ਸਰਹੱਦੀ ਖੇਤਰ ਦਾ ਬਿਜਲੀ ਘਰ ਬਾਰਿਸ਼ ਨਾਲ ਹੋਇਆ ਜਲ-ਥਲ, 135 ਪਿੰਡਾਂ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ
Tuesday, Jul 23, 2024 - 04:52 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਬੀਤੀ ਰਾਤ ਹੋਈ ਹਲਕੀ ਬਾਰਿਸ਼ ਤੋਂ ਬਾਅਦ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਵਿਖੇ ਸਥਿਤ 66 ਕੇ. ਵੀ. ਬਿਜਲੀ ਘਰ ਜਲ-ਥਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਹ 66 ਕੇ. ਵੀ. ਬਿਜਲੀ ਘਰ ਇਲਾਕੇ ਦੇ 135 ਪਿੰਡਾਂ ਨੂੰ ਬਿਜਲੀ ਸਪਲਾਈ ਕਰਦਾ ਹੈ। ਪਰ ਇਸ ਬਿਜਲੀ ਘਰ ਦੀ ਇਮਾਰਤ ਬੇਹੱਦ ਪੁਰਾਣੀ ਹੋਣ ਕਾਰਨ ਅਤੇ ਬਿਜਲੀ ਘਰ ਦੇ ਅੱਗੇ ਲਿੰਕ ਰੋਡ ਉੱਚਾ ਬਣਾਉਣ ਕਾਰਨ ਸਥਿਤੀ ਹੋਰ ਖ਼ਸਤਾ ਹੋ ਚੁੱਕੀ ਹੈ । ਜਿਸ ਦੇ ਚਲਦੇ ਹਲਕੀ ਜਿਹੀ ਬਾਰਿਸ਼ ਹੋਣ 'ਤੇ ਇਹ ਬਿਜਲੀ ਘਰ ਇੱਕ ਤਲਾਬ ਵਿੱਚ ਤਬਦੀਲ ਹੋ ਜਾਂਦਾ ਹੈ ਅਤੇ 135 ਪਿੰਡਾਂ ਦੀ ਬਿਜਲੀ ਸਪਲਾਈ ਠੱਪ ਕਰਨੀ ਪੈਂਦੀ ਹੈ ।
ਇਹ ਵੀ ਪੜ੍ਹੋ- ਕੇਂਦਰੀ ਬਜਟ 'ਤੇ ਬੋਲੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕਿਹਾ- ਪੰਜਾਬ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ
ਦਰਅਸਲ ਕੁਝ ਸਾਲ ਪਹਿਲਾਂ ਇਸ ਬਿਜਲੀ ਘਰ ਦੇ ਸਾਹਮਣੇ ਵਿਭਾਗ ਵੱਲੋਂ ਇੱਕ ਸੜਕ ਦਾ ਨਿਰਮਾਣ ਕੀਤਾ ਗਿਆ ਸੀ ਜੋ ਕਿ ਬਿਜਲੀ ਵਿਭਾਗ ਦੀ ਜ਼ਮੀਨ ਤੋਂ ਕਾਫੀ ਉਚਾਈ 'ਤੇ ਬਣਾਇਆ ਗਿਆ ਸੀ। ਜਿਸਦੇ ਚਲਦੇ ਇਸ ਬਿਜਲੀ ਘਰ 'ਚ ਪਿਛਲੇ ਖੇਤਾਂ ਤੋਂ ਆਉਣ ਵਾਲਾ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਅੱਗੇ ਨਿਕਾਸੀ ਨਾ ਹੋਣ ਕਰਕੇ ਇਹ ਪਾਣੀ ਹੌਲੀ-ਹੌਲੀ ਇਸ ਬਿਜਲੀ ਘਰ ਦੀ ਇਮਾਰਤ ਦੇ ਅੰਦਰ ਚਲਾ ਜਾਂਦਾ ਹੈ ।ਦੱਸ ਦਈਏ ਕਿ ਇਹ ਪਾਣੀ ਕਈ ਦਿਨਾਂ ਤੱਕ ਬਿਜਲੀ ਘਰ 'ਚ ਰੁਕਿਆ ਰਹਿੰਦਾ ਹੈ । ਜਿਸ ਦੇ ਚਲਦੇ ਜਿੱਥੇ ਬਿਜਲੀ ਘਰ ਦੀ ਇਮਾਰਤ ਨੂੰ ਖਤਰਾ ਹੈ ਉਥੇ ਹੀ ਬਿਜਲੀ ਸਪਲਾਈ ਹੋਣ ਕਾਰਨ ਕਿਸੇ ਵੀ ਜਾਨੀ ਨੁਕਸਾਨ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ- ਸਮੁੰਦਰੀ ਜਹਾਜ਼ ਡੁੱਬਣ ਕਾਰਨ 22 ਸਾਲਾ ਨੌਜਵਾਨ ਲਾਪਤਾ, ਪਰਿਵਾਰ ਦਾ ਇਕਲੌਤਾ ਸਹਾਰਾ ਹੈ ਦੀਪਕ
ਜਦੋਂ ਇਸ ਮੌਕੇ ਵਿਭਾਗ ਦੇ ਐੱਸ. ਡੀ. ਓ. ਬੋਧਰਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਘਰ ਦੀ ਇਮਾਰਤ ਲਗਭਗ ਛੇ ਦਹਾਕੇ ਪੁਰਾਣੀ ਹੋ ਚੁੱਕੀ ਹੈ । ਦੂਸਰਾ ਇਮਾਰਤ ਦੇ ਚਾਰੇ ਪਾਸੇ ਚਾਰ-ਚਾਰ ਫੁੱਟ ਤੱਕ ਪਾਣੀ ਇਕੱਠਾ ਹੋ ਜਾਂਦਾ ਹੈ । ਜਿਸਦੇ ਚਲਦੇ ਮਜ਼ਬੂਰਨ ਪਾਵਰ ਸਪਲਾਈ ਬੰਦ ਕਰਨੀ ਪੈਂਦੀ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਬਹੁਤ ਵਾਰ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜ ਚੁੱਕੇ ਹਾਂ ਪਰ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਨਾ ਹੀ ਵਿਭਾਗ ਨੂੰ ਨਵੀਂ ਇਮਾਰਤ ਬਣਾ ਕੇ ਦਿੱਤੀ ਜਾ ਰਹੀ ਹੈ ।ਜਿਸ ਦੇ ਚਲਦੇ ਲੋਕਾਂ ਦੇ ਨਾਲ-ਨਾਲ ਅੰਦਰ ਕੰਮ ਕਰ ਰਹੇ ਸਟਾਫ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਓਮਾਨ 'ਚ ਸਮੁੰਦਰੀ ਜਹਾਜ਼ ਦਾ ਹਾਦਸਾਗ੍ਰਸਤ ਹੋਣ ਦਾ ਮਾਮਲਾ, ਲਾਪਤਾ 6 ਕਰੂ ਮੈਂਬਰਾਂ 'ਚੋਂ 4 ਦੱਸੇ ਜਾ ਰਹੇ ਭਾਰਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8