ਵੋਟ ਪਾ ਕੇ ਪੂਰੀ ਕਰੋ ਲੋਕਤੰਤਰ ਲਈ ਜ਼ਿੰਮੇਵਾਰੀ

03/31/2024 4:43:55 PM

ਚੋਣ ਕਮਿਸ਼ਨ ਦੀ ਰਿਪੋਰਟ ਅਨੁਸਾਰ ਪਿਛਲੀਆਂ ਚੋਣਾਂ ’ਚ ਭਾਰਤ ਦੇ ਤਕਰੀਬਨ ਇਕ ਤਿਹਾਈ ਲੋਕਾਂ ਨੇ ਆਪਣੀ ਵੋਟ ਦੀ ਵਰਤੋਂ ਨਹੀਂ ਕੀਤੀ ਸੀ। ਵੋਟ ਨਾ ਪਾਉਣ ਵਾਲਿਆਂ ’ਚ ਨੌਜਵਾਨ, ਅਮੀਰ ਅਤੇ ਸ਼ਹਿਰੀ ਆਬਾਦੀ ਵਾਲੇ ਲੋਕ ਸ਼ਾਮਲ ਸਨ। ਭਾਰਤ ਮੌਜੂਦਾ ਸਮੇਂ ’ਚ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇਸ ਦੇਸ਼ ’ਚ 1962 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਵੋਟਰਾਂ ਦੀ ਗਿਣਤੀ ’ਚ 4 ਗੁਣਾ ਵਾਧਾ ਹੋਇਆ ਹੈ। ਚੋਣ ਕਮਿਸ਼ਨ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਭਾਰਤ ’ਚ ਲਗਭਗ 94.5 ਕਰੋੜ ਵੋਟਰ ਰਜਿਸਟਰਡ ਹੋਏ, ਇਨ੍ਹਾਂ ’ਚੋਂ ਇਕ ਤਿਹਾਈ ਲੋਕਾਂ ਨੇ ਲੋਕ ਸਭਾ ਚੋਣਾਂ 2019 ’ਚ ਆਪਣੀ ਵੋਟ ਦੀ ਵਰਤੋਂ ਹੀ ਨਹੀਂ ਕੀਤੀ। ਪੂਰੇ ਦੇਸ਼ ’ਚ 19 ਅਪ੍ਰੈਲ ਤੋਂ 1 ਜੂਨ 2024 ਤੱਕ 7 ਪੜਾਵਾਂ ’ਚ ਚੋਣਾਂ ਕਰਵਾਈਆਂ ਜਾਣਗੀਆਂ। 4 ਜੂਨ ਨੂੰ ਲੋਕ ਸਭਾ ਚੋਣਾਂ 2024 ਦਾ ਨਤੀਜਾ ਜਾਰੀ ਕੀਤਾ ਜਾਵੇਗਾ।

ਨੌਜਵਾਨ ਅਤੇ ਸ਼ਹਿਰੀ ਅਮੀਰਾਂ ਨੂੰ ਨਹੀਂ ਹੈ ਵੋਟਿੰਗ ’ਚ ਰੁਚੀ?

