ਓਵਰਲੋਡ ਤੂੜੀ ਨਾਲ ਭਰੇ ਟਰੱਕ ਨੇ ਖੰਭੇ ਨੂੰ ਪਹੁੰਚਾਇਆ ਨੁਕਸਾਨ, ਇਲਾਕੇ ਨੂੰ 18 ਘੰਟਿਆਂ ਬਾਅਦ ਨਸੀਬ ਹੋਈ ਬਿਜਲੀ
Friday, Feb 02, 2024 - 12:09 PM (IST)
ਤਰਨਤਾਰਨ (ਰਮਨ)- ਸੜਕਾਂ ਉੱਪਰ ਰਾਤ ਸਮੇਂ ਚੱਲਣ ਵਾਲੇ ਓਵਰਲੋਡ ਵਾਹਨਾਂ ਕਰ ਕੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਨੂੰ ਰੋਕਣ ’ਚ ਸਬੰਧਿਤ ਮਹਿਕਮਾ ਅਸਫ਼ਲ ਸਾਬਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਇਕ ਓਵਰਲੋਡ ਤੂੜੀ ਨਾਲ ਭਰੇ ਟਰੱਕ ਦੇ ਤਰਨਤਰਨ-ਜੰਡਿਆਲਾ ਗੁਰੂ ਰੋਡ ਉੱਪਰ ਹਾਦਸਾਗ੍ਰਸਤ ਹੋਣ ਕਾਰਨ ਬਿਜਲੀ ਦਾ ਖੰਭਾ ਨੁਕਸਾਨਿਆ ਗਿਆ, ਜਿਸ ਕਾਰਨ ਆਸ-ਪਾਸ ਦੇ ਇਲਾਕੇ ’ਚ ਜਿੱਥੇ ਕਈ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੀ, ਉਥੇ ਹੀ ਅੱਧੀ ਦਰਜਨ ਤੋਂ ਵੱਧ ਸ਼ੈਲਰ ਕਰੀਬ 18 ਘੰਟੇ ਤੱਕ ਬਿਜਲੀ ਸਪਲਾਈ ਨਾ ਮਿਲਣ ਕਾਰਨ ਬੰਦ ਰਹੇ।
ਇਹ ਵੀ ਪੜ੍ਹੋ : ਬਾਰਿਸ਼ ਤੇ ਸੀਤ ਲਹਿਰ ਨੇ ਮੁੜ ਛੇੜੀ ਕੰਬਣੀ, ਮੌਸਮ ਵਿਭਾਗ ਵੱਲੋਂ ਅਜੇ ਵੀ ਸੰਘਣੀ ਧੁੰਦ ਪੈਣ ਦੇ ਆਸਾਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ, ਸੀਨੀਅਰ ਮੀਤ ਪ੍ਰਧਾਨ ਨਵੀਨ ਗੁਪਤਾ ਸੋਨੂ, ਸੀਨੀਅਰ ਮੈਂਬਰ ਸੁਨੀਲ ਕੁਮਾਰ ਸੱਤ ਦੇਵ ਸ਼ੈਲਰ ਵਾਲਿਆਂ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਤਰਨਤਾਰਨ ਤੋਂ ਜੰਡਿਆਲਾ ਗੁਰੂ ਰੋਡ ਉੱਪਰ ਨਜ਼ਦੀਕ ਕੱਦਗਿਲ ਪਿੰਡ ਵਿਖੇ ਇਕ ਤੂੜੀ ਨਾਲ ਓਵਰਲੋਡ ਹੋਏ ਟਰੱਕ ਦੇ ਹਾਦਸਾਗ੍ਰਸਤ ਹੋਣ ਕਾਰਨ ਬਿਜਲੀ ਦਾ ਖੰਭਾ ਨੁਕਸਾਨਿਆ ਗਿਆ, ਜਿਸ ਕਰ ਕੇ ਬੀਤੀ ਰਾਤ ਕਰੀਬ 11 ਵਜੇ ਤੋਂ ਇਲਾਕੇ ਦੀ ਸਾਰੀ ਬਿਜਲੀ ਸਪਲਾਈ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੱਦਗਿੱਲ ਵਿਖੇ ਮੌਜੂਦ ਕਰੀਬ ਅੱਧੀ ਦਰਜਨ ਸ਼ੈਲਰ ਬਿਜਲੀ ਤੋਂ ਵਾਂਝੇ ਰਹਿਣ ਕਰ ਕੇ ਬੰਦ ਰਹੇ, ਜਿਸ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਇਸ ਬਿਜਲੀ ਸਪਲਾਈ ਨੂੰ ਚਾਲੂ ਕਰਨ ਲਈ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਕਾਫ਼ੀ ਮਿਹਨਤ ਕਰਨੀ ਪਈ ਅਤੇ ਕਰੀਬ 18 ਘੰਟੇ ਬਾਅਦ ਬਿਜਲੀ ਸਪਲਾਈ ਚਾਲੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਓਵਰਲੋਡ ਵਾਹਨ ਕਾਰਨ ਲੋਕਾਂ ਅਤੇ ਵਪਾਰੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਰੋਸ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਰਾਤ ਸਮੇਂ ਓਵਰਲੋਡ ਵਾਹਨਾਂ ਨੂੰ ਰੋਕਣ ’ਚ ਸਬੰਧਤ ਵਿਭਾਗ ਨਾਕਾਮ ਸਾਬਤ ਹੋ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਅਜਿਹੇ ਵਾਹਨਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ।
ਇਹ ਵੀ ਪੜ੍ਹੋ : ਜਨਵਰੀ ਦੇ ਆਖ਼ਰੀ ਦਿਨ ਹੋਈ ਬਾਰਿਸ਼ ਨੇ ਮੁੜ ਛੇੜੀ ਕੰਬਣੀ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8