3 ਦਿਨਾਂ ਤੋਂ ਪਿੰਡ ਦੀ ਬੱਤੀ ਹੋਈ ਗੁਲ, ਜ਼ਿਆਦਾ ਲੋਡ ਕਾਰਨ ਬਿਜਲੀ ਸਪਲਾਈ ਨਾ ਆਉਣ ''ਤੇ ਲੋਕ ਪ੍ਰੇਸ਼ਾਨ
Saturday, Jul 20, 2024 - 09:07 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਖੇਤਰ ਦੇ ਪਿੰਡ ਵੱਡਾ ਤਲੂਰ ਦੇ ਇਲਾਕੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪਿੰਡ ਵਾਸੀ ਸੁਖਵਿੰਦਰ ਸਿੰਘ ,ਨੀਲਮ ਦੇਵੀ, ਸੰਸਾਰ ਚੰਦ, ਵਿਸ਼ਾਲ ਠਾਕੁਰ ਆਦਿ ਨੇ ਦੱਸਿਆ ਕਿ ਸਾਡੇ ਟਰਾਂਸਫਾਰਮਰ ’ਤੇ ਜ਼ਿਆਦਾ ਲੋਡ ਹੋਣ ਕਾਰਨ ਪਿੰਡ ਦੇ ਇਕ ਹਿੱਸੇ ਦੀ ਬਿਜਲੀ ਸਪਲਾਈ ਵਾਰ-ਵਾਰ ਬੰਦ ਹੋ ਜਾਂਦੀ ਹੈ, ਕਿਉਂਕਿ ਪਿੰਡ ਚ ਬਿਜਲੀ ਦਾ ਲੋਡ ਬਰਾਬਰ ਤਰੀਕੇ ਨਾਲ ਨਹੀਂ ਵੰਡਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਏ.ਸੀ. ਜ਼ਿਆਦਾ ਲੱਗਣ ਕਰਨ ਸਿਰਫ ਸਰਪੰਚ ਦੇ ਮੁਹੱਲੇ ਦੀ ਬਿਜਲੀ ਚੱਲ ਰਹੀ ਹੈ, ਜਦਕਿ ਬਾਕੀ ਪੂਰੇ ਪਿੰਡ ਦੀ ਬਿਜਲੀ ਪਿਛਲੇ ਤਿੰਨ ਦਿਨਾਂ ਤੋਂ ਬੰਦ ਹੈ।
ਇਸ ਦੇ ਨਾਲ ਹੀ ਸਰਪੰਚ ਵੱਲੋਂ ਉਨ੍ਹਾਂ ਦੇ ਮੁਹੱਲੇ ’ਚ ਨਵਾਂ ਟਰਾਂਸਫਾਰਮਰ ਲਗਾਉਣ ’ਚ ਅੜਿੱਕਾ ਡਾਹਿਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਇਲਾਕੇ ਦੇ ਕਈ ਘਰਾਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਬੰਦ ਹੈ, ਹਾਲਾਂਕਿ ਬਿਜਲੀ ਵਿਭਾਗ ਵੱਲੋਂ ਬਿਜਲੀ ਸਪਲਾਈ ਬਹਾਲ ਕਰਨ ਲਈ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਪਰ ਲੋਡ ਜ਼ਿਆਦਾ ਹੋਣ ਕਾਰਨ ਬਿਜਲੀ ਵਿਭਾਗ ਵੱਲੋਂ ਬਿਜਲੀ ਸਪਲਾਈ ਠੱਪ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ ਤੇ ਵਿਭਾਗ ਵੱਲੋਂ ਬਿਜਲੀ ਸਪਲਾਈ ਠੀਕ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਢਾਈ ਸਾਲਾ ਮਾਸੂਮ ਦਾ ਕਤਲ ਕਰ ਬਾਕਸ ਬੈੱਡ 'ਚ ਕਰ'ਤਾ ਸੀ ਬੰਦ, ਅਦਾਲਤ ਨੇ ਕਲਯੁਗੀ ਮਾਂ ਨੂੰ ਸੁਣਾਈ ਮਿਸਾਲੀ ਸਜ਼ਾ
