ਗੁਰਦਾਸਪੁਰ ਵਿਖੇ ਗਰੀਬ ਵਿਧਵਾ ਔਰਤ ਤੇ ਨਾਬਾਲਗ ਧੀ ਹਨੇਰੀਆਂ ਰਾਤਾਂ ਕੱਟਣ ਲਈ ਮਜ਼ਬੂਰ

Friday, Feb 17, 2023 - 05:41 PM (IST)

ਗੁਰਦਾਸਪੁਰ ਵਿਖੇ ਗਰੀਬ ਵਿਧਵਾ ਔਰਤ ਤੇ ਨਾਬਾਲਗ ਧੀ ਹਨੇਰੀਆਂ ਰਾਤਾਂ ਕੱਟਣ ਲਈ ਮਜ਼ਬੂਰ

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਪੰਜਾਬ 'ਚ ਘਰਾਂ ਵਿਚ ਵਰਤੀ ਜਾਣ ਵਾਲੀ ਬਿਜਲੀ ਦੇ ਬਿੱਲ ਮੁਆਫ਼ ਹਨ। ਮੋਟੀਆਂ ਰਕਮਾਂ ਦੇ ਬਿੱਲ ਤਾਰਨ ਵਾਲੇ ਲੋਕ ਵੀ ਇਸ ਮੌਕੇ ਮੁਫ਼ਤ ਦੀ ਬਿਜਲੀ ਦਾ ਆਨੰਦ ਮਾਣ ਰਹੇ ਹਨ, ਪਰ ਦੂਸਰੇ ਪਾਸੇ ਸਮਾਜ 'ਚ ਅੱਤ ਦੀ ਗ਼ਰੀਬੀ ਨਾਲ ਜੂਝਦੇ ਪਰਿਵਾਰ ਵੀ ਹਨ, ਜੋ ਆਪਣੀ ਆਰਥਕ ਤੰਗੀ ਦੇ ਚਲਦਿਆਂ ਬਿਜਲੀ ਵਿਭਾਗ ਵੱਲੋਂ ਹੋਇਆ ਜੁਰਮਾਨਾ ਅਦਾ ਕਰਨ ਤੋਂ ਅਸਮਰਥ ਹੋਣ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਬਿਜਲੀ ਨਾ ਮਿਲਣ ਕਾਰਨ ਹਨੇਰੀਆਂ ਰਾਤਾਂ ਕੱਟਣ ਲਈ ਮਜ਼ਬੂਰ ਹਨ। ਅਜਿਹਾ ਹੀ ਇਕ ਮਾਮਲਾ ਬਲਾਕ ਕਾਹਨੂੰਵਾਨ ਦੇ ਪਿੰਡ ਸੂਚ ਵਿਚ ਸਾਹਮਣੇ ਆਇਆ ਹੈ, ਜਿੱਥੇ ਨਾਬਾਲਿਗ ਧੀ ਨਾਲ ਰਹਿੰਦੀ ਗਰੀਬ ਨਿਰਮਲ ਕੌਰ ਵਿਧਵਾ ਦੇ ਘਰ ਦੀ ਬਿਜਲੀ ਦਾ ਕੁਨੈਕਸ਼ਨ ਪਿਛਲੇ 2 ਮਹੀਨੇ ਦੇ ਕਰੀਬ ਸਮੇਂ ਤੋਂ ਕੱਟਿਆ ਹੋਇਆ ਹੈ। 

ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸਕੂਲ ਵੈਨ ਤੇ ਮੋਟਰ ਸਾਈਕਲ ਵਿਚਾਲੇ ਭਿਆਨਕ ਟੱਕਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਇਸ ਮਾਮਲੇ 'ਚ ਨਿਰਮਲ ਕੌਰ ਨੇ ਦੱਸਿਆ ਕਿ ਦਸੰਬਰ ਮਹੀਨੇ ਤੋਂ ਉਨ੍ਹਾਂ ਦੇ ਘਰ ਦੀ ਬਿਜਲੀ ਦਾ ਕੁਨੈਕਸ਼ਨ ਕੱਟਿਆ ਹੋਇਆ ਹੈ। ਜਿਸ ਕਾਰਨ ਨਿਰਮਲ ਕੌਰ ਅਤੇ ਉਸ ਦੀ ਬਾਰ੍ਹਵੀਂ 'ਚ ਪੜ੍ਹਦੀ ਧੀ ਕਮਲਪ੍ਰੀਤ ਕੌਰ ਹਨੇਰੇ 'ਚ ਰਹਿਣ ਲਈ ਮਜ਼ਬੂਰ ਹਨ। ਉਨ੍ਹਾਂ ਦੋਵਾਂ ਮਾਂ ਅਤੇ ਧੀ ਨੇ ਦੱਸਿਆ ਕਿ ਬਿਜਲੀ ਨਾਂ ਹੋਣ ਕਾਰਨ ਉਨ੍ਹਾਂ ਦੇ ਘਰ ਵਿਚ ਵਰਤੇ ਜਾਣ ਵਾਲੇ ਪਾਣੀ ਵਾਲੀ ਸਮਰਸੀਬਲ ਪੰਪ ਦੇ ਬੰਦ ਹੋ ਜਾਣ ਕਾਰਨ ਉਨ੍ਹਾਂ ਨੂੰ ਪਾਣੀ ਵੀ ਗੁਆਂਢੀਆਂ ਦੇ ਘਰ ਤੋਂ ਭਰਕੇ ਲਿਆਉਣਾ ਪੈਂਦਾ ਹੈ। ਧੀ ਕਮਲਪ੍ਰੀਤ ਕੌਰ ਨੇ ਦੱਸਿਆ ਕਿ ਹੁਣ ਜਦੋਂ ਉਸ ਦੇ ਇਮਤਿਹਾਨ ਸਿਰ 'ਤੇ ਹਨ ਤਾਂ ਉਸ ਨੂੰ ਰਾਤ ਸਮੇਂ ਪੜ੍ਹਨ ਲਈ ਲੋੜੀਂਦੀ ਰੋਸ਼ਨੀ ਨਹੀਂ ਮਿਲ ਰਹੀ ਹੈ। ਉਸ ਨੇ ਕਿਹਾ ਕਿ ਉਹ ਦੀਵੇ ਦੀ ਲੋਅ ਜਾਂ ਘਰ 'ਚ ਰੱਖੀ ਹੋਈ ਟਾਰਚ ਦੀ ਮਦਦ ਨਾਲ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਪਾ ਰਹੀ ਹੈ।

