ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਨੂੰ ਸਮਾਰਟ ਬਣਾਇਆ ਜਾਏਗਾ : ਸੰਨੀ ਦਿਓਲ

02/16/2020 1:03:54 AM

ਪਠਾਨਕੋਟ,(ਆਦਿਤਿਆ, ਸ਼ਾਰਦਾ)- ਸੰਸਦ ਮੈਂਬਰ ਸੰਨੀ ਦਿਓਲ ਬੀਤੀ ਰਾਤ ਆਪਣੇ ਨਿਵਾਸ ਪਠਾਨਕੋਟ 'ਚ ਪਹੁੰਚੇ, ਜਿਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਨਗਰ ਨਿਗਮ ਮੇਅਰ ਅਨਿਲ ਵਾਸੂਦੇਵਾ, ਜ਼ਿਲਾ ਪ੍ਰਧਾਨ ਵਿਜੇ ਸ਼ਰਮਾ ਅਤੇ ਹੋਰ ਭਾਜਪਾ ਅਹੁਦੇਦਾਰਾਂ ਨਾਲ ਅੱਜ ਸਵੇਰੇ ਆਪਣੀ ਸ਼ੁਰੂਆਤ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦਾ ਦੌਰਾ ਕਰ ਕੇ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਓਵਰਬ੍ਰਿਜ ਅਤੇ ਪਲੇਟਫਾਰਮ 'ਤੇ ਕੀਤੇ ਜਾ ਰਹੇ ਆਧੁਨਿਕੀਰਨ ਦੇ ਕੰਮਾਂ ਦਾ ਜਾਇਜ਼ਾ ਲਿਆ। ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਮੁਖੀ ਅਸ਼ਵਨੀ ਸ਼ਰਮਾ ਅਤੇ ਹੋਰ ਅਧਿਕਾਰੀਆਂ ਨੇ ਸਾਂਸਦ ਦਾ ਸਵਾਗਤ ਕੀਤਾ। ਇਸ ਦੇ ਬਾਅਦ ਸੰਸਦ ਮੈਂਬਰ ਅਤੇ ਸਿਨੇ ਅਭਿਨੇਤਾ ਸੰਨੀ ਦਿਓਲ ਨੇ ਕੈਂਟ ਸਟੇਸ਼ਨ 'ਤੇ ਚੱਲ ਰਹੇ ਨਿਰਮਾਣ ਕੰਮਾਂ ਦਾ ਨਿਰੀਖਣ ਕਰਨ ਦੇ ਬਾਅਦ ਹੋਰ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਸਟੇਸ਼ਨ ਮੁਖੀ ਅਸ਼ਵਨੀ ਸ਼ਰਮਾ ਨੇ ਸੰਨੀ ਦਿਓਲ ਨੂੰ ਦੱਸਿਆ ਕਿ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਇਕੋ-ਇਕ ਅਜਿਹਾ ਸਟੇਸ਼ਨ ਹੈ, ਜੋ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲਗਦਾ ਹੋਣ ਦੇ ਕਾਰਣ ਆਪਣੀ ਅਲੱਗ ਪਛਾਣ ਰੱਖਦਾ ਹੈ ਅਤੇ ਹਰ ਰੋਜ਼ ਕਾਫੀ ਗਿਣਤੀ 'ਚ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਸੈਲਾਨੀ ਇਸ ਸਟੇਸ਼ਨ 'ਤੇ ਉਤਰ ਕੇ ਹਿਮਾਚਲ ਪ੍ਰਦੇਸ਼ ਦੀਆਂ ਹਸੀਨ ਵਾਦੀਆਂ ਦਾ ਲੁਤਫ ਲੈਣ ਲਈ ਜਾਂਦੇ ਹਨ। ਸੰਸਦ ਮੈਂਬਰ ਨੂੰ ਦੱਸਿਆ ਕਿ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਵੱਲ ਨੈਸ਼ਨਲ ਹਾਈਵੇ ਪੈਂਦਾ ਹੈ ਅਤੇ ਉਥੋਂ ਵੀ ਯਾਤਰੀਆਂ ਦਾ ਆਉਣਾ-ਜਾਣਾ ਰਹਿੰਦਾ ਹੈ ਅਤੇ ਅਜਿਹੇ 'ਚ ਉਥੇ ਕਿਸੇ ਪ੍ਰਕਾਰ ਦਾ ਗੇਟ ਅਤੇ ਚਾਰਦੀਵਾਰੀ ਨਹੀਂ ਹੈ ਅਤੇ ਫੰਡ ਦੀ ਕਮੀ ਦੇ ਕਾਰਣ ਉਕਤ ਕੰਮ ਰੁਕਿਆ ਪਿਆ ਹੈ ਅਤੇ ਸਟੇਸ਼ਨ ਦੇ ਕੰਮਾਂ ਦੀ ਗਤੀ ਨਹੀਂ ਮਿਲ ਪਾ ਰਹੀ ਹੈ। ਇਸ ਦੇ ਇਲਾਵਾ ਸਾਂਸਦ ਨੂੰ ਪਲੇਟਫਾਰਮ ਨੰਬਰ 2 ਅਤੇ ਰੇਲ ਯਾਤਰੀਆਂ ਦੇ ਚੜ੍ਹਨ ਲਈ ਐਕਸੀਲੇਟਰ ਬਣਾਉਣ, ਨਵੀਂ ਦਿੱਲੀ ਤੋਂ ਪਵਿੱਤਰ ਧਾਮ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ-ਗੱਡੀ ਦੇ ਠਹਿਰਾਅ ਦੀ ਵੀ ਮੰਗ ਰੱਖੀ। ਇਸ ਦੇ ਇਲਾਵਾ ਮੇਅਰ ਅਨਿਲ ਵਾਸੂਦੇਵਾ ਤੋਂ ਸਟੇਸ਼ਨ ਨੂੰ ਗ੍ਰਹਿਣ ਲਾ ਰਹੀਆਂ ਗੇਟ 'ਤੇ ਲੱਗੀਆਂ ਰੇਹੜੀਆਂ ਨੂੰ ਹਟਾਉਣ ਦੀ ਮੰਗ ਕੀਤੀ। ਸਾਂਸਦ ਦਿਓਲ ਨੇ ਕਿਹਾ ਕਿ ਇਸ ਸਟੇਸ਼ਨ ਨੂੰ ਵੱਡੇ-ਵੱਡੇ ਮਹਾਨਗਰਾਂ ਦੇ ਸਟੇਸ਼ਨਾਂ ਦੀ ਤਰ੍ਹਾਂ ਸਮਾਰਟ ਸਟੇਸ਼ਨ ਦੇ ਰੂਪ 'ਚ ਵਿਕਸਿਤ ਕੀਤਾ ਜਾਵੇਗਾ ਅਤੇ ਇਸ ਲਈ ਉਹ ਛੇਤੀ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਗੱਲ ਕਰਨਗੇ, ਤਾਂ ਕਿ ਉਕਤ ਸਟੇਸ਼ਨ ਨੂੰ ਪੂਰੀ ਸਹੂਲਤ ਮੁਹੱਈਆ ਹੋਣ ਦੇ ਨਾਲ-ਨਾਲ ਇਸ ਨੂੰ ਨਵੀਂ ਦਿਸ਼ਾ ਮਿਲ ਸਕੇ ਅਤੇ ਇਹ ਸਟੇਸ਼ਨ ਇਕ ਸਮਾਰਟ ਸਟੇਸ਼ਨ ਬਣ ਸਕੇ।

