ਦਲ ਖਾਲਸਾ ਦੇ ਸੈਂਕੜੇ ਪਾਰਟੀ ਕਾਰਕੁੰਨ ਹੱਥਾਂ ’ਚ ਖਾਲਸਾਈ ਝੰਡੇ ਫੜਕੇ ਸੜਕਾਂ ’ਤੇ ਉਤਰੇ

01/26/2023 2:22:05 PM

ਅੰਮ੍ਰਿਤਸਰ (ਜ.ਬ.) - ਪੰਜਾਬ ਦੀ ਪ੍ਰਭੁਸੱਤਾ ਅਤੇ ਆਜ਼ਾਦੀ ਲਈ ਪਿਛਲੇ 44 ਵਰ੍ਹਿਆਂ ਤੋਂ ਸੰਘਰਸ਼ ਕਰ ਰਹੀ ਜਥੇਬੰਦੀ ਦਲ ਖ਼ਾਲਸਾ ਵੱਲੋਂ ਸਹਿਯੋਗੀ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਖੰਡ ਕੀਰਤਨੀ ਜਥਾ ਅਤੇ ਅਕਾਲ ਫੈੱਡਰੇਸ਼ਨ ਨਾਲ ਮਿਲਕੇ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਪੰਜਾਬ ਅੰਦਰ ਰੈਫਰੈਂਡਮ ਦੀ ਮੰਗ ਕਰਦੇ ਹੋਏ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ’ਤੇ ਜੋਸ਼ ਭਰਪੂਰ ਮਾਰਚ ਕੀਤਾ ਗਿਆ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਵਿਚ ਕੋਈ ਪੰਥਕ ਜਥੇਬੰਦੀ ਰੈਫਰੈਂਡਮ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਉੱਤਰੀ ਹੋਵੇ। ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ, ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਸਕੱਤਰ ਪਰਮਜੀਤ ਸਿੰਘ ਟਾਂਡਾ, ਬੁਲਾਰੇ ਪਰਮਜੀਤ ਸਿੰਘ ਮੰਡ, ਕੰਵਰਪਾਲ ਸਿੰਘ, ਹਰਪਾਲ ਸਿੰਘ ਬਲੇਰ, ਨਰੈਣ ਸਿੰਘ ਚੌੜਾ, ਭੁਪਿੰਦਰ ਸਿੰਘ ਭਲਵਾਨ, ਭਾਈ ਬਖਸ਼ੀਸ਼ ਸਿੰਘ ਸਮੇਤ ਪਾਰਟੀਆਂ ਦੇ ਅਹੁਦੇਦਾਰਾਂ ਦੀ ਅਗਵਾਈ ਵਿਚ ਸੈਂਕੜੇ ਪਾਰਟੀ ਕਾਰਕੁੰਨਾਂ ਨੇ ਹੱਥਾਂ ਵਿਚ ਸਿੱਖ ਪ੍ਰਭੂਸੱਤਾ ਦੇ ਪ੍ਰਤੀਕ ਖਾਲਸਾਈ ਝੰਡੇ ਅਤੇ ਬੈਨਰ ਫੜਕੇ ਪੰਜਾਬ ਅੰਦਰ ਰੈਫਰੈਂਡਮ ਕਰਵਾਉਣ ਲਈ ਜੋਸ਼ ਭਰਪੂਰ ਨਾਅਰੇਬਾਜ਼ੀ ਕੀਤੀ। ਇਹ ਮਾਰਚ ਗੁਰਦੁਆਰਾ ਸੰਤੋਖਸਰ ਤੋਂ ਸ਼ੁਰੂ ਹੋ ਕੇ ਅਕਾਲ ਤਖ਼ਤ ਸਾਹਿਬ ਪਹੁੰਚਾਇਆ।

