ੍ਰਤੀ ਮਹੀਨਾ 1920-1920 ਰੁਪਏ ਬੂਟਿਆਂ ਦੀ ਸਾਂਭ-ਸੰਭਾਲ ਲਈ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਬੂਟਿਆਂ ਦੀ ਸੰਭਾਲ 5 ਸਾਲਾਂ ਤੱਕ ਕੀਤੀ ਜਾਵੇਗੀ।  ਡਾ. ਅਗਨੀਹੋਤਰੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਈ ਹਰਿਆਲੀ 550 ਮੋਬਾਈਲ ਐਪਲੀਕੇਸ਼ਨਾਂ ਲਾਂਚ ਕੀਤੀ ਗਈ ਹੈ ਤਾਂ ਜੋ ਸੂਬੇ ਦੇ ਲੋਕ ਆਪਣੀ ਨੇੜਲੀ ਨਰਸਰੀ ਤੋਂ ਆਨਲਾਈਨ ਮੁਫ਼ਤ ਬੂਟੇ ਪ੍ਰਾਪਤ ਕਰ ਸਕਣ। 


Related News