ਭਾਰਤੀ ਚੋਣ ਕਮਿਸ਼ਨ ਮੁਤਾਬਕ ਭਾਰਤ ਦੇ ਲਗਭਗ 30 ਕਰੋੜ ਲੋਕਾਂ ਨੇ ਲੋਕ ਸਭਾ ਚੋਣਾਂ 2019 ’ਚ ਆਪਣੀ ਵੋਟ-ਮਹਾਦਾਨ ਦੀ ਵਰਤੋਂ ਨਹੀਂ ਕੀਤੀ ਸੀ। ਚੋਣ ਕਮਿਸ਼ਨ ਨੇ ਵੀ ਮੰਨਿਆ ਕਿ ਸ਼ਹਿਰੀ ਖੇਤਰ ਦੇ ਲੋਕ ਪਿਛਲੀਆਂ ਲੋਕ ਸਭਾ ਚੋਣਾਂ ’ਚ ਵੱਡੀ ਗਿਣਤੀ ’ਚ ਵੋਟ ਪਾਉਣ ਬੂਥਾਂ ’ਤੇ ਨਹੀਂ ਗਏ ਸਨ। ਇੰਨੀ ਵੱਡੀ ਗਿਣਤੀ ’ਚ ਲੋਕਾਂ ਦਾ ਵੋਟ ਪਾਉਣ ਨਾ ਜਾਣਾ, ਭਾਰਤ ਵਰਗੇ ਵੱਡੇ ਲੋਕਤੰਤਰ ਲਈ ਬਿਲਕੁਲ ਵੀ ਚੰਗਾ ਸੰਕੇਤ ਨਹੀਂ ਹੈ। ਪਿਛਲੀਆਂ ਲੋਕ ਸਭਾ ਚੋਣਾਂ ’ਚ ਵੋਟਰਾਂ ਦੀ ਦੂਰੀ ਕਾਰਨ ਚੋਣ ਕਮਿਸ਼ਨ ਨੇ ਅਵੇਅਰਨੈੱਸ ਕੈਂਪੇਨ ਰਾਹੀਂ ਵੋਟਰ ਟਰਨਆਊਟ ਨੂੰ 75 ਤੋਂ 80 ਫੀਸਦੀ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ।

ਸਿਆਸਤ ਦਾ ਪੱਧਰ ਉੱਠੇ ਤਾਂ ਖੁਦ ਵਧੇਗੀ ਵੋਟਿੰਗ

ਵੋਟ ਫੀਸਦੀ ਵਧਾਉਣ ਲਈ ਕਈ ਵਿਸ਼ਿਆਂ ’ਤੇ ਇਕੱਠਿਆਂ ਜ਼ੋਰ ਦੇਣਾ ਪਵੇਗਾ। ਵੋਟਰਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਿਆਸਤ ਦਾ ਪੱਧਰ ਵੀ ਉੱਚਾ ਕਰਨਾ ਪਵੇਗਾ। ਇਹ ਦੋਵੇਂ ਇਕ-ਦੂਜੇ ਨਾਲ ਜੁੜੇ ਵਿਸ਼ੇ ਹਨ। ਚੋਣ ਜਿੱਤਣ ਪਿੱਛੋਂ ਆਗੂ ਖੇਮਾ ਬਦਲ ਲੈਂਦੇ ਹਨ। ਜਿਸ ਪਾਰਟੀ ਦੇ ਵਿਰੋਧ ’ਚ ਆਗੂ ਚੋਣ ਲੜਦੇ ਹਨ, ਜਿੱਤਣ ਪਿੱਛੋਂ ਉਸੇ ਪਾਰਟੀ ਨਾਲ ਰਲ ਕੇ ਸਰਕਾਰ ਬਣਾ ਲੈਂਦੇ ਹਨ। ਜਿਸ ਆਗੂ ਦੀ ਦਿਨ-ਰਾਤ ਆਲੋਚਨਾ ਕਰਦੇ ਹਨ, ਕੁਰਸੀ ਹਾਸਲ ਕਰਨ ਲਈ ਉਸੇ ਨੂੰ ਆਪਣਾ ਆਗੂ ਮੰਨ ਲੈਂਦੇ ਹਨ। ਦੇਸ਼ ਅੰਦਰ ਅਜਿਹਾ ਲਗਾਤਾਰ ਹੋ ਰਿਹਾ ਹੈ।

