ਪਲਾਸਟਿਕ ਫੈਕਟਰੀ 'ਚ ਪਿਉ-ਪੁੱਤ ਵੱਲੋਂ ਗੁੰਡਾਗਰਦੀ
Friday, Dec 06, 2019 - 10:37 AM (IST)

ਅੰਮ੍ਰਿਤਸਰ (ਸੰਜੀਵ): ਤਰਨਤਾਰਨ ਰੋਡ 'ਤੇ ਸਥਿਤ ਕੋਟ ਮਿੱਤ ਸਿੰਘ ਖੇਤਰ 'ਚ ਬੁੱਧਵਾਰ ਰਾਤ ਉਥੋਂ ਦੇ ਹੀ ਰਹਿਣ ਵਾਲੇ ਪਿਉ-ਪੁੱਤ ਨੇ ਪਲਾਸਟਿਕ ਫੈਕਟਰੀ 'ਚ ਗੁੰਡਾਗਰਦੀ ਦਾ ਨੰਗਾ-ਨਾਚ ਕੀਤਾ। ਹਥਿਆਰਾਂ ਨਾਲ ਲੈਸ ਦੋਵਾਂ ਮੁਲਜ਼ਮਾਂ ਨੇ ਪਹਿਲਾਂ ਤਾਂ ਫੈਕਟਰੀ ਮਾਲਕ ਦੇ ਕਮਰੇ ਦੀ ਜੰਮ ਕੇ ਭੰਨ-ਤੋੜ ਕੀਤੀ ਅਤੇ ਫਿਰ ਉਥੇ ਕੰਮ ਕਰ ਰਹੀ ਲੇਬਰ ਨੂੰ ਭਜਾ-ਭਜਾ ਕੇ ਕੁੱਟਿਆ। ਪਿਉ-ਪੁੱਤ ਦੀ ਪਛਾਣ ਜਰਨੈਲ ਸਿੰਘ ਅਤੇ ਸਾਹਿਲਪ੍ਰੀਤ ਸਿੰਘ ਵਜੋਂ ਹੋਈ, ਜਿਨ੍ਹਾਂ ਦੀ ਫੈਕਟਰੀ ਮਾਲਕ ਨਾਲ ਕੁਝ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਫੈਕਟਰੀ 'ਚ ਭੰਨ-ਤੋੜ ਕਰਨ ਤੋਂ ਬਾਅਦ ਦੋਵੇਂ ਮੁਲਜ਼ਮ ਬਾਹਰ ਨਿਕਲੇ ਅਤੇ ਉਥੇ ਖੜ੍ਹੇ ਇਕ ਆਟੋ ਨੂੰ ਵੀ ਪੂਰੀ ਤਰ੍ਹਾਂ ਭੰਨ ਦਿੱਤਾ।
ਗੁੰਡਾਗਰਦੀ ਦੀ ਇਹ ਵਾਰਦਾਤ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ, ਜਿਵੇਂ ਹੀ ਫੈਕਟਰੀ ਮਾਲਕ ਗੌਰਵ ਨੂੰ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ, ਜਿਸ 'ਤੇ ਚੌਕੀ ਕੋਟ ਮਿੱਤ ਸਿੰਘ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਕੀ ਕਹਿਣਾ ਹੈ ਫੈਕਟਰੀ ਮਾਲਕ ਦਾ- ਕੋਟ ਮਿੱਤ ਸਿੰਘ 'ਚ ਸਥਿਤ ਗੁਰੂ ਕ੍ਰਿਪਾ ਪਲਾਸਟਿਕ ਫੈਕਟਰੀ ਦੇ ਮਾਲਕ ਗੌਰਵ ਨੇ ਦੱਸਿਆ ਕਿ ਪਿਛਲੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਫੈਕਟਰੀ ਤੋਂ ਘਰ ਆ ਗਿਆ ਸੀ, ਜਦੋਂ ਕਿ ਕਰਮਚਾਰੀ ਕੰਮ ਕਰ ਰਹੇ ਸਨ। ਦੇਰ ਰਾਤ ਦੋਵੇਂ ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਫੈਕਟਰੀ 'ਚ ਦਾਖਲ ਹੋਏ ਅਤੇ ਉਸ ਦੇ ਦਫਤਰ ਦੀ ਭੰਨ-ਤੋੜ ਕਰਨ ਲੱਗੇ। ਹਮਲਾਵਰਾਂ ਨੇ ਕੰਮ ਕਰ ਰਹੀ ਲੇਬਰ ਨਾਲ ਵੀ ਕੁੱਟ-ਮਾਰ ਕੀਤੀ ਅਤੇ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ। ਫੈਕਟਰੀ ਦੀ ਛੱਤ 'ਤੇ ਰਹਿੰਦੀ ਇਕ ਔਰਤ ਨੂੰ ਵੀ ਮੁਲਜ਼ਮਾਂ ਨੇ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਘਸੀਟਿਆ। ਗੁੰਡਾਗਰਦੀ ਦਾ ਇਹ ਨੰਗਾ-ਨਾਚ ਕਰੀਬ 40 ਮਿੰਟ ਚੱਲਿਆ। ਦੋਵਾਂ ਪਿਉ-ਪੁੱਤ ਨੇ ਉਨ੍ਹਾਂ ਦੀ ਫੈਕਟਰੀ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ, ਜਿਸ ਤੋਂ ਡਰੀ ਲੇਬਰ ਆਪਣਾ ਕੰਮ ਛੱਡ ਕੇ ਭੱਜ ਗਈ।
ਇਹ ਸੀ ਰੰਜਿਸ਼- ਕੁਝ ਸਮਾਂ ਪਹਿਲਾਂ ਹਮਲਾਵਰ ਜਰਨੈਲ ਸਿੰਘ ਅਤੇ ਫੈਕਟਰੀ ਮਾਲਕ 'ਚ ਪਾਣੀ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਦੋਵਾਂ 'ਚ ਸਮਝੌਤਾ ਹੋ ਗਿਆ ਸੀ ਪਰ ਜਰਨੈਲ ਸਿੰਘ ਤੇ ਉਸ ਦੇ ਬੇਟੇ ਨੇ ਇਸ ਤਹਿਤ ਪਿਛਲੀ ਦੇਰ ਰਾਤ ਫਿਰ ਹਮਲਾ ਕਰ ਦਿੱਤਾ।
ਕੀ ਕਹਿਣਾ ਹੈ ਪੁਲਸ ਦਾ- ਮਾਮਲੇ ਦੀ ਜਾਂਚ ਕਰ ਰਹੇ ਚੌਕੀ ਕੋਟ ਮਿੱਤ ਸਿੰਘ ਦੇ ਇੰਚਾਰਜ ਏ. ਐੱਸ. ਆਈ. ਜੋਗਿੰਦਰ ਸਿੰਘ ਪਰਮਾਰ ਦਾ ਕਹਿਣਾ ਹੈ ਕਿ ਹਮਲਾਵਰ ਪਿਉ-ਪੁੱਤ 'ਤੇ ਕੇਸ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।