ਪੰਚਾਇਤੀ ਚੋਣਾਂ ''ਚ ਸਰਕਾਰ ਨੇ ਕਾਗਜ਼ ਰੱਦ ਕਰਵਾ ਲੋਕਤੰਤਰ ਦਾ ਕੀਤਾ ਘਾਣ : ਮਜੀਠੀਆ

01/11/2019 8:50:21 PM

ਗੁਰੂ ਕਾ ਬਾਗ,(ਭੱਟੀ)— ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾਰਜ ਜੋਧ ਸਿੰਘ ਸਮਰਾ ਤੇ ਸਰਕਲ ਝੰਡੇਰ ਦੇ ਪ੍ਰਧਾਨ ਸਵਿੰਦਰ ਸਿੰਘ ਸੈਸਰਾ ਦੀ ਅਗਵਾਈ ਹੇਠ ਸੈਸਰਾ ਕਲਾਂ ਦਰਜਨ ਭਰ ਪਿੰਡਾਂ ਦੇ ਅਕਾਲੀ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਪਿੰਡ ਦਾਲਮ ਵਿਖੇ ਕੀਤੀ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਪੰਚਾਇਤੀ ਚੋਣਾਂ 'ਚ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਅੱਜ ਤੱਕ ਦੀ ਸਭ ਤੋ ਨਿਕੰਮੀ ਸਰਕਾਰ ਸਾਬਤ ਹੋਈ ਹੈ। ਜਿਸ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋ ਅਸਮਰਥ ਰਹਿਣ ਕਾਰਨ ਆਪਣੀ ਖੱਲ ਬਚਾਉਣ ਦੀ ਖਾਤਰ ਸ਼ਰੇਆਮ ਪਿੰਡਾਂ 'ਚ ਸਰਪੰਚੀ ਤੇ ਪੰਚੀ ਲਈ ਖੜੇ ਹੋਏ ਉਮੀਦਵਾਰਾਂ ਦੇ ਵੱਡੇ ਪੱਧਰ ਤੇ ਕਾਗਜ਼ ਰੱਦ ਕਰਵਾ ਕੇ ਲੋਕਤੰਤਰ ਦਾ ਘਾਣ ਕੀਤਾ ਹੈ।

ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਕੈਪਟਨ ਸਰਕਾਰ ਨੂੰ ਬੁਰੀ ਤਰਾਂ ਨਾਲ ਕੋਸ ਰਿਹਾ ਹੈ। ਕਿ ਸਰਕਾਰ ਨੇ ਹਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਆਪਣੇ 2 ਸਾਲ ਦੇ ਕਾਰਜਕਾਲ ਦੌਰਾਨ ਇੱਕ ਵੀ ਨੌਕਰੀ ਨਹੀ ਦਿੱਤੀ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋ ਸ਼ੁਰੂ ਕੀਤੀਆਂ ਸਕੀਮਾਂ ਜਿਵੇ ਆਟਾ ਦਾਲ, ਸ਼ਗਨ ਸਕੀਮ, ਪੈਨਸ਼ਨਾਂ, ਲੜਕੀਆਂ ਨੂੰ ਮੁਫਤ ਸਾਈਕਲ, ਮੁਫਤ ਕਿਤਾਬਾ, ਮੁਫਤ ਵਰਦੀਆਂ ਤੇ ਹੋ ਲੋਕ ਭਲਾਈ ਦੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ। ਜਦ ਕਿ ਬਿਜਲੀ ਦੇ ਰੇਟ ਦੁੱਗਣੇ ਕਰ ਦਿੱਤੇ ਗਏ ਹਨ। ਜਿਸ ਨਾਲ ਗਰੀਬ ਲੋਕਾਂ ਦਾ ਜੀਣਾਂ ਮੁਹਾਲ ਹੋ ਗਿਆ ਹੈ। ਉਹਨਾਂ ਕਿਹਾ ਕਿ ਲੋਕ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਇਹਨਾਂ ਵਧੀਕੀਆਂ ਦਾ ਜਵਾਬ ਲੋਕ ਸਭਾ ਚੋਣਾ ਵਿੱਚ ਦੇਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਬਰ ਜਥੇ: ਕੁਲਦੀਪ ਸਿੰਘ ਤੇੜਾ, ਸਰੰਪਚ ਧੰਨਬੀਰ ਸਿੰਘ ਸਰਕਾਰੀਆ, ਸੱਤ ਕੰਦੋਵਾਲੀ, ਪਟਵਾਰੀ ਨਰਿੰਦਰ ਸਿੰਘ, ਸਰਪੰਚ ਗੁਰਿੰਦਰ ਸਿੰਘ ਸਾਬੀ, ਪ੍ਰਧਾਨ ਗੁਰਵਿੰਦਰ ਸਿੰਘ ਲਸ਼ਕਰੀ ਨੰਗਲ, ਉਮਰਜੀਤ ਸਿੰਘ ਘੁੱਕੇਵਾਲੀ, ਧਨਵੰਤ ਸਿੰਘ ਧੰਨਾਂ ਸੈਸਰਾ, ਮਾਸਟਰ ਪ੍ਰੀਤ ਸਿੰਘ ਬਰਲਾਸ, ਬ੍ਰਹਮ ਸਿੰਘ ਝੰਡੇਰ, ਪੰਚ ਦਿਲਬਾਗ ਸਿੰਘ , ਪੰਚ ਹਰਜਿੰਦਰ ਸਿੰਘ, ਜੋਧਾ ਸਿੰਘ ਸੈਸਰਾ, ਹਰਮੇਸ਼ ਸਿੰਘ ਆਦਿ ਆਗੂ ਹਾਜਰ ਸਨ।


Related News