 ਗਰੀਬ ਪਰਿਵਾਰ ਦੀ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਲੱਗਿਆ ਹੋਇਆ ਬਿਜਲੀ ਦਾ ਮੀਟਰ ਨੇੜਲੇ ਪਿੰਡ ਬੇਰੀ ਦੇ ਇਕ ਵਿਅਕਤੀ ਦੇ ਨਾਮ ਉਤੇ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ। ਉਸ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸਨੇ ਇਹ ਨਵਾਂ ਘਰ ਬਣਾਇਆ ਸੀ ਅਤੇ ਇਥੇ ਵੀ ਪਾਵਰਕਾਮ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਉਹੋ ਹੀ ਮੀਟਰ ਚਾਲੂ ਕਰ ਦਿੱਤਾ ਗਿਆ ਸੀ ਅਤੇ ਮੁੜ ਬੀਤੇ ਮਹੀਨੇ ਉਸ ਨੂੰ ਜੁਰਮਾਨਾ ਲੱਗ ਆ ਗਿਆ ਜੋ ਉਹ ਦੇਣ 'ਚ ਅਸਮਰੱਥ ਹਨ। ਕਈ ਵਾਰ ਬਿਜਲੀ ਵਿਭਾਗ ਅਧਿਕਾਰੀਆਂ ਨੂੰ ਗੁਹਾਰ ਲਗਾ ਚੁਕੇ ਹਨ ਪਰ ਉਨ੍ਹਾਂ ਦੀ ਕੋਈ ਨਹੀਂ ਸੁਣ ਰਿਹਾ।

ਇਹ ਵੀ ਪੜ੍ਹੋ- ਤਰਨਤਾਰਨ 'ਚ ਸ਼ਰੇਆਮ ਕੁੜੀ ਨੂੰ ਘਰੋਂ ਅਗਵਾ ਕਰਕੇ ਲੈ ਗਏ ਤਿੰਨ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਇਸ ਸਬੰਧੀ ਜਦੋਂ ਪਾਵਰਕਾਮ ਹਰਚੋਵਾਲ ਸਬ ਡਵੀਜ਼ਨ ਦੇ ਐੱਸ. ਡੀ. ਓ ਗੁਰਮੀਤ ਸਿੰਘ ਗੁਰਾਇਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੀਡੀਆ ਵਾਲਿਆਂ ਵੱਲੋਂ ਧਿਆਨ ਵਿਚ ਲਿਆਉਣ ਤੇ ਹੀ ਉਨ੍ਹਾਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦਾ ਮੀਟਰ ਪੁਰਾਣਾ ਜੁਰਮਾਨਾ ਅਦਾ ਨਾ ਕਰਨ ਕਰਕੇ ਕੱਟਿਆ ਗਿਆ ਹੈ। ਇਸ ਸਬੰਧੀ ਜਦੋਂ ਵਿਭਾਗ ਦੇ ਜੇ. ਈ ਜਗਦੀਸ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਉਨ੍ਹਾਂ ਨੂੰ ਨਿਰਮਲ ਕੌਰ ਦਾ ਬਿਜਲੀ ਕੁਨੈਕਸ਼ਨ ਅਗਲੇ ਹੁਕਮਾਂ ਤੱਕ ਕੱਟਣ ਦਾ ਹੁਕਮ ਕੀਤਾ ਸੀ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕੇ ਇਹ ਮੀਟਰ ਕਿਸੇ ਹੋਰ ਵਿਅਕਤੀ ਦੇ ਨਾਮ 'ਤੇ ਚਲਦਾ ਹੈ ਤਾਂ ਫਿਰ ਇਸ ਮੀਟਰ ਦੀ ਪੜਤਾਲ ਕਿਉਂ ਨਹੀਂ ਕੀਤੀ ਗਈ ਅਤੇ ਜੁਰਮਾਨਾਂ ਨਿਰਮਲ ਕੌਰ ਨੂੰ ਕਿਉਂ ਪਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਇਸ ਡਵੀਜ਼ਨ 'ਚ ਆਉਣ ਤੋਂ ਪਹਿਲਾਂ ਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News