ਆਗੂ ਜਨਤਕ ਤੌਰ ’ਤੇ ਇੱਥੋਂ ਤੱਕ ਕਹਿਣ ਤੋਂ ਪਰਹੇਜ਼ ਨਹੀਂ ਕਰਦੇ ਹਨ ਕਿ ਸਿਆਸਤ ’ਚ ਸਭ ਕੁਝ ਚੱਲਦਾ ਹੈ। ਕੀ ਸੱਤਾ ਹਾਸਲ ਕਰਨ ਲਈ ਵਿਚਾਰਾਂ ਨੂੰ ਤਿਲਾਂਜਲੀ ਦੇਣੀ ਸਿਆਸਤ ਹੈ? ਰਾਤੋਂ-ਰਾਤ ਜਾਂ ਕੁਝ ਪਲ ’ਚ ਹੀ ਦਲ-ਬਦਲ ਕਰ ਲੈਣਾ ਜਾਂ ਗੱਠਜੋੜ ਬਣਾ ਲੈਣਾ ਸਿਆਸਤ ਹੈ? 5 ਸਾਲ ਜਾਂ 10 ਸਾਲ ਤੱਕ ਇਕ ਆਗੂ ਕਿਸੇ ਪਾਰਟੀ ’ਚ ਰਹਿ ਕੇ ਸੱਤਾ ਦਾ ਸਵਾਦ ਚੱਖਦਾ ਹੈ। ਜਦ ਉਸ ਨੂੰ ਲੱਗਦਾ ਹੈ ਕਿ ਅੱਗੇ ਚੋਣਾਂ ਹਾਰ ਜਾਵੇਗਾ ਤਾਂ ਉਹ ਪਾਰਟੀ ਬਦਲ ਲੈਂਦਾ ਹੈ। ਫਿਰ ਜਿਸ ਪਾਰਟੀ ’ਚ ਇਕ ਦਹਾਕੇ ਤੱਕ ਰਿਹਾ, ਉਸ ਦੀ ਆਲੋਚਨਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਆਗੂਆਂ ’ਤੇ ਵੋਟਰਾਂ ਦਾ ਭਰੋਸਾ ਕਮਜ਼ੋਰ ਹੋਇਆ ਹੈ। ਇਹ ਲੋਕਤੰਤਰੀ ਵਿਵਸਥਾ ਲਈ ਸੁਖਦ ਸੰਕੇਤ ਨਹੀਂ ਹੈ।

ਸਿਆਸਤ ’ਚ ਸਿਧਾਂਤ ਨੂੰ ਉੱਪਰ ਲਿਆਉਣਾ ਪਵੇਗਾ

ਲੋਕਾਂ ’ਚ ਵੋਟਿੰਗ ਲਈ ਉਦਾਸੀਨਤਾ ਦੂਰ ਕਰਨ ਲਈ ਸਿਆਸਤ ’ਚ ਸਿਧਾਂਤ ਨੂੰ ਉੱਪਰ ਲਿਆਉਣ ਪਵੇਗਾ। ਰਾਸ਼ਟਰ ਨੂੰ ਧਿਆਨ ’ਚ ਰੱਖਦਿਆਂ ਸਿਆਸਤ ਕਰਨੀ ਪਵੇਗੀ, ਦਲ-ਬਦਲ ਕਰਨ ਤੋਂ ਪਹਿਲਾਂ ਸੋਚਣਾ ਪਵੇਗਾ ਕਿ ਜਿਸ ਨੇ ਮੈਨੂੰ ਵੋਟ ਪਾਈ ਹੈ, ਉਸ ਦੇ ਦਿਲ-ਦਿਮਾਗ ’ਤੇ ਕੀ ਪ੍ਰਭਾਵ ਪਵੇਗਾ। ਆਗੂ ਇਕ ਪਲ ’ਚ ਬਦਲ ਜਾਂਦੇ ਹਨ ਪਰ ਵੋਟਰਾਂ ਨੂੰ ਬਦਲਣ ’ਚ ਬਹੁਤ ਸਮਾਂ ਲੱਗ ਜਾਂਦਾ ਹੈ। ਵੋਟ ਫੀਸਦੀ ਵਧਾਉਣ ਲਈ ਜ਼ਰੂਰੀ ਹੈ ਕਿ ਆਗੂ ਵੋਟਰਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ। ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਨ।

ਤੋੜਨੀ ਪਵੇਗੀ ਉਦਾਸੀਨ ਰਵੱਈਏ ਦੀ ਕੜੀ

ਸਾਬਕਾ ਸੂਬਾ ਚੋਣ ਕਮਿਸ਼ਨਰ ਐੱਸ. ਕੇ. ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਦੇਸ਼ ਸਾਡਾ ਹੈ, ਜਨਤੰਤਰ ਸਾਡਾ ਹੈ। ਇਸ ਜਨਤੰਤਰ ’ਚ ਵੋਟ ਦੀ ਤਾਕਤ ਸਭ ਤੋਂ ਵੱਡੀ ਹੁੰਦੀ ਹੈ। ਇਸ ਵੋਟ ਦੀ ਤਾਕਤ ਨਾਲ ਅਸੀਂ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਚੁਣਦੇ ਹਾਂ। ਇਸ ਲਈ ਵੋਟ ਪਾਉਣੀ 18 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ। ਵੋਟ ਨਾ ਪਾਉਣ ਦਾ ਮਤਲਬ ਹੈ ਕਿ ਆਪਣੀ ਲੋਕਤੰਤਰੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਰਹੇ ਹਾਂ। ਇਸ ਲਈ ਚੋਣਾਂ ਨੂੰ ਗੰਭੀਰਤਾ ਨਾਲ ਲੈ ਕੇ ਹਰ ਵੋਟਰ ਨੂੰ ਉਸ ’ਚ ਹਿੱਸਾ ਲੈਣਾ ਚਾਹੀਦਾ ਹੈ। ਜਿਸ ਤਰ੍ਹਾਂ ਅਸੀਂ ਸਾਰੇ ਆਪਣੇ ਰੋਜ਼ਾਨਾ ਦੇ ਕੰਮਕਾਰ ’ਚੋਂ ਸਮਾਂ ਕੱਢ ਕੇ ਆਪਣੀ ਧਾਰਮਿਕ ਆਸਥਾ ਅਨੁਸਾਰ ਧਾਰਮਿਕ ਸਥਾਨਾਂ ’ਤੇ ਜਾਂਦੇ ਹਾਂ ਅਤੇ ਸੁੱਖ ਤੇ ਖੁਸ਼ਹਾਲੀ ਲਈ ਕਾਮਨਾ ਕਰਦੇ ਹਾਂ, ਇਸ ਤਰ੍ਹਾਂ ਸੰਸਦ ਸਾਡੇ ਲੋਕਤੰਤਰ ਦਾ ਮੰਦਰ ਹੈ। ਇਹ ਚੋਣਾਂ ਇਸ ਲੋਕਤੰਤਰ ਦਾ ਤਿਉਹਾਰ ਹਨ। ਇਸੇ ਤਰ੍ਹਾਂ ਇਸ ਜ਼ਿੰਮੇਵਾਰੀ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ।

ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਦੇ ਸ਼ਬਦਾਂ ’ਚ ਉਦਾਸੀਨਤਾ ਨੂੰ ਤਿਆਗ ਕੇ ਵੋਟ ਫੀਸਦੀ ਵਧਾਉਣ ਦੀ ਦਿਸ਼ਾ ’ਚ ਹੋਣ ਵਾਲੇ ਸਾਰੇ ਯਤਨਾਂ ’ਚ ਚੋਣ ਕਰਵਾਉਣ ਵਾਲੀਆਂ ਵਿਵਸਥਾਵਾਂ ਅਤੇ ਵਿਅਕਤੀਆਂ ਨਾਲ ਸਾਡਾ ਸਹਿਯੋਗ ਹੋਣਾ ਚਾਹੀਦਾ ਹੈ ਪਰ ਚੋਣਾਂ ’ਚ ਵੋਟਾਂ ਪਾਉਣ ਨਾਲ ਹੀ ਅਤੇ ਸਾਰਾ ਭਾਰ ਚੁਣੇ ਹੋਏ ਲੋਕਾਂ ਦੇ ਸਿਰ ’ਤੇ ਸੁੱਟ ਦੇਣ ਨਾਲ ਸਾਡਾ ਕਰਤੱਵ ਖਤਮ ਨਹੀਂ ਹੋ ਜਾਂਦਾ, ਸਗੋਂ ਚੋਣਾਂ ਪਿੱਛੋਂ ਉਮੀਦਵਾਰ ਦੇ ਕਾਰਜਾਂ ’ਤੇ ਨਜ਼ਰ ਰੱਖਦਿਆਂ ਉਸ ਨੂੰ ਸਿੱਧਾ ਪਟੜੀ ’ਤੇ ਰੱਖਣ ਦੀ ਜ਼ਿੰਮੇਵਾਰੀ ਵੀ ਜਨਤਾ ਦੀ ਹੁੰਦੀ ਹੈ।

ਸੁਖਦੇਵ ਵਿਸ਼ਿਸ਼ਟ


Tanu

Content Editor

Related News