ਪਰ ਮੁੱਖ ਸਮੱਸਿਆ ਇਹ ਹੈ ਕਿ ਬਿਜਲੀ ਦਾ ਲੋਡ ਜ਼ਿਆਦਾ ਹੋਣ ਕਾਰਨ ਸਪਲਾਈ ਵਾਰ-ਵਾਰ ਬੰਦ ਹੋ ਜਾਂਦੀ ਹੈ। ਲੋਕਾਂ ਵੱਲੋਂ ਵਿਭਾਗ ਨੂੰ ਵੱਖਰਾ ਟਰਾਂਸਫਾਰਮਰ ਲਗਾਉਣ ਲਈ ਕਿਹਾ ਗਿਆ ਸੀ, ਪਰ ਸਰਪੰਚ ਨੇ ਆਪਣੀ ਤਰਫੋਂ ਇਹ ਟਰਾਂਸਫਾਰਮਰ ਆਪਣੇ ਘਰ ਨੇੜੇ ਵਿੱਚ ਹੀ ਲਗਵਾ ਲਿਆ ਸੀ, ਜਦੋਂ ਕਿ ਬਿਜਲੀ ਦਾ ਟਰਾਂਸਫਾਰਮਰ ਨਾ ਹੋਣ ਕਾਰਨ ਇੱਕ ਹੀ ਟਰਾਂਸਫਾਰਮਰ ’ਤੇ ਕਾਫੀ ਲੋਡ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਗ੍ਰਾਮ ਪੰਚਾਇਤ ਦੇ ਸਰਪੰਚ ਨੂੰ ਵੀ ਜਾਣੂ ਕਰਵਾਇਆ ਸੀ, ਪਰ ਸਰਪੰਚ ਵੱਲੋਂ ਲੋਕਾਂ ਨੂੰ ਇਸ ਸਮੱਸਿਆ ਸਬੰਧੀ ਕੋਈ ਸਹਾਇਤਾ ਨਹੀਂ ਦਿੱਤੀ ਗਈ, ਜਿਸ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਦੇ ਚਲਦੇ ਲੋਕਾਂ ਵੱਲੋਂ ਚੌਂਕ 'ਚ ਇਕੱਠੇ ਹੋ ਕੇ ਪਿੰਡ ਦੇ ਸਰਪੰਚ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਜਾਂ ਤਾਂ ਪਿੰਡ ਵਿੱਚ ਇੱਕ ਹੋਰ ਟ੍ਰਾਂਸਫਾਰਮਰ ਲਗਾਇਆ ਜਾਵੇ ਅਤੇ ਜਦੋਂ ਤਕ ਨਹੀਂ ਲਗਦਾ ਉਦੋ ਤੱਕ ਪਿੰਡ ਦੀ ਸਪਲਾਈ ਦਾ ਲੋਡ ਦੋਨਾਂ ਟ੍ਰਾਂਸਫਾਰਮਰ 'ਤੇ ਬਰਾਬਰ ਵੰਡ ਕੇ ਦਿੱਤਾ ਜਾਵੇ ਤਾਂ ਕਿ ਪਿੰਡ ਨੂੰ ਪੂਰੀ ਬਿਜਲੀ ਸਪਲਾਈ ਮਿਲ ਸਕੇ।
ਦੂਜੇ ਪਾਸੇ ਇਸ ਸਬੰਧੀ ਪਿੰਡ ਦੇ ਸਰਪੰਚ ਅਜੇ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਟਰਾਂਸਫਾਰਮਰ ਲੱਗਣ ਵਿੱਚ ਅੜਿੱਕਾ ਨਹੀਂ ਪਾ ਰਿਹਾ, ਸਗੋਂ ਮੈਂ ਪਿੰਡ ਦੀ ਬਿਜਲੀ ਸਮੱਸਿਆ ਨੂੰ ਲੈ ਕੇ ਬਿਜਲੀ ਵਿਭਾਗ ਨੂੰ ਦੋ ਵਾਰ ਮਿਲ ਚੁੱਕਿਆ ਹਾਂ ਤਾਂ ਕਿ ਪਿੰਡ ਵਿੱਚ ਇੱਕ ਹੋਰ ਟਰਾਂਸਫਾਰਮਰ ਲੱਗ ਸਕੇ ਤੇ ਪਿੰਡ ਦੇ ਲੋਕਾਂ ਨੂੰ ਸੁਚਾਰੂ ਢੰਗ ਨਾਲ ਬਿਜਲੀ ਸਪਲਾਈ ਮਿਲ ਸਕੇ। ਇਸ ਸਬੰਧੀ ਜਦ ਸਬੰਧਿਤ ਵਿਭਾਗ ਦੇ ਐੱਸ.ਡੀ.ਓ. ਇੰਜੀਨੀਅਰ ਬੋਧ ਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਭਾਗ ਵੱਲੋਂ ਪਿਛਲੇ ਦੋ ਦਿਨ ਤੋਂ ਲਗਾਤਾਰ ਕੰਮ ਕੀਤਾ ਜਾ ਰਿਹਾ। ਪਰੰਤੂ ਪਿੰਡ ਵਿੱਚ ਇੱਕਦਮ ਲੋਡ ਜ਼ਿਆਦਾ ਹੋ ਗਿਆ ਹੈ , ਜਿਸ ਕਾਰਨ ਸਪਲਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ। ਬਾਕੀ ਇਸ ਦੇ ਸੁਧਾਰ ਲਈ ਵਿਭਾਗ ਵੱਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਭਾਸ਼ਣ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਿਹਾ 'Aliens', ਬੋਲੇ- ''ਉਹ ਖਾ ਜਾਣਗੇ ਤੁਹਾਨੂੰ''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e