ਦਲ ਖ਼ਾਲਸਾ ਵੱਲੋਂ ਅਕਾਲ ਤਖ਼ਤ ਸਾਹਿਬ ’ਤੇ ਰੈਫਰੈਂਡਮ ਮਾਰਚ ਦੀ ਸਫਲਤਾ ਦੀ ਅਰਦਾਸ ਵੀ ਕੀਤੀ ਗਈ। ਮਾਰਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿਚ ਜਥੇਬੰਦੀ ਵੱਲੋਂ ਮਤਾ ਪਾਸ ਕੀਤਾ ਗਿਆ, ਜਿਸ ਵਿਚ ਜਥੇਬੰਦੀ ਨੇ ਸਵੈ-ਨਿਰਣੇ ਦੇ ਹੱਕ ਨੂੰ ਮਨੁੱਖੀ ਅਧਿਕਾਰ ਦੱਸਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਨਿਯਮਾਂ ਤਹਿਤ ਸਿਵਲ ਅਤੇ ਰਾਜਸੀ ਹੱਕ ਚਾਰਟਰ 1966 ਅਨੁਸਾਰ ਦੁਨੀਆ ਦੇ ਸਮੂਹ ਲੋਕ ਇਸ ਹੱਕ ਦੇ ਅਧਿਕਾਰੀ ਹਨ ਪਰ ਅਫ਼ਸੋਸ ਕਿ ਭਾਰਤੀ ਸਟੇਟ ਇਹ ਅਧਿਕਾਰ ਆਪਣੇ ਲੋਕਾਂ ਨੂੰ ਦੇਣ ਤੋਂ ਮੁਨਕਰ ਹੈ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਭਾਰਤ ਇੱਕ ਲੋਕਤੰਤਰੀ ਮੁਲਕ ਨਾ ਹੋ ਕੇ ਹਿੰਦੂ ਤਾਨਾਸ਼ਾਹ ਮੁਲਕ ਹੈ। ਮਤੇ ਰਾਹੀ ਦਲ ਖ਼ਾਲਸਾ ਨੇ ਸੰਯੁਕਤ ਰਾਸ਼ਟਰ ਦੇ ਚਾਰਟਰ 1966 ਅਧੀਨ ਸਮੂਹ ਲੋਕਾਂ ਨੂੰ ਮਿਲੇ ਸਵੈ-ਨਿਰਣੇ ਦੇ ਅਧਿਕਾਰ ਨੂੰ ਭਾਰਤ ਅੰਦਰ ਦੇਸ਼ ਦੀ ਏਕਤਾ-ਅਖੰਡਤਾ ਦੇ ਨਾਂ ਹੇਠ ਲਾਗੂ ਨਾ ਕਰਨ ਦੀ ਸਖ਼ਤ ਆਲੋਚਨਾ ਕਰਦਿਆਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਕਿ ਉਹ ਦਖਲਅੰਦਾਜ਼ੀ ਕਰ ਕੇ ਇਹ ਹੱਕ ਪੰਜਾਬ ਦੇ ਲੋਕਾਂ ਨੂੰ ਦਿਵਾਵੇ।

ਮਤੇ ਵਿਚ ਅੱਗੇ ਕਿਹਾ ਕਿ ਭਾਰਤ ਅੰਦਰ ਕਈ ਸੂਬਿਆਂ ਵਿਚ ਘੱਟ-ਗਿਣਤੀ ਨਸਲੀ ਕੌਮਾਂ ਅਤੇ ਭਾਰਤੀ ਨਿਜ਼ਾਮ ਵਿਚਾਲੇ ਪ੍ਰਭੂਸੱਤਾ ਨੂੰ ਹਾਸਲ ਕਰਨ ਲਈ ਹਥਿਆਰਬੰਦ ਸੰਘਰਸ਼ ਚੱਲ ਰਹੇ ਹਨ। ਇਨ੍ਹਾਂ ਸੰਘਰਸ਼ਾਂ ਦਾ ਸਨਮਾਨਯੋਗ ਹੱਲ ਕੇਵਲ ਸਵੈ-ਨਿਰਣੇ ਦੇ ਹੱਕ ਰਾਹੀਂ ਨਿਕਲ ਸਕਦਾ ਹੈ, ਜਿਸ ਲਈ ਤਾਕਤਵਾਰ ਮੁਲਕਾਂ ਨੂੰ ਯੂ. ਐੱਨ. ਦੀ ਅਗਵਾਈ ਹੇਠ ਵਿਚੋਲਗੀ ਕਰਨੀ ਚਾਹੀਦੀ ਹੈ। ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਿੰਦ-ਪੰਜਾਬ ਦਰਮਿਆਨ ਸ਼ਾਂਤੀ ਸਵੈ-ਨਿਰਣੇ ਦੇ ਅਧਿਕਾਰ ’ਤੇ ਟਿਕੀ ਹੈ। ਪੰਜਾਬ ਦੇ ਲੋਕ ਪਿਛਲੀ ਅੱਧੀ ਸਦੀ ਤੋਂ ਆਜ਼ਾਦੀ ਲਈ ਸੰਘਰਸ਼ ਕਰ ਰਹੇ ਹਨ ਪਰ ਹਿੰਦ ਹਕੂਮਤ ਨੇ ਹਮੇਸ਼ਾ ਹੀ ਪੰਜਾਬੀਆਂ ਦੇ ਹੱਕੀ ਅਤੇ ਜਾਇਜ਼ ਸੰਘਰਸ਼ ਨੂੰ ਆਪਣੀਆਂ ਹਥਿਆਰਬੰਦ ਫੋਰਸਾਂ ਦਾ ਇਸਤੇਮਾਲ ਕਰਦੇ ਹੋਏ ਹਿੰਸਕ ਤਰੀਕੇ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਹੈ।

