ਪੰਜਾਬ ਰੋਡਵੇਜ਼, ਪਨਬੱਸ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਅੱਡੇ ਦੇ ਬਾਹਰ ਸਡ਼ਕ ’ਤੇ ਜਾਮ ਕੀਤਾ

11/06/2018 2:46:43 AM

ਪੱਟੀ,  (ਸੌਰਭ, ਸੋਢੀ)-  ਬੱਸ ਅੱਡਾ ਪੱਟੀ ਦੇ ਬਾਹਰ ਸਡ਼ਕ ’ਤੇ ਨਾਜਾਇਜ਼ ਤੌਰ ’ਤੇ ਪਾਰਕ ਕੀਤੇ ਕਾਰਾਂ, ਮੋਟਰਸਾਈਕਲਾਂ, ਸਕੂਟਰਾਂ ਤੇ ਲੱਗੀਆਂ ਹੋਈਆਂ ਰੇਹਡ਼ੀਆਂ ਕਰਕੇ ਰੋਜ਼ਾਨਾ ਹੀ ਜਾਮ ਲੱਗ ਜਾਂਦਾ ਹੈ ਅਤੇ ਕਦੀ-ਕਦੀ ਕਾਰਾਂ ਤੇ ਬੱਸਾਂ ਦੀ ਟੱਕਰ ਵੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਅੱਜ ਦੁਪਹਿਰ 2 ਵਜੇ ਕਰੀਬ ਪਨਬੱਸ ਜੋ ਕਿ ਚੰਡੀਗਡ਼੍ਹ ਜਾਣ ਲਈ ਅੱਡੇ ਵਿਚ ਆ ਰਹੀ ਸੀ ਤਾਂ ਅੱਡੇ ਦੇ ਬਾਹਰ ਲੱਗੀ ਬ੍ਰੀਜ਼ਾ ਕਾਰ ਨਾਲ ਖਹਿ ਜਾਣ ਕਰਕੇ ਕਾਰ ਸਵਾਰ ਨੇ ਸਾਥੀਆਂ ਨਾਲ ਮਿਲ ਕੇ ਗੁੰਡਾਗਰਦੀ ਕੀਤੀ ਅਤੇ ਪਨਬੱਸ ਦੀ ਚਾਬੀ ਕੱਢ ਲਈ ਤੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਗੁੱਸੇ ਵਿਚ ਆ ਰੋਡਵੇਜ਼ ਵਰਕਰਾਂ ਨੇ ਬੱਸ ਅੱਡਾ ਬੰਦ ਕਰ ਦਿੱਤਾ ਤੇ ਪ੍ਰਸ਼ਾਸਨ ਤੇ ਪੁਲਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਵੀਰਮ ਜੰਡ, ਸਤਨਾਮ ਸਿੰਘ, ਸਲਵਿੰਦਰ ਸਿੰਘ ਆਦਿ ਹੋਰਨਾਂ ਨੇ ਦੱਸਿਆ ਕਿ ਰੋਜ਼ਾਨਾ ਹੀ ਅੱਡੇ ਦੇ ਬਾਹਰ ਜਾਮ ਲੱਗਾ ਰਹਿੰਦਾ ਹੈ, ਪਰ ਪ੍ਰਸ਼ਾਸਨ ਕੋਈ ਠੋਸ ਕਾਰਵਾਈ ਨਹੀਂ ਕਰਦਾ, ਜਿਸ ਕਰਕੇ ਰੋਜ਼ਾਨਾ ਹੀ ਪ੍ਰਾਈਵੇਟ ਤੇ ਰੋਡਵੇਜ਼ ਦੇ ਟਾਈਮ ਮਿਸ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਅੱਡੇ ਦੇ ਬਾਹਰ ਕਿਸੇ ਵਿਅਕਤੀ ਵੱਲੋਂ ਆਪਣੀ ਬ੍ਰੀਜ਼ਾ ਕਾਰ ਨੰ: ਪੀ. ਬੀ.-46. ਜ਼ੈੱਡ -3250 ਖਡ਼੍ਹੀ ਕਰਕੇ ਸਾਮਾਨ ਖਰੀਦਣ ਗਿਆ ਤਾਂ ਉਸ ਨਾਲ ਸਾਡੀ ਰੋਡਵੇਜ਼ ਦੀ ਬੱਸ ਨੰ: ਪੀ. ਬੀ.-02, ਡੀ. ਆਰ.-0376 ਨਾਲ ਟਕਰਾਅ ਜਾਣ ਕਰਕੇ ਉਸਨੇ ਆ ਕੇ ਸਾਡੀ ਬੱਸ ਦੀ ਚਾਬੀ ਕੱਢ ਲਈ ਤੇ ਮੌਕੇ ਤੋਂ ਫਰਾਰ ਹੋ ਗਿਆ। 
ਜਿਸ ਨਾਲ ਪਨਬੱਸ ਰੋਡਵੇਜ਼ ਸਮੇਤ ਕਈ ਬੱਸਾਂ ਦੇ ਟਾਈਮ ਮਿਸ ਹੋ ਗਏ। ਉਨ੍ਹਾਂ ਨੇ ਕਿਹਾ ਕਿ ਅਸੀਂ ਕਾਰ ਸਵਾਰ ਨੂੰ ਕਿਹਾ ਕਿ ਜੋ ਤੇਰਾ ਨੁਕਸਾਨ ਹੋ ਗਿਆ ਹੈ, ਉਹ ਅਸੀਂ ਠੀਕ ਕਰਵਾ ਦਿੰਦੇ ਹਾਂ। ਪਰ ਉਸਨੇ ਅੱਗੋਂ ਗਾਲੀ-ਗਲੋਚ ਕੀਤਾ ਤੇ ਆਪਣੇ ਵਿਅਕਤੀਆਂ ਨਾਲ ਸਾਡਾ ਲਡ਼ਾਈ ਝਗਡ਼ਾ ਸ਼ੁਰੂ ਕਰ ਦਿੱਤਾ। 
ਉਨ੍ਹਾਂ ਨੇ ਕਿਹਾ ਕਿ ਅਸੀਂ ਫਿਰ ਸਾਰੇ ਰੋਡਵੇਜ਼ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਗੁੱਸੇ ਵਿਚ ਆ ਕੇ ਜਾਮ ਲਗਾ ਦਿੱਤਾ ਅਤੇ ਪ੍ਰਸ਼ਾਸਨ ਨੂੰ ਕਾਰ ਸਵਾਰ ਤੇ ਉਸਦੇ ਸਾਥੀਆਂ ਖਿਲਾਫ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ। ਘਟਨਾ ਦੀ ਸੂਚਨਾ ਪੱਟੀ ਪੁਲਸ ਨੂੰ ਦੇ ਦਿੱਤੀ ਗਈ। ਪਰ ਖਬਰ ਲਿਖੇ ਜਾਣ ਤੱਕ ਜਾਮ ਜਾਰੀ ਰਿਹਾ ਤੇ ਕੋਈ  ਉਚ ਅਧਿਕਾਰੀ ਤੇ ਨਾ ਕੋਈ ਪੁਲਸ ਦਾ ਅਧਿਕਾਰੀ ਜਾਮ ਖੁਲ੍ਹਵਾ ਸਕਿਆ।


Related News