ਥਾਣਾ ਝਬਾਲ ਵਿਖੇ ਦਰਜ ਕੀਤਾ ਧੋਖਾਦੇਹੀ ਦੇ ਦੋਸ਼ਾਂ ਦਾ ਮਾਮਲਾ ਝੂਠਾ ਅਤੇ ਸਿਆਸੀ ਰੰਜਿਸ਼ ਤੋਂ ਪ੍ਰੇਰਿਤ : ਲਖਵਿੰਦਰ

10/17/2018 12:28:02 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਮੇਰੇ 'ਤੇ ਥਾਣਾ ਝਬਾਲ ਵਿਖੇ ਦਰਜ ਕੀਤਾ ਗਿਆ ਧੋਖਾਦੇਹੀ ਦੇ ਦੋਸ਼ਾਂ ਦਾ ਮਾਮਲਾ ਝੂਠਾ ਅਤੇ ਸਿਆਸੀ ਰੰਜਿਸ਼ ਤੋਂ ਪ੍ਰੇਰਿਤ ਹੈ। ਇਸ ਗੱਲ ਦਾ ਪ੍ਰਗਟਾਵਾ ਸਬ ਤਹਿਸੀਲ ਝਬਾਲ ਵਿਖੇ ਤਾਇਨਾਤ ਪਟਵਾਰੀ ਲਖਵਿੰਦਰ ਸਿੰਘ ਨੇ ਆਪਣੇ ਆਪ ਨੂੰ ਬੇਦੋਸ਼ਾ ਹੋਣ ਦੇ ਦਸਤਵੇਜ਼ ਪੱਤਰਕਾਰਾਂ ਨੂੰ ਵਿਖਾਂਉਦਿਆਂ ਹੋਇਆ ਕੀਤਾ। ਉਨ੍ਹਾਂ ਦੱਸਿਆ ਕਿ ਥਾਣਾ ਝਬਾਲ ਵਿਖੇ ਪਿੱਛਲੇ ਦਿਨੀਂ ਦਰਜ ਕੀਤੀ ਐੱਫ.ਆਰ.ਆਈ. ਨੰਬਰ-128 'ਚ ਉਸ ਦਾ ਨਾਂ ਕਥਿਤ ਸਿਆਸੀ ਲੋਕਾਂ ਵੱਲੋਂ ਸ਼ਾਮਲ ਕਰਾਇਆ ਗਿਆ ਹੈ, ਜੋ ਲੋਕ ਉਸ ਨਾਲ ਨਿੱਜੀ ਰੱਖਦੇ ਸਨ। ਉਕਤ ਲੋਕਾਂ ਨੇ ਉਸ ਨੂੰ ਕਈ ਵਾਰ ਝੂਠੇ ਕੇਸ 'ਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਸਨ। 

ਜਾਣਕਾਰੀ ਦਿੰਦਿਆਂ ਪਟਵਾਰੀ ਲਖਵਿੰਦਰ ਨੇ ਦੱਸਿਆ ਕਿ ਉਹ ਇਸ ਸਮੇਂ ਪਟਵਾਰ ਹਲਕਾ-209 ਪਿੰਡ ਪੱਧਰੀ ਵਿਖੇ ਤਾਇਨਾਤ ਹੈ। ਉਸ ਨੂੰ ਪਟਵਾਰ ਹਲਕਾ-194 ਗੱਗੋਬੂਆ ਦਾ 1 ਸਤੰਬਰ 2017 ਤੋਂ ਇਸ ਕਰਕੇ ਵਿਭਾਗ ਵੱਲੋਂ ਵਾਧੂ ਚਾਰਜ ਦਿੱਤਾ ਗਿਆ ਹੈ, ਕਿਉਂਕਿ ਉਕਤ ਪਟਵਾਰ ਹਲਕੇ ਵਿਖੇ ਤਾਇਨਾਤ ਪਟਵਾਰੀ ਸੇਵਾਮੁਕਤ ਹੋ ਚੁੱਕਾ ਹੈ। ਲਖਵਿੰਦਰ ਨੇ ਦੱਸਿਆ ਕਿ ਦਰਜ ਕੇਸ 'ਚ ਐੱਸ.ਪੀ. (ਡੀ) ਵੱਲੋਂ ਕੀਤੀ ਗਈ ਪੜਤਾਲ 'ਚ ਹਲਕਾ ਗੱਗੋਬੂਆ ਦੇ ਉਸ ਸਮੇਂ ਦੇ ਪਟਵਾਰੀ ਵੱਲੋਂ 30 ਜਨਵਰੀ 2017 ਅਤੇ 6 ਫਰਵਰੀ 2017 ਦਾ ਹਵਾਲਾ ਦਿੰਦਿਆਂ ਦੋਸ਼ੀ ਕਿਸਾਨਾਂ ਨਾਲ ਮਿਲ ਕੇ ਗਲਤ ਫਰਦਾਂ ਤਿਆਰ ਕਰਕੇ ਬੈਂਕ ਤੋਂ ਕਰਜ਼ ਲੈਣ ਲਈ ਦੀ ਗੱਲ ਕਹੀ  ਹੈ ਪਰ ਉਸ ਵੱਲੋਂ 7 ਮਹੀਨੇ ਬਾਅਦ ਪਟਵਾਰ ਹਲਕੇ ਦਾ ਵਾਧੂ ਚਾਰਜ ਲਿਆ ਗਿਆ ਹੈ। ਇਸੇ ਕਰਕੇ ਦਰਜ ਕੀਤੇ ਉਕਤ ਮਾਮਲੇ ਦੀ ਮੁੜ ਜਾਂਚ ਕਰਨ ਦੀ ਮੰਗ ਕੀਤੀ ਹੈ।  

ਕੀ ਹੈ ਮਾਮਲਾ
ਅੱਡਾ ਝਬਾਲ ਦੇ ਵਸਨੀਕ ਕਿਸਾਨ ਤਾਰਾ ਸਿੰਘ ਪੁੱਤਰ ਗੁਰਮੁੱਖ ਸਿੰਘ ਨੇ 19 ਅਪ੍ਰੈਲ 2018 ਨੂੰ ਸ਼ਿਕਾਇਤ ਦਰਜ ਕਰਵਾ ਕੇ ਐੱਸ.ਐੱਸ.ਪੀ. ਤਰਨਤਾਰਨ ਤੋਂ ਮੰਗ ਕੀਤੀ ਸੀ ਕਿ ਬਲਵੰਤ ਸਿੰਘ, ਸੁਖਵੰਤ ਸਿੰਘ ਅਤੇ ਜਸਵੰਤ ਸਿੰਘ ਪੁਤਰਾਨ ਹਰਬੰਸ ਸਿੰਘ ਨੇ 18 ਲੱਖ ਰੁਪਏ 'ਚ ਆਪਣੀ 47 ਕਨਾਲ 3 ਮਰਲੇ ਜ਼ਮੀਨ ਉਸ ਕੋਲ ਗਿਰਵੀ ਰੱਖੀ ਹੋਈ ਹੈ, ਜਿਸ ਦੀਆਂ ਮਾਲ ਵਿਭਾਗ 'ਚ ਗਿਰਦਾਵਰੀਆਂ ਅਤੇ ਇੰਤਕਾਲ ਉਸ ਦੇ ਨਾਂ 'ਤੇ ਦਰਜ ਹੈ। ਕਿਸਾਨ ਤਾਰਾ ਸਿੰਘ ਨੇ ਦੋਸ਼ ਲਾਇਆ ਹੈ ਕਿ ਉਕਤ ਕਿਸਾਨ ਭਰਾਵਾਂ ਵੱਲੋਂ ਉਸ ਕੋਲ ਪਹਿਲਾਂ ਤੋਂ ਗਹਿਣੇ ਪਈ ਜ਼ਮੀਨ ਨੂੰ ਮਾਲ ਵਿਭਾਗ ਦੇ ਪਟਵਾਰੀ ਅਤੇ ਰਜਿਸਟਰਾਰ ਸਮੇਤ ਇਕ ਨਿੱਜੀ ਬੈਂਕ ਦੇ ਮੈਨੇਜਰ ਨਾਲ ਮਿਲੀਭੁਗਤ ਕਰਦਿਆਂ ਮੁੜ ਉਕਤ ਬੈਂਕ ਦੇ ਕੋਲ ਗਿਰਵੀ ਰੱਖ ਕੇ ਲੱਖਾਂ ਰੁਪਏ ਲੈ ਲਏ ਗਏ ਹਨ। ਇਸ ਸ਼ਿਕਾਇਤ ਦੀ ਐੱਸ.ਪੀ. (ਡੀ) ਤਰਨਤਾਰਨ ਵੱਲੋਂ ਕੀਤੀ ਗਈ ਪੜਤਾਲ ਉਪਰੰਤ ਉਕਤ ਕਿਸਾਨਾਂ, ਪਟਵਾਰੀ ਅਤੇ ਸਬ ਰਜਿਸਟਰਾਰ ਝਬਾਲ ਵਿਰੋਧ ਧੋਖਾਦੇਹੀ ਤਹਿਤ ਕੇਸ ਦਰਜ ਕਰਨ ਦੇ ਦਿੱਤੇ ਗਏ ਹੁਕਮਾਂ ਉਪਰੰਤ ਥਾਣਾ ਝਬਾਲ ਵਿਖੇ ਮਿਤੀ 14 ਅਕਤੂਬਰ ਨੂੰ ਐੱਫ.ਆਈ.ਆਰ. 128 ਦਰਜ ਕੀਤੀ ਗਈ ਹੈ। 

ਦਰਜ ਕੇਸ ਨੂੰ ਮਾਣਯੋਗ ਅਦਾਲਤ 'ਚ ਦੇਵਾਂਗਾ ਚੁਣੌਤੀ : ਸੇਵਾ ਰਾਮ 
ਇਸ ਮਾਮਲੇ 'ਚ ਨਾਮਜ਼ਦ ਉਸ ਸਮੇਂ ਦੇ ਸਬ ਰਜਿਸਟਰਾਰ ਸੇਵਾ ਰਾਮ (ਜੋ ਸੇਵਾਮੁਕਤ ਹੋ ਚੁੱਕੇ ਹਨ) ਨੇ ਦਰਜ ਕੇਸ ਦੀ ਮੁੜ ਪੜਤਾਲ ਕਰਨ ਦੀ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਬ ਰਜਿਸਟਰਾਰ ਵੱਲੋਂ ਇਹ ਤਸ਼ਦੀਕ ਨਹੀਂ ਕੀਤਾ ਜਾਂਦਾ ਕਿ ਜਿਸ ਜ਼ਮੀਨ 'ਤੇ ਸਬੰਧਤ ਧਿਰ ਕਰਜ਼ ਲੈ ਰਹੀ ਹੈ ਉਹ ਪਹਿਲਾਂ ਕਿਸੇ ਬੈਂਕ ਜਾਂ ਸੰਸਥਾ ਕੋਲ ਗਿਰਵੀ ਪਾਈ ਗਈ ਹੈ ਜਾਂ ਨਹੀਂ। ਇਹ ਜਾਂਚ ਕਰਜ਼ ਦੇਣ ਵਾਲੀ ਬੈਂਕ ਵੱਲੋਂ ਕਰਨੀ ਬਣਦੀ ਹੈ।


Related News