ਕੰਵਰਪਾਲ ਸਿੰਘ ਨੇ ਕਿਹਾ ਕਿ ਸਵੈ ਨਿਰਣੇ ਦਾ ਹੱਕ ਯੂ. ਐੱਨ. ਰਾਹੀਂ ਮਿਲਿਆ, ਉਹ ਹੱਕ ਹੈ ਜਿਸ ਰਾਹੀਂ ਬਿਨਾ ਖੂਨ ਡੋਲਿਆ ਆਜ਼ਾਦੀ ਦੀ ਤਾਂਘ ਰੱਖਣ ਵਾਲੇ ਲੋਕਾਂ ਦਾ ਸਮੂਹ ਜਾਂ ਕੌਮ ਆਪਣੀ ਭਵਿੱਖ ਅਤੇ ਕਿਸਮਤ ਦਾ ਫੈਸਲਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਸਵੈ-ਨਿਰਣੇ ਦਾ ਅਧਿਕਾਰ ਨਾ ਦੇਣ ਅਤੇ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਧਾਰੀ ਚੁੱਪ ਕਾਰਨ ਇਨ੍ਹਾਂ ਘੱਟ-ਗਿਣਤੀ ਨਸਲੀ ਕੌਮਾਂ ਨੂੰ ਆਪਣੇ ਮਿਸ਼ਨ ਦੀ ਪੂਰਤੀ ਲਈ ਹਥਿਆਰ ਚੁੱਕਣੇ ਪੈ ਰਹੇ ਹਨ। ਇਸ ਮੌਕੇ ਰਣਵੀਰ ਸਿੰਘ ਗੀਗਨਵਾਲ, ਗੁਰਦੀਪ ਸਿੰਘ ਕਾਲਕਟ, ਕੁਲਦੀਪ ਸਿੰਘ ਰਜਧਾਨ, ਸੁਰਜੀਤ ਸਿੰਘ ਖ਼ਾਲਿਸਤਾਨੀ, ਜਗਜੀਤ ਸਿੰਘ ਖੋਸਾ, ਦਿਲਬਾਗ ਸਿੰਘ ਗੁਰਦਾਸਪੁਰ, ਗੁਰਵਿੰਦਰ ਸਿੰਘ ਭੁਲੱਥ, ਬਹਾਦਰ ਸਿੰਘ ਗੁਰਾਇਆ, ਗੁਰਵਿੰਦਰ ਸਿੰਘ ਬਠਿੰਡਾ, ਰਾਜਵਿੰਦਰ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਖੁੱਡਾ, ਗੁਰਨਾਮ ਸਿੰਘ ਮੂਨਕਾਂ, ਸੁਖਵਿੰਦਰ ਸਿੰਘ ਫੱਤੇਵਾਲ, ਪ੍ਰਭਜੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।


Harinder Kaur

Content Editor

Related News