ਸੰਨੀ ਦਿਓਲ ਨੇ ਕਿਹਾ ਕਿ ਯਾਤਰੀਆਂ ਅਤੇ ਵਪਾਰੀਆਂ ਦੀ ਸਹੂਲਤ ਲਈ ਨਵੀਂ ਦਿੱਲੀ ਤੋਂ ਚੱਲ ਕੇ ਪਵਿੱਤਰ ਧਾਮ ਮਾਤਾ ਵੈਸ਼ਣੋ ਦੇਵੀ ਨੂੰ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਰੇਲ-ਗੱਡੀ ਦੇ ਕੈਂਟ ਸਟੇਸ਼ਨ 'ਤੇ ਠਹਿਰਾਅ ਸਬੰਧੀ ਉਨ੍ਹਾਂ ਦੀ ਰੇਲ ਮੰਤਰੀ ਪੀਯੂਸ਼ ਗੋਇਲ ਦੇ ਨਾਲ ਗੱਲਬਾਤ ਹੋ ਗਈ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕੇਂਦਰੀ ਮੰਤਰੀ ਵੱਲੋਂ ਛੇਤੀ ਇਸ ਨੂੰ ਹਰੀ ਝੰਡੀ ਦਿੱਤੀ ਜਾਵੇਗੀ। ਇਸ ਮੌਕੇ ਮੰਡਲ ਪ੍ਰਧਾਨ ਰੋਹਿਤ ਪੁਰੀ, ਅਸ਼ੋਕ ਮਹਿਤਾ ਅਤੇ ਰਾਜਨੀਤਕ ਸਲਾਹਕਾਰ ਗੁਰਪ੍ਰੀਤ ਸਿੰਘ ਪਲਹੇਰੀ ਆਦਿ ਹਾਜ਼ਰ ਸੀ।
 


Related News