ਸਿਵਲ ਹਸਪਤਾਲ ’ਚ 2452 ਡੋਪ ਟੈਸਟਾਂ ’ਚੋਂ 243 ਆਏ ਪਾਜ਼ੇਟਿਵ

Sunday, Nov 25, 2018 - 01:37 AM (IST)

ਤਰਨਤਾਰਨ,   (ਰਮਨ)-  ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ, ਜਿਸ ’ਚ ਮਰਦ ਅਤੇ ਅੌਰਤ ਨੂੰ ਅਸਲੇ ਸਬੰਧੀ ਨਵੇਂ ਲਾਇਸੈਂਸ ਪ੍ਰਾਪਤ ਕਰਨ ਅਤੇ ਉਸ ਦੇ ਰੀਨਿਊ ਸਬੰਧੀ ਪਹਿਲਾਂ ਸਿਹਤ ਵਿਭਾਗ ਵੱਲੋਂ ਡੋਪ ਟੈਸਟ ਅਤੇ ਮੈਡੀਕਲ ਫਿਟਨੈੱਸ ਦੀ ਰਿਪੋਰਟ ਲਾਜ਼ਮੀ ਕੀਤੀ ਜਾ ਚੁੱਕੀ ਹੈ, ਜਿਸ ਤਹਿਤ ਸਥਾਨਕ ਸਿਵਲ ਹਸਪਤਾਲ ’ਚ ਡੋਪ ਟੈਸਟ ਕੀਤਾ ਜਾਂਦਾ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਹੁਣ ਤਕ 2452 ਅਸਲਾ ਧਾਰਕਾਂ ਦੇ ਡੋਪ ਟੈਸਟ ਕੀਤੇ ਜਾ ਚੁੱਕੇ ਹਨ, ਜਿਸ ਵਿਚ 243 ਟੈਸਟ ਪਾਜ਼ੇਟਿਵ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਆਏ ਟੈਸਟ ’ਚ ਬੈਂਜੋਡਾਈਜੀਪਾਈਨਸ ਦੇ ਜ਼ਿਆਦਾ  ਕਣ ਪਾਏ ਗਏ ਹਨ। ਇਨ੍ਹਾਂ ਡੋਪ ਟੈਸਟਾਂ ਤੋਂ ਇਹ ਸਾਬਤ ਹੁੰਦਾ ਹੈ ਕਿ  ਜ਼ਿਲੇ ’ਚ 10 ਫੀਸਦੀ ਲੋਕ ਨਸ਼ੇ ਦੇ ਆਦੀ ਹਨ, ਜਾਂ ਫਿਰ ਉਹ ਕਿਸੇ ਨਸ਼ੇ ਵਾਲੀ ਦਵਾਈ ਦਾ ਸੇਵਨ ਕਰਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਲੈਬਾਰਟਰੀ ਟੈਕਨੀਸ਼ੀਅਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਸਲਾ ਧਾਰਕਾਂ ਦੇ ਪੇਸ਼ਾਬ ਰਾਹੀਂ ਡੋਪ ਟੈਸਟ ਕੀਤਾ ਜਾਂਦਾ ਹੈ, ਜਿਸ ਦੀ ਸਰਕਾਰੀ ਫੀਸ 1500 ਰੁਪਏ ਵਸੂਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ 2452 ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 243 ਟੈਸਟ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕੀਤੇ ਜਾਣ ਵਾਲੇ ਡੋਪ ਟੈਸਟ ’ਚ ਮਾਰਫਿਨ, ਕੋਡੀਨ, ਡੀ-ਪ੍ਰੋਕਸੀਫੈਨ, ਬੈਂਜੋਡਾਈਜੀਪਾਈਨਸ, 9-ਟੈਟਰਾ ਹਾਈਡਰੋ ਕੈਨਾਬੀਨੋਲ (ਟੀ. ਐੱਚ. ਸੀ.), ਬਾਰਬੀਟੂਰੇਟਸ, ਕੋਕੇਨ, ਐਮਹੇਟਾਮਾਈਨਸ, ਬੁਪਰੀਨੋਰਫਿਨ ਤੇ ਟਰਾਮਾਡੇਲ ਸ਼ਾਮਲ ਹਨ।